ਤਰਨਤਾਰਨ ‘ਚ ਵਿਆਹ ਸਮਾਗਮ ਦੌਰਾਨ ਲਾੜੇ ਦੇ ਮਸੇਰੇ ਭਰਾ ਨੇ ਸ਼ਰਾਬ ਪੀ ਕੇ ਚਲਾਈਆਂ ਗੋਲ਼ੀਆਂ, ਜੀਜੇ ਦੀ ਮੌਤ

ਤਰਨਤਾਰਨ : ਭਾਵੇਂ ਸਰਕਾਰ ਵੱਲੋਂ ਬੰਦੂਕ ਕਲਚਰ ਨੂੰ ਕਾਬੂ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਵਿਆਹ ਸਮਾਗਮਾਂ ਵਿੱਚ ਬੰਦੂਕ ਕਲਚਰ ਦਾ ਬੋਲਬਾਲਾ ਹੈ। ਬੀਤੀ ਰਾਤ ਸਰਹੱਦੀ ਪਿੰਡ ਝੁੱਗੀਆਂ ਕਾਲੂ ਵਿੱਚ ਇਕ ਵਿਆਹ ਸਮਾਗਮ ਦੌਰਾਨ ਲਾੜੇ ਦੇ ਮਸੇਰੇ ਭਰਾ ਨੇ ਸ਼ਰਾਬ ਪੀ ਕੇ ਗੋਲੀਆਂ ਚਲਾ ਦਿੱਤੀਆਂ। ਲਾੜੇ ਦੇ ਜੀਜਾ ਗੁਰਦਿੱਤ ਸਿੰਘ (34) ਵਾਸੀ ਨੌਸ਼ਹਿਰਾ ਪੰਨੂਆ ਦੀ ਪੇਟ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਪੁਲੀਸ ਨੇ ਥਾਣਾ ਸਦਰ ਪੱਟੀ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਸਦਰ ਪੱਟੀ ਦੇ ਪਿੰਡ ਝੁੱਗੀਆਂ ਕਾਲੂ ਦੇ ਸਾਬਕਾ ਸਰਪੰਚ ਚੰਨਣ ਸਿੰਘ ਦੇ ਪੁੱਤਰ ਧਰਮ ਸਿੰਘ ਦਾ ਮੰਗਲਵਾਰ ਨੂੰ ਵਿਆਹ ਸੀ। ਧਰਮ ਸਿੰਘ ਦਾ ਮਸੇਰਾ ਭਰਾ ਅਮਰਜੀਤ ਸਿੰਘ ਉਰਫ਼ ਰਵੀ ਵਾਸੀ ਮੋਗਾ ਵੀ ਆਪਣੇ ਪਰਿਵਾਰ ਸਮੇਤ ਵਿਆਹ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਅਮਰਜੀਤ ਸਿੰਘ ਰਵੀ ਫੌਜ ਵਿੱਚ ਸਾਰਜੈਂਟ ਹੈ, ਜਿਸ ਦੀ ਡਿਊਟੀ ਦਿੱਲੀ ‘ਚ ਹੈ। ਅਮਰਜੀਤ ਸਿੰਘ ਰਵੀ, ਜੋ ਕਿ ਛੁੱਟੀ ‘ਤੇ ਸੀ, ਆਪਣੇ ਪਿਤਾ ਦੀ ਡਬਲ ਬੈਰਲ ਰਾਈਫਲ ਆਪਣੇ ਨਾਲ ਲੈ ਕੇ ਆਇਆ ਸੀ।

ਮੰਗਲਵਾਰ ਰਾਤ ਘਰ ‘ਚ ਡੀਜੇ ‘ਤੇ ਭੰਗੜਾ ਪਾਇਆ ਜਾ ਰਿਹਾ ਸੀ। ਇਸ ਦੌਰਾਨ ਸਿਪਾਹੀ ਅਮਰਜੀਤ ਸਿੰਘ ਰਵੀ ਨੇ ਆਪਣੇ ਪਿਤਾ ਦੀ ਲਾਇਸੈਂਸੀ ਡਬਲ ਬੈਰਲ ਰਾਈਫਲ ਨਾਲ ਹਵਾ ‘ਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਲਾੜੇ ਧਰਮ ਸਿੰਘ ਦੇ ਪਿਤਾ ਸਾਬਕਾ ਸਰਪੰਚ ਚੰਨਣ ਸਿੰਘ ਨੇ ਉਸ ਨੂੰ ਗੋਲੀਆਂ ਚਲਾਉਣ ਤੋਂ ਵਰਜਿਆ। ਜਿਸ ਦੌਰਾਨ ਚੰਨਣ ਸਿੰਘ ਦੇ ਜਵਾਈ ਗੁਰਦਿੱਤ ਸਿੰਘ ਪੁੱਤਰ ਨਛੱਤਰ ਸਿੰਘ (34) ਵਾਸੀ ਨੌਸ਼ਹਿਰਾ ਪੰਨੂਆਂ ਨੇ ਇਹ ਕਹਿ ਕੇ ਗੋਲੀਆਂ ਚਲਾਉਣ ਤੋਂ ਰੋਕਿਆ ਕਿ ਹਵਾਈ ਫਾਇਰ ਕਰਨਾ ਕਾਨੂੰਨ ਅਨੁਸਾਰ ਜੁਰਮ ਹੈ।

ਇਸ ਦੌਰਾਨ ਮੁਲਜ਼ਮ ਰਵੀ ਨੇ ਡਬਲ ਬੈਰਲ ਰਾਈਫਲ ਨਾਲ ਫਾਇਰਿੰਗ ਕਰਨ ਤੋਂ ਗੁਰੇਜ਼ ਨਹੀਂ ਕੀਤਾ ਤੇ ਇਕ ਗੋਲੀ ਗੁਰਦਿੱਤ ਸਿੰਘ ਦੇ ਪੇਟ ‘ਚ ਜਾ ਲੱਗੀ। ਖ਼ੂਨ ਨਾਲ ਲੱਥਪੱਥ ਗੁਰਦਿੱਤ ਸਿੰਘ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਚੌਕੀ ਇੰਚਾਰਜ ਏ.ਐੱਸ.ਆਈ ਕਿਰਪਾਲ ਸਿੰਘ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਬੁੱਧਵਾਰ ਨੂੰ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਪੱਟੀ ਤੋਂ ਕਰਵਾਇਆ ਗਿਆ।

ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਰਵੀ ਵਾਸੀ ਮੋਗਾ ਜੋ ਕਿ ਛੁੱਟੀ ‘ਤੇ ਗਿਆ ਹੋਇਆ ਸੀ, ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਮੁਲਜ਼ਮ ਅਜੇ ਫਰਾਰ ਹੈ।