ਨਵੀਂ ਦਿੱਲੀ : ਆਮਦਨ ਕਰ ਵਿਭਾਗ (ਆਈ.ਟੀ.) ਨੇ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਬੀ.ਬੀ.ਸੀ.) ਦੇ ਦਫਤਰ ‘ਤੇ ਛਾਪਾ ਮਾਰਿਆ ਹੈ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਆਈਟੀ ਟੀਮ ਨੇ ਮੰਗਲਵਾਰ ਸਵੇਰੇ ਦਿੱਲੀ ਅਤੇ ਮੁੰਬਈ ਵਿੱਚ ਬੀਬੀਸੀ ਦੇ ਦਫ਼ਤਰਾਂ ਵਿੱਚ ਛਾਪੇਮਾਰੀ ਕੀਤੀ ਹੈ

ਆਮਦਨ ਕਰ ਵਿਭਾਗ (ਆਈ.ਟੀ.) ਨੇ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਬੀ.ਬੀ.ਸੀ.) ਦੇ ਦਿੱਲੀ-ਮੁੰਬਈ ਦਫ਼ਤਰਾਂ ‘ਤੇ ਛਾਪਾ ਮਾਰਿਆ ਹੈ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਆਈਟੀ ਟੀਮ ਨੇ ਮੰਗਲਵਾਰ ਸਵੇਰੇ ਦਿੱਲੀ ਅਤੇ ਮੁੰਬਈ ਵਿੱਚ ਬੀਬੀਸੀ ਦੇ ਦਫ਼ਤਰਾਂ ਵਿੱਚ ਛਾਪੇਮਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਨੇ ਬੀਬੀਸੀ ਨਿਊਜ਼ ਦੇ ਦਿੱਲੀ ਦਫ਼ਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਹੈ। ਬੀਬੀਸੀ ਦੇ ਮੁੰਬਈ ਦਫ਼ਤਰ ਸਮੇਤ ਕੁਝ ਹੋਰ ਥਾਵਾਂ ‘ਤੇ ਵੀ ਸਰਵੇਖਣ ਸ਼ੁਰੂ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਆਮਦਨ ਕਰ ਵਿਭਾਗ ਜਾਣਕਾਰੀ ਦੇਵੇਗਾ।

ਮੀਡੀਆ ਰਿਪੋਰਟਾਂ ਮੁਤਾਬਕ ਬੀਬੀਸੀ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਾਰੇ ਕਰਮਚਾਰੀਆਂ ਦੇ ਫ਼ੋਨ ਜ਼ਬਤ ਕਰ ਲਏ ਗਏ ਹਨ। ਕਰਮਚਾਰੀਆਂ ਨੂੰ ਘਰ ਜਾਣ ਲਈ ਕਿਹਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਮਦਨ ਕਰ ਵਿਭਾਗ ਦੀਆਂ 60-70 ਮੈਂਬਰਾਂ ਵਾਲੀ ਟੀਮ ਬੀਬੀਸੀ ਦਫ਼ਤਰ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਦਫਤਰ ਦੇ ਅੰਦਰ ਆਉਣ ਅਤੇ ਜਾਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸ ਦੇਈਏ ਕਿ ਦਿੱਲੀ ਵਿੱਚ ਬੀਬੀਸੀ ਦਾ ਦਫ਼ਤਰ ਕੇਜੀ ਮਾਰਗ ਉੱਤੇ ਐਚਟੀ ਹਾਊਸ ਦੀ ਇਮਾਰਤ ਵਿੱਚ ਹੈ। ਬੀਬੀਸੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਕਾਂਗਰਸ ਨੇ ਬੀਬੀਸੀ ਦਫ਼ਤਰ ‘ਤੇ ਛਾਪੇ ਨੂੰ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ ਹੈ। ਕਾਂਗਰਸ ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕੀਤਾ ਗਿਆ ਹੈ। ਟਵੀਟ ‘ਚ ਲਿਖਿਆ ਸੀ, “ਪਹਿਲਾਂ ਬੀਬੀਸੀ ਦੀ ਡਾਕੂਮੈਂਟਰੀ ਆਈ, ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ। ਹੁਣ ਆਈਟੀ ਨੇ ਬੀਬੀਸੀ ‘ਤੇ ਛਾਪੇਮਾਰੀ ਕੀਤੀ। ਅਣਐਲਾਨੀ ਐਮਰਜੈਂਸੀ।”