ਰੂਸ ਦੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ‘ਚ ਦਾਖਲ ਹੋ ਕੇ ਅੱਗੇ ਵਧ ਰਹੀ ਹੈ ਤਾਂ ਕਿ ਯੂਕਰੇਨ ਦੀ ਸਰਕਾਰ ਪਲਟਾਈ ਜਾ ਸਕੇ। ਰਾਸ਼ਟਰਪਤੀ ਪੂਤਿਨ ਨੇ ਅੱਜ ਪੱਛਮੀ ਮੁਲਕਾਂ ਨੂੰ ਸਿੱਧੀ ਧਮਕੀ ਦੇ ਦਿੱਤੀ ਹੈ ਕਿ ਜੇਕਰ ਕਿਸੇ ਬਾਹਰਲੇ ਮੁਲਕ ਵਲੋਂ ਰੂਸੀ ਫੌਜਾਂ ਦੀ ਕਾਰਵਾਈ ‘ਚ ਦਖਲਅੰਦਾਜ਼ੀ ਕੀਤੀ ਗਈ ਤਾਂ ਉਹ ਪਰਮਾਣੂ ਹਥਿਆਰ ਚਲਾਉਣ ਲੱਗਿਆਂ ਢਿੱਲ ਨਹੀਂ ਕਰੇਗਾ।

ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਯਲਿੰਸਕੀ ਨੇ ਆਖਰੀ ਦਮ ਤੱਕ ਕੀਵ ਰਹਿਣ ਦਾ ਐਲਾਨ ਕਰਦਿਆਂ ਖੁਦ ਫੌਜੀ ਵਰਦੀ ਪਾ ਲਈ ਹੈ ਤੇ ਕਿਹਾ ਹੈ ਕਿ ਮਰਦੇ ਦਮ ਤੱਕ ਲੜਾਂਗਾ, ਪਰਿਵਾਰ ਸਮੇਤ ਡਟਿਆ ਹੋਇਆ ਹਾਂ ਤੇ ਮੈਦਾਨ ਛੱਡ ਕੇ ਨਹੀਂ ਭੱਜਾਂਗਾ।

ਇਸ ਸਿੱਧੀ ਲੜਾਈ ‘ਚ ਨਾਟੋ ਮੁਲਕ ਹਾਲੇ ਪਾਬੰਦੀਆਂ ਤੱਕ ਹੀ ਸੀਮਤ ਹਨ ਤੇ ਸ਼ਾਇਦ ਰੂਸ ਦੀ ਧਮਕੀ ਅਤੇ ਪੂਤਿਨ ਦੇ ਜ਼ਿੱਦੀ ਸੁਭਾਅ ਤੋਂ ਵਾਕਫ ਹੋਣ ਕਰਕੇ ਕਾਹਲੀ ‘ਚ ਕੋਈ ਕਦਮ ਨਹੀਂ ਚੁੱਕ ਰਹੇ।
ਯੂਕਰੇਨ ‘ਚ ਜੰਗ ਦੇ ਘੁੱਗੂ ਅਤੇ ਬੰਬਾਂ ਦੀ ਗੜਗੜਾਹਟ ਕੰਨ ਬੰਦ ਕਰ ਰਹੀ ਹੈ, ਲੋਕ ਬੰਕਰਾਂ ‘ਚ ਚਲੇ ਗਏ ਹਨ, ਮਰਦ ਫੌਜ ਦਾ ਸਾਥ ਦੇ ਰਹੇ ਹਨ, ਬੱਚੇ ਵਿਲਕ ਰਹੇ ਹਨ।

ਸਾਡੇ ਲਈ ਇਹ ਖਬਰ ਹੈ ਪਰ ਉੱਥੇ ਹਾਲਾਤ ਬਹੁਤ ਖਰਾਬ ਹਨ। ਮਾਲਕ ਮਿਹਰ ਰੱਖੇ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਨਾਟੋ ਦੇ ਸਕੱਤਰ ਜਨਰਲ ਜੈਨਸ ਸਟੋਲਟੈਨਬਰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੈਂਬਰ ਦੇਸ਼ਾਂ ਵੱਲੋਂ ਯੂਕਰੇਨ ਨੂੰ ਹਥਿਆਰ ਸਪਲਾਈ ਕਰਨਾ ਜਾਰੀ ਰੱਖਿਆ ਜਾਵੇਗਾ ਜਿਨ੍ਹਾਂ ਵਿੱਚ ਏਅਰ ਡਿਫੈਂਸ ਸਿਸਟਮ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮੈਂਬਰ ਦੇਸ਼ਾਂ ਦੀ ਸੁਰੱਖਿਆ ਲਈ ਯੂਕਰੇਨ ਤੇ ਰੂਸ ਦੇਸ਼ਾਂ ਨੇੜੇ ਰੈਪਿਡ ਰਿਸਪਾਂਸ ਟੀਮਾਂ ਵੀ ਤਾਇਨਾਤ ਕੀਤੀਆਂ ਜਾਣਗੀਆਂ। ਸਟੋਲਟੈਨਬਰਗ ਨੇ ਦੋਸ਼ ਲਗਾਇਆ ਰੂਸ ਯੂਕਰੇਨ ਸਰਕਾਰ ਦਾ ਤਖਤਾ ਪਲਟਣਾ ਚਾਹੁੰਦਾ ਹੈ। ਇਸ ਲਈ ਨੈਟੋ ਵੱਲੋਂ ਫੌਜਾਂ ਦੀ ਤਾਇਨਾਤੀ ਕੀਤੀ ਜਾਵੇਗੀ। ਇਸੇ ਦੌਰਾਨ ਲਾਤਵੀਆ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਯੋਰਪੀ ਯੂਨੀਅਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਸਣੇ ਰੂਸ ਦੀ ਸੰਪਤੀ ਜ਼ਬਤ (ਫਰੀਜ਼) ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਦਿ ਕਾਊਂਸਿਲ ਆਫ ਯੋਰਪ ਨੇ ਸ਼ੁੱਕਰਵਾਰ ਨੂੰ ਰੂਸ ਨੂੰ ਯੋਰਪੀ ਮਨੁੱਖੀ ਅਧਿਕਾਰ ਸੰਸਥਾ ਤੋਂ ਮੁਅੱਤਲ ਕਰ ਦਿੱਤਾ ਹੈ। ਅਜਿਹਾ ਇਸ ਕਰ ਕੇ ਕੀਤਾ ਗਿਆ ਹੈ ਕਿਉਂਕਿ ਰੂਸ ਦੀਆਂ ਸੈਨਾਵਾਂ ਨੇ ਯੂਕਰੇਨ ’ਤੇ ਹਮਲਾ ਕਰ ਦਿੱਤਾ ਹੈ। 47 ਦੇਸ਼ਾਂ ਦੀ ਕਾਊਂਸਿਲ ਨੇ ਐਲਾਨ ਕੀਤਾ ਕਿ ਰੂਸ ਨੂੰ ਫੌਰੀ ਤੌਰ ’ਤੇ ਸੰਸਥਾ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਸੰਸਥਾ 1949 ਵਿੱਚ ਹੋਂਦ ’ਚ ਆਈ ਸੀ।

ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਰੂਸ ਆਪਣੇ ਗੁਆਂਢੀ ਦੇਸ਼ ਯੂਕਰੇਨ ’ਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਹਿਣ ’ਤੇ ਯੂਕਰੇਨ ਦੀ ਸੈਨਾ ਵੱਲੋਂ ਆਤਮ ਸਮਰਪਣ ਕਰਨ ’ਤੇ ਮਾਸਕੋ ਯੂਕਰੇਨ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਯੂਕਰੇਨ ਖ਼ਿਲਾਫ਼ ਜੰਗ ਛੇੜਨ ਦੇ ਇਕ ਦਿਨ ਬਾਅਦ ਲਾਵਰੋਵ ਨੇ ਕਿਹਾ ‘ਕੋਈ ਵੀ ਯੂਕਰੇਨ ’ਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ ਤੇ ਸੈਲਿਕ ਕਾਰਵਾਈ ਦਾ ਮਨੋਰਥ ਨਾਜੀ ਵਿਚਹਾਰਧਾਰਾ ਤੋਂ ਮੁਕਤੀ ਹੈ।