ਬਾਈ ਦੀਪ ਸਿੰਘ ਸਿੱਧੂ ਅਕਸਰ ਕਿਹਾ ਕਰਦਾ ਸੀ ਕਿ ਅੱਜ ਦੇ ਯੁੱਗ ‘ਚ ਵੱਡੀ ਜੰਗ ਬਿਰਤਾਂਤ (narrative) ਦੀ ਹੈ। ਅਸੀਂ ਲੱਖ ਸੱਚੇ ਤੇ ਭਲੇ ਹੋਈਏ, ਜੇਕਰ ਤੁਹਾਡੇ ਵਿਰੋਧੀ ਤੁਹਾਡੇ ਬਾਰੇ ਇਹ ਬਿਰਤਾਂਤ ਖੜਾ ਕਰਨ ‘ਚ ਕਾਮਯਾਬ ਹੋ ਗਏ ਕਿ ਤੁਸੀਂ ਝੂਠੇ ਤੇ ਮਾੜੇ ਹੋ ਤਾਂ ਦੁਨੀਆਂ ਤੁਹਾਡਾ ਸੱਚ ਸ਼ਾਇਦ ਹੀ ਕਦੇ ਜਾਣ ਸਕੇ। ਭਾਵੇਂ ਕਿ ਅਸੀਂ “ਉੜਕਿ ਸਚਿ ਰਹੀ” ਦੇ ਉਪਾਸ਼ਕ ਹਾਂ ਤੇ ਅੰਤ “ਕੂੜ ਨਿਖੁਟੇ” ਹੀ ਜਾਂਦਾ ਹੈ ਪਰ ਬਿਰਤਾਂਤ ਦੇ ਇਸ ਯੁੱਗ ਵਿੱਚ ਮਨੁੱਖ ਦੀ ਭਟਕਣ ਵੱਡੀ ਹੋ ਜਾਂਦੀ ਹੈ। ਜਿਵੇਂ ਕਿਸਾਨੀ ਸੰਘਰਸ਼ ਵਿੱਚ ਬਾਈ ਦੀਪ ਦੇ ਰੂਹ ਦੀ ਨਿਰਮਲਤਾ ਤੇ ਮਨ ਦੀ ਸਚਿਆਈ ਬਹੁਤੇ ਲੋਕਾਂ ਤੱਕ ਉਸ ਦੇ ਜਿਉਂਦੇ ਜੀਅ ਪਹੁੰਚ ਹੀ ਨਹੀਂ ਸਕੀ। ਕਿਉਂਕਿ ਉਹ ਸਟੇਟ ਅਤੇ ਉਸ ਦੀਆਂ ਕਾਮਰੇਡੀ, ਕਾਂਗਰਸੀ, ਸੰਘੀ ਸ਼ਾਖਾਵਾਂ ਦੇ ਘੜੇ ਬਿਰਤਾਂਤ ਦਾ ਸ਼ਿਕਾਰ ਰਹੇ। ਕਿਸਾਨ ਮੋਰਚੇ ਤੋਂ ਤੁਰੰਤ ਬਾਅਦ ਬਹੁਤ ਸਾਰੇ ਖੱਬੇ ਪੱਖੀਆਂ ਨੇ ਕਿਸਾਨ ਮੋਰਚੇ ਬਾਰੇ ਆਪਣਾ ਸੱਚ-ਝੂਠ ਬਣਾ ਕੇ ਕਈ ਕਿਤਾਬਾਂ ਲਿਖੀਆਂ। ਲਗਪਗ ਹਰ ਵੱਡੀ ਧਿਰ ਨੇ ਮੋਰਚੇ ਬਾਰੇ ਆਪੋ ਆਪਣੀ ਸਮਝ ਤੋਂ ਦਸਤਾਵੇਜ ਕਾਇਮ ਕੀਤੇ। ਬਹੁਤ ਸਾਰੇ ਖੱਬੇਪੱਖੀ ਪੱਤਰਕਾਰ ਮੋਰਚੇ ਵਿੱਚ ਸ਼ਾਮਲ ਹੀ ਇਸ ਇਰਾਦੇ ਨਾਲ ਹੋਏ ਸੀ ਕਿ ਉਹ ਇਸ ਨੂੰ ਇਤਿਹਾਸ ਦਾ ਹਿੱਸਾ ਬਣਾਉਂਣਗੇ।

ਉਨ੍ਹਾਂ ਦੀ ਅੱਖ ਦਾ ਟੀਰ ਮੋਰਚੇ ਦੀ ਰਿਪੋਰਟਿੰਗ ਦੌਰਾਨ ਵੀ ਵੇਖਿਆ ਗਿਆ। ਮੋਰਚੇ ਦਾ ਸਰਕਾਰੀ ਪੱਖ ਵੀ ਪੰਜਾਬ ਅਤੇ ਪੰਜਾਬੀ ਯੂਨੀਵਰਸਟੀਆਂ ਦੇ ਖੋਜ ਨਿਬੰਧਾਂ ਦੇ ਰੂਪ ਵਿੱਚ ਘੜ੍ਹ ਕੇ ਸਾਂਭ ਲਿਆ ਗਿਆ ਪਰ ਪੰਥ ਇਸ ਮਾਮਲੇ ਵਿਚ ਹਮੇਸ਼ਾ ਫਾਡੀ ਰਹਿ ਜਾਂਦਾ ਹੈ। ਸੋ ਮੁੱਢਲੇ ਰੂਪ ਵਿੱਚ ਪੰਥ ਦਾ ਪੱਖ ਸਾਂਭਣ ਦੀ ਲੋੜ ਮਹਿਸੂਸ ਕੀਤੀ। ਇਸ ਵਿਚ ਕੋਈ ਝੂਠਾ ਬਿਰਤਾਂਤ ਘੜ੍ਹਨ ਜਾਂ ਤੋੜ੍ਹਨ ਦੀ ਮਨਸ਼ਾ ਵੀ ਨਹੀਂ ਸੀ। ਇਹ ਮੋਰਚੇ ਦਾ ਸੱਚ ਸੀ, ਜੋ ਸਾਂਭਣਾ ਸੀ। ਸੋ ਦਸੰਬਰ 2021 ‘ਚ ਕੁਝ ਸੁਹਿਰਦ ਮਿੱਤਰਾਂ ਨਾਲ ਇਹ ਕੋਸ਼ਿਸ ਸ਼ੁਰੂ ਕੀਤੀ। ਅਜੇ ਚਾਰ ਕੁ ਪੂਣੀਆਂ ਈ ਕੱਤੀਆਂ ਸੀ ਕਿ ਬਾਈ ਦੀਪ ਵਾਲਾ ਭਾਣਾ ਵਾਪਰ ਗਿਆ, ਸਾਡੇ ਸਾਹਾਂ ਦੀ ਤੰਦ ਟੁੱਟ ਗਈ। ਇਸ ਕਿਤਾਬ ਵਿੱਚ ਕੁਝ ਥਾਂਈ ਐਸੀਆਂ ਗੱਲਾਂ ਵੀ ਨੇ ਜੋ ਕੌੜੀਆਂ ਲੱਗਣਗੀਆਂ।

ਪਰ ਜੇ ਕਿਤੇ ਬਾਈ ਦੀਪ ਸਾਡੇ ਵਿਚ ਹੁੰਦਾ ਤਾਂ ਅਸੀਂ ਕੁੜਤਣਤਾ ਨੂੰ ਥਾਂ ਨਾ ਦਿੰਦੇ। ਪਹਿਲਾਂ ਵੀ ਬਾਈ ਇਸ ਲਿਖਤ ਦੇ ਕੇਂਦਰ ਵਿੱਚ ਸੀ, ਪਰ ਬਾਈ ਦੇ ਜਾਣ ਪਿੱਛੋਂ ਕਿਸਾਨੀ ਮੋਰਚਾ ਦੋਇਮ ਹੋ ਗਿਆ, ਬਾਈ ਦੀਪ ਦੀ ਗੱਲ ਪ੍ਰਮੁੱਖਤਾ ‘ਚ ਆ ਗਈ। ਉਸ ਸੱਚੇ ਸੁੱਚੇ ਨਿਰਮਲ ਅਤੇ ਨਿਰਛਲ ਬੰਦੇ ਦੇ ਜੋ ਜੋ ਇਮਤਿਹਾਨ ਲਏ ਗਏ ਉਹ ਮੋਹ ਤੇ ਜਜਬਾਤ ਦੇ ਰਿਸ਼ਤੇ ‘ਚ ਬੱਝੇ ਉਸ ਦੇ ਪਿਆਰ ਵਾਲਿਆਂ ਲਈ ਅਤਿ ਤਕਲੀਫਦੇਹ ਹਨ। ਦੀਪ ਸਿੱਧੂ ਦੇ ਦੋ ਕੁ ਸਾਲਾਂ ਦੇ ਸੰਘਰਸ਼ ‘ਚ ਕੰਡੇ ਖਿਲਾਰਨ ਵਾਲੇ ਬਹੁਤ ਸਨ, ਸ਼ਾਇਦ ਇੱਕ ਕਿਤਾਬ ਉਨ੍ਹਾਂ ਸਾਰਿਆਂ ਦਾ ਬਿਉਰਾ ਦੇਣ ਲਈ ਕਾਫੀ ਨਹੀਂ। ਇਹ ਕਿਤਾਬ ਤਾਂ ਬਾਈ ਦੀਆਂ ਯਾਦਾਂ ਨੂੰ ਸਾਂਭਣ ਦਾ ਨਿੱਕਾ ਜਿਹਾ ਯਤਨ ਹੈ। ਅਸਲ ਗੱਲਾਂ ਨਿਤਾਰਨ ਲਈ ਤਾਂ ਅਜੇ ਹੋਰ ਸਮਾਂ ਲੱਗੂ। ਅਜੇ ਪਾਠਕਾਂ ਅਤੇ ਸਰੋਤਿਆਂ ਨੇ ਬਾਈ ਦੇ ਹਾਣ ਦੇ ਹੋਣਾ ਹੈ ਤਾਂਕਿ ਉਹ ਉਸਦੀ ਗੱਲ ਸੁਣ ਅਤੇ ਸਮਝ ਸਕਣ।

ਕਿਤਾਬ ਵਿੱਚ ਬਾਈ ਨਾਲ ਸਬੰਧਤ ਹਰ ਗੱਲ ਨੂੰ ਤੱਥਾਂ ਦੇ ਅਧਾਰ ‘ਤੇ ਰੱਖ ਕੇ ਅਤੇ ਉਸ ਦੇ ਰਿਕਾਰਡਡ ਬਿਆਨਾਂ ਦੇ ਅਧਾਰ ਤੇ ਲੜ੍ਹੀ ਬੱਧ ਕੀਤਾ ਗਿਆ ਹੈ। ਇਸ ਕਿਤਾਬ ਲਈ ਮੈਂ ਸਿਰਫ਼ ਇੱਕ ਸੂਤਰਧਾਰ ਹਾਂ, ਇਸ ਕਾਰਜ ਲਈ ਬਹੁਤ ਸਾਰਾ ਮੈਟਰ ਲੋੜੀਂਦਾ ਸੀ। ਜਿਸ ਵਿੱਚ ਬਾਈ ਦੀਪ ਦੀਆਂ ਵੱਖ ਵੱਖ ਸਮਿਆਂ ਤੇ ਕੀਤੀਆਂ ਤਕਰੀਰਾਂ, ਲਿਖਤਾਂ ਅਤੇ ਪੰਥਕ ਪਿੜ ‘ਚ ਆਓਣ ਮਗਰੋਂ ਨਾਲ ਵਿਚਰਨ ਵਾਲਿਆਂ ਦੀਆਂ ਗਵਾਹੀਆਂ ਆਦਿ ਦੀ ਲੋੜ ਸੀ। ਇਹ ਸਭ ਮੇਰੇ ਇਕੱਲੇ ਲਈ ਇਕੱਠਾ ਕਰਨਾ ਲਗਪਗ ਨਾਮੁਮਕਿਨ ਸੀ। ਇਸ ਸਾਰੇ ਕਾਰਜ ਵਿੱਚ ਕਨੇਡਾ ਤੋਂ ਬਾਈ ਇੰਦਰਜੀਤ ਸਿੰਘ ਜੱਬੋਵਾਲ਼ੀਆ, ਸਤਵੰਤ ਸਿੰਘ ਗਰੇਵਾਲ਼, ਗੁਰਮੁਖ ਸਿੰਘ ਦਿਓਲ ਅਤੇ ਪੰਜਾਬ ਤੋਂ ਦੀਪ ਬਾਈ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਸੱਜਣਾ ਦਾ ਵੱਡਾ ਸਹਿਯੋਗ ਰਿਹਾ। ਜੋ ਗਾਹੇ ਬਗਾਹੇ ਬਾਈ ਨੂੰ ਯਾਦ ਕਰਦੇ ਰਹਿੰਦੇ ਹਨ।
ਇਸ ਕਿਤਾਬ ਦਾ ਪੀ ਡੀ ਐਫ ਅਤੇ ਛਪੀ ਹੋਈ ਕਿਤਾਬ ਆਓਦੇ ਐਤਵਾਰ ਤੱਕ ਪਾਠਕਾਂ ਦੇ ਹੱਥ ਵਿੱਚ ਹੋਵੇਗੀ।ਭੁੱਲ ਚੁੱਕ ਲਈ ਮੁਆਫੀ!
ਪਿੱਪਲ਼ ਸਿੰਘ

ਬਰਸੀ ‘ਤੇ…….
‘ਹੋਂਦ ਦੀ ਲੜਾਈ’ ਲਈ ਚਿਣਗ ਮਘਾਉਣ ਵਾਲਾ ਦੀਪ ਹਮੇਸ਼ਾ ਜਗਦਾ ਰਹੇਗਾ! ਸਮਾਂ ਪੈ ਕੇ ਉਸਦੀ ਸ਼ਖ਼ਸੀਅਤ ਦਾ ਕੱਦ ਓਨਾ ਵੱਡਾ ਹੁੰਦਾ ਜਾਵੇਗਾ, ਜਿੰਨੀ ਸਾਡੀ ਸਮਝ ਵਧਦੀ ਜਾਵੇਗੀ। ਉਸਦੀਆਂ ਕਹੀਆਂ ਹਲੂਣੇ ਦਿੰਦੀਆਂ ਰਹਿਣਗੀਆਂ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ