ਖਾਕੀ ਮੁੜ ਹੋਈ ਸ਼ਰਮਸ਼ਾਰ, ਮਹਿਲਾ ਨੇ ਥਾਣੇਦਾਰ ’ਤੇ ਲਗਾਏ ਗੰਭੀਰ ਇਲਜ਼ਾਮ, ਵਾਇਰਲ ਆਡਿਓ ‘ਚ ਥਾਣੇਦਾਰ ਪੀੜਤਾ ਨੂੰ ‘ਮੋਰਨੀ ਮੋਰਨੀ’ ਕਹਿ ਕੇ ਬੁਲਾ ਰਿਹਾ

Guruharsahai Police: ਔਰਤ ਨੇ ਦੋਸ਼ ਲਾਇਆ ਹੈ ਕਿ ਗੁਆਂਢੀਆਂ ਨੇ ਉਸ ਦੀ ਲੜਕੀ ਨਾਲ ਛੇੜਛਾੜ ਅਤੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਥਾਣਾ ਸਦਰ ਵਿਖੇ ਸ਼ਿਕਾਇਤ ਦਿੱਤੀ ਗਈ ਤਾਂ,,,

ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਕਈ ਚੰਗੇ ਕੰਮ ਕਰਕੇ ਆਪਣਾ ਨਾਂ ਬਣਾ ਰਹੀ ਹੈ, ਪਰ ਇਸ ਦੇ ਦੂਜੇ ਪਾਸੇ ਪੰਜਾਬ ਪੁਲਿਸ ‘ਚ ਤਾਇਨਾਤ ਕੁਝ ਅਧਿਕਾਰੀ ਸੂਬਾ ਪੁਲਿਸ ਦਾ ਸਿਰ ਸ਼ਰਮ ਨਾਲ ਝੁੱਕਾ ਰਹੇ ਹਨ। ਤਾਜ਼ਾ ਮਾਮਲਾ ਗੁਰੂਹਰਸਹਾਏ ਥਾਣਾ ਖੇਤਰ ਦਾ ਹੈ। ਜਿੱਥੇ ਦੀ ਇੱਕ ਔਰਤ ਨੇ ਦੋਸ਼ ਲਾਇਆ ਹੈ ਕਿ ਗੁਆਂਢੀਆਂ ਨੇ ਉਸ ਦੀ ਲੜਕੀ ਨਾਲ ਛੇੜਛਾੜ ਅਤੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਥਾਣਾ ਸਦਰ ਵਿਖੇ ਸ਼ਿਕਾਇਤ ਦਿੱਤੀ ਗਈ ਤਾਂ ਏਐਸਆਈ ਨੇ ਕਿਹਾ ਕਿ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ, ਪਰ ਉਦੋਂ ਜਦੋਂ ਉਹ ਉਸ ਨਾਲ ਹਮਬਿਸਤਰ ਹੋਵੇ।

ਪੀੜਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੇ ਪਤੀ ਦਾ ਗੁਆਂਢੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਝਗੜੇ ਤੋਂ ਬਾਅਦ ਉਹ ਕਿਤੇ ਚਲੇ ਗਏ ਸੀ। ਬਾਅਦ ‘ਚ ਪਤਾ ਲੱਗਾ ਕਿ ਗੁਆਂਢੀ ਨੇ ਉਸ ‘ਤੇ ਧਾਰਾ 295 ਤਹਿਤ ਝੂਠਾ ਕੇਸ ਦਰਜ ਕਰਵਾਇਆ ਦਿੱਤਾ।

ਔਰਤ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਇਮਤਿਹਾਨ ਸੀ, ਉਹ ਘਰੋਂ ਕਾਗਜ਼ਾਤ ਲੈਣ ਗਈ ਸੀ, ਜਿਸ ਦੌਰਾਨ ਮੁਲਜ਼ਮ ਨੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਧੀ ਨੇ ਮੁਲਜ਼ਮ ਖ਼ਿਲਾਫ਼ ਥਾਣਾ ਗੁਰੂਹਰਸਹਾਏ ਵਿੱਚ ਸ਼ਿਕਾਇਤ ਦਿੱਤੀ।

ਪੀੜਤ ਦਾ ਦੋਸ਼ ਹੈ ਕਿ ਇਸ ਸ਼ਿਕਾਇਤ ਦੀ ਜਾਂਚ ਏਐਸਆਈ ਕਰ ਰਹੇ ਸੀ। ਜਦੋਂ ਪੀੜਤਾ ਨੂੰ ਜ਼ਮਾਨਤ ਮਿਲੀ ਤਾਂ ਉਹ ਥਾਣੇ ਗਈ ਤੇ ਏਐਸਆਈ ਨੂੰ ਪੁੱਛਿਆ ਕਿ ਬੇਟੀ ਦੀ ਸ਼ਿਕਾਇਤ ‘ਤੇ ਕੀ ਕਾਰਵਾਈ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਏਐਸਆਈ ਨੇ ਉਸ ਨੂੰ ਆਪਣੇ ਨਾਲ ਸੌਣ ਦੀ ਪੇਸ਼ਕਸ਼ ਕਰਦਿਆਂ ਕਿਹਾ ਕਿ ਜਦੋਂ ਉਹ ਉਸ ਨਾਲ ਹਮਬਿਸਤਰ ਹੁੰਦੀ ਹੈ ਤਾਂ ਹੀ ਉਹ ਕੇਸ ਦਰਜ ਕਰੇਗਾ। ਔਰਤ ਨੇ ਦੱਸਿਆ ਕਿ ਉਸ ਕੋਲ ਏਐਸਆਈ ਨਾਲ ਹੋਈ ਗੱਲਬਾਤ ਦੀ ਆਡੀਓ ਰਿਕਾਰਡਿੰਗ ਵੀ ਹੈ।

ਪੀੜਤ ਮਹਿਲਾ ਨੇ ਹਲਕਾ ਜਲਾਲਾਬਾਦ ਆ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਏਐੱਸਆਈ ਉਸ ਨੂੰ ਫੋਨ ਕਰਦਾ ਹੈ ਤੇ ਅਸ਼ਲੀਲ ਗੱਲਾਂ ਕਰਦਾ ਹੈ ਅਤੇ ਹਮਬਿਸਤਰ ਹੋਣ ਬਾਰੇ ਕਹਿੰਦਾ ਹੈ।

ਦੂਜੇ ਪਾਸੇ ਏਐਸਆਈ ਦਾ ਕਹਿਣਾ ਹੈ ਕਿ ਵਾਇਰਲ ਹੋ ਰਹੀ ਆਡੀਓ ਰਿਕਾਰਡਿੰਗ ਵਿੱਚ ਮੇਰੀ ਆਵਾਜ਼ ਨਹੀਂ ਹੈ। ਮੇਰੇ ‘ਤੇ ਲੱਗੇ ਦੋਸ਼ ਬੇਬੁਨਿਆਦ ਹਨ। ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਇਸ ਮਾਮਲੇ ਬਾਰੇ ਜਦੋਂ ਹਲਕਾ ਗੁਰੂਹਰਸਾਏ ਦੇ ਥਾਣਾ ਪ੍ਰਭਾਰੀ ਰਵੀ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੇਰੇ ਕੋਲ ਸ਼ਿਕਾਇਤ ਆਈ ਹੋਈ ਹੈ ਤੇ ਉਸ ਦੇ ਅਧਾਰ ‘ਤੇ ਮੈਂ ਕਾਰਵਾਈ ਕਰ ਰਿਹਾ ਹਾਂ।