ਸੁਰੱਖਿਅਤ ਭਾਈਚਾਰਾ: ਸਾਡਾ ਦੇਸ਼-ਸਾਡੀ ਪੁਲਿਸ – ਨਿਊਜ਼ੀਲੈਂਡ ਪੁਲਿਸ ਦੇ ਵਿਚ ਗੁਰਦਾਸਪੁਰ ਤੋਂ ਹਰਮਨਜੋਤ ਤੇ ਇਟਲੀ ਤੋਂ ਆਈ ਜਸਲੀਨ ਸ਼ਾਮਿਲ – -ਜਿਸ ਦੇਸ਼ ਨੇ ਬਹੁਤ ਕੁਝ ਦਿੱਤਾ, ਉਸ ਨੂੰ ਕੁਝ ਵਾਪਿਸ ਕਰਨ ਦਾ ਹੈ ਉਦੇਸ਼

-ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ, 09 ਫਰਵਰੀ, 2023: ਨਿਊਜ਼ੀਲੈਂਡ ਪੁਲਿਸ ਦੇਸ਼ ਦੇ ਦੋ ਟਾਪੂਆਂ ’ਚ 12 ਪੁਲਿਸ ਜ਼ਿਲ੍ਹਿਆਂ ਦੇ ਵਿਚ ਆਪਣੀ ਵੰਡ ਕਰਕੇ ਦੇਸ਼ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਨਾਲ ਕੰਮ ਕਰਦੀ ਹੈ। ਉਤਰੀ ਟਾਪੂ ਦੇ ਵਿਚ 9 ਪੁਲਿਸ ਜ਼ਿਲ੍ਹੇ ਹਨ ਅਤੇ ਦੱਖਣੀ ਟਾਪੂ ਦੇ ਵਿਚ 3 ਜ਼ਿਲ੍ਹੇ ਹਨ। ਔਕਲੈਂਡ ਸਿਟੀ ਜ਼ਿਲ੍ਹਾ ਭਾਵੇਂ ਭੂਗੋਲਿਕ ਪੱਖੋਂ ਦੂਜੇ ਜ਼ਿਲ੍ਹਿਆ ਨਾਲੋਂ ਛੋਟਾ ਹੈ, ਪਰ ਆਬਾਦੀ ਪੱਖੋਂ ਕਾਫੀ ਵੱਡਾ ਹੈ। ਇਥੇ ਲਗਪਗ 1000 ਪੁਲਿਸ ਸਟਾਫ ਕੰਮ ਕਰਦਾ ਹੈ। ਇਥੇ ਪੁਲਿਸ ਸਟਾਫ ਦੀ ਅਕਸਰ ਲੋੜ ਵੀ ਰਹਿੰਦੀ ਹੈ ਅਤੇ ਪੁਲਿਸ ਦੀ ਕੋਸ਼ਿਸ਼ ਵੀ ਹੁੰਦੀ ਹੈ ਕਿ ਹੋਰ ਵੱਖ-ਵੱਖ ਕਮਿਊਨਿਟੀਆਂ ਦੇ ਨੌਜਵਾਨ ਪੁਲਿਸ ਦੇ ਵਿਚ ਭਰਤੀ ਹੋਣ, ਕਿਉਂਕਿ ਇਹ ਮੁਲਕ ਬਹੁ-ਸਭਿਆਚਾਰਕ ਸਾਂਝ ਰੱਖਣ ਵਾਲਾ ਦੇਸ਼ ਹੈ।

ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਪਿਛਲੇ ਦਿਨੀਂ ਰਾਜਧਾਨੀ ਵਲਿੰਗਟਨ ਵਿਖੇ ਸਥਿਤ ਪੁਲਿਸ ਟ੍ਰੇਨਿੰਗ ਕਾਲਜ ਵਿਖੇ 362ਵੇਂ ਵਿੰਗ ਦੀ ਪਾਸਿੰਗ ਆਊਟ ਹੋਈ। ਇਸ ਦੇ ਵਿਚ 54 ਨਵੇਂ ਪੁਲਿਸ ਕਾਂਸਟੇਬਲ ਟ੍ਰੇਨਿੰਗ (ਗ੍ਰੈਜੂਏਸ਼ਨ) ਕਰਕੇ ਪੁਲਿਸ ਵਿਚ ਸ਼ਾਮਿਲ ਹੋਏ। ਇਸ ਪੂਲ ਦੇ ਵਿਚ ਤਿੰਨ ਪੰਜਾਬੀ ਮੂਲ ਦੇ ਨਵੇਂ ਪੁਲਿਸ ਅਫਸਰ ਵੀ ਸ਼ਾਮਿਲ ਹੋਏ। ਜਿਨ੍ਹਾਂ ਵਿਚੋਂ ਦੋ ਨਾਲ ਸੰਪਰਕ ਕਰਕੇ ਜਾਣਕਾਰੀ ਇਕੱਤਰ ਕੀਤੀ ਗਈ। ਇਸ ਨਵੇਂ ਬੈਚ ਵਿਚੋਂ ਔਕਲੈਂਡ ਸਿਟੀ ਵਿਖੇ 10, ਕਾਊਂਟੀਜ਼ ਮੈਨੁਕਾਓ ਵਿਖੇ 9 ਪੁਲਿਸ ਅਫਸਰ ਸ਼ਾਮਿਲ ਡਿਊਟੀ ਕਰਨਗੇ।

ਪੁਲਿਸ ਅਫਸਰ ਹਰਮਨਜੋਤ ਸਿੰਘ ਗੋਰਾਇਆ: ਵਿਦਿਆਰਥੀ ਵੀਜ਼ੇ ਉਤੇ ਆਇਆ ਹਰਮਨਜੋਤ ਸਿੰਘ ਗੋਰਾਇਆ (ਹੈਰੀ) ਸਪੁੱਤਰ ਸ. ਸਰੂਪ ਸਿੰਘ ਗੋਰਾਇਆ ਟੌਰੰਗਾ ਸ਼ਹਿਰ ਵਿਖੇ ਰਹਿੰਦਿਆ ਸਵੈ-ਸੇਵਕ ਵਜੋਂ ਕਮਿਊਨਿਟੀ ਪੈਟਰੋਲ (ਕ੍ਰਾਈਮ ਵਾਚ) ਨਾਲ 4 ਸਾਲ ਸੇਵਾ ਕਰਦਾ ਰਿਹਾ ਹੈ। ਇਸੇ ਵਾਤਾਵਰਣ ਦੇ ਵਿਚੋਂ ਉਸਦਾ ਝੁਕਾਅ ਨਿਊਜ਼ੀਲੈਂਡ ਪੁਲਿਸ ਵੱਲ ਗਿਆ। ਪਿੰਡ ਨਬੀਪੁਰ ਜ਼ਿਲ੍ਹਾ ਗੁਰਦਾਸਪੁਰ ਰਹਿੰਦੇ ਇਸ ਨੌਜਵਾਨ ਦੇ ਪਰਿਵਾਰ ਵਿਚੋਂ ਇਹ ਪਹਿਲਾ ਨੌਜਵਾਨ ਹੈ, ਜੋ ਪੁਲਿਸ ਸੇਵਾ ਦੇ ਵਿਚ ਗਿਆ ਹੈ। ਇਸ ਪੁਲਿਸ ਅਫਸਰ ਦੀ ਡਿਊਟੀ ਮੈਨੁਕਾਓ ਕਾਊਂਟੀਜ਼ ਦੇ ਵਿਚ ਲੱਗੀ ਹੈ ਅਤੇ ਇਹ ਨੌਜਵਾਨ ਭਾਈਚਾਰੇ ਦੀ ਸੁਰੱਖਿਆ ਦੇ ਲਈ ਆਪਣੀਆਂ ਸੇਵਾਵਾਂ ਦੇਵੇਗਾ। ਇਥੇ ਰਹਿੰਦੇ ਨੌਜਵਾਨਾਂ ਨੂੰ ਸੰਦੇਸ਼ ਛੱਡਦਿਆਂ ਉਸ ਨੇ ਕਿਹਾ ਕਿ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਔਖੇ ਸਮੇਂ ਵੀ ਕਦੇ ਹੌਂਸਲਾ ਨਾ ਛੱਡੋ। ਪੁਲਿਸ ਸੇਵਾ ਕਰਕੇ ਉਹ ਇਸ ਦੇਸ਼ ਨੂੰ ਆਪਣੀਆਂ ਸੇਵਾਵਾਂ ਰਾਹੀਂ ਕੁਝ ਵਾਪਿਸ ਕਰਨ ਦੀ ਭਾਵਨਾ ਰੱਖਦਾ ਹੈ। ਪੰਜਾਬੀ ਭਾਈਚਾਰੇ ਵੱਲੋਂ ਇਸ ਨੌਜਵਾਨ ਦੇ ਲਈ ਸ਼ੁੱਭ ਕਾਮਨਾਵਾਂ!

ਪੁਲਿਸ ਅਫਸਰ ਜਸਲੀਨ ਬਲਵਿੰਦਰ: 23 ਸਾਲਾ ਪੰਜਾਬੀ ਮੂਲ ਦੀ ਖਿਡਾਰਨ ਕੁੜੀ ਜਸਲੀਨ ਬਲਵਿੰਦਰ ਇਟਲੀ ਦੀ ਜੰਮਪਲ ਹੈ। 2010 ਦੇ ਵਿਚ ਉਹ ਆਪਣੇ ਮਾਪਿਆਂ ਸ. ਬਲਵਿੰਦਰ ਸਿੰਘ-ਸ੍ਰੀਮਤੀ ਪਰਮਜੀਤ ਕੌਰ ਤੇ ਵੱਡੀ ਭੈਣ ਹਰਲੀਨ ਦੇ ਨਾਲ ਟੀਪੁੱਕੀ ਨਿਊਜ਼ੀਲੈਂਡ ਆਣ ਵੱਸੀ। ਦਾਦਾ ਸ. ਅਮਰੀਕ ਸਿੰਘ ਪਿੰਡ ਬੱਲਾਂ (ਜਲੰਧਰ) ਵਿਖੇ ਹੀ ਰਹਿੰਦੇ ਹਨ। ਜਸਲੀਨ ਦੇ ਮਾਪੇ ਜਿੱਥੇ ਖੁਦ ਬਹੁਤ ਮਿਹਨਤੀ ਰਹੇ ਹਨ ਅਤੇ ਉਥੇ ਆਪਣੀਆਂ ਧੀਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕਰਦੇ ਰਹੇ ਹਨ। 16 ਸਾਲ ਦੀ ਉਮਰ ਵਿਚ ਬਾਕਸਿੰਗ ਸਿੱਖਣ ਵੇਲੇ ਉਸਦੇ ਮਾਪਿਆਂ ਨੇ ਖੂਬ ਹੱਲਾਸ਼ੇਰੀ ਦਿੱਤੀ ਸੀ ਤੇ ਉਹ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਵਿਚ ਨੈਟਬਾਲ ਵੀ ਖਿਡਾਰਨ ਹੁੰਦੀ ਹੈ। ਇਸ ਪੰਜਾਬੀ ਕੁੜੀ ਨੇ ਆਪਣੀ ਪੁਲਿਸ ਅਫਸਰ ਬਨਣ ਦੀ ਸਾਰੀ ਉਪਲਬਧੀ ਆਪਣੇ ਮਾਪਿਆਂ ਤੇ ਵੱਡੀ ਭੈਣ ਨੂੰ ਸਮਰਪਿਤ ਕਰਦਿਆਂ ਵਾਹਿਗੁਰੂ ਦਾ ਸ਼ੁੱਕਰਾਨਾ ਕੀਤਾ ਹੈ ਜਿਸ ਨੇ ਉਸਨੂੰ ਯੋਗਤਾ ਦੀ ਬਖਸ਼ਿਸ਼ ਕਰਦਿਆਂ ਇਸ ਯੋਗ ਬਣਾਇਆ ਕਿ ਉਹ ਪੁਲਿਸ ਅਫਸਰ ਬਨਣ ਤੱਕ ਸਾਰੀਆਂ ਪ੍ਰੀਕ੍ਰਿਆਵਾਂ ਦੇ ਵਿਚੋਂ ਨਿਕਲ ਕੇ ਆਖਿਰ ਪਾਸ ਹੋ ਗਈ ਹੈ। ਇਸ ਦੀ ਡਿਊਟੀ ਟੌਰੰਗਾ ਪੁਲਿਸ ਸਟੇਸ਼ਨ ਵਿਖੇ ਲੱਗੇਗੀ। ਪੰਜਾਬੀ ਭਾਈਚਾਰੇ ਵੱਲੋਂ ਵੀ ਇਸ ਨੌਜਵਾਨ ਕੁੜੀ ਦੇ ਲਈ ਸ਼ੁੱਭ ਕਾਮਨਾਵਾਂ! ਇਕ ਹੋਰ ਨੌਜਵਾਨ ਜਸਕਰਨ ਸਿੰਘ ਵੀ ਪੁਲਿਸ ਵਿਚ ਭਰਤੀ ਹੋਇਆ ਹੈ, ਪਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ।