ਮੈਕਸਿਮ ਗੋਰਕੀ ਦੀ ਕਹਾਣੀ ‘ਦਾਨਕੋ ਦਾ ਬਲਦਾ ਹੋਇਆ ਦਿਲ’ ਕਲਜੁਗ ਦੀ ਕਰੂਰਤਾ ਨੂੰ ਸਾਡੇ ਸਾਹਮਣੇ ਲਿਆ ਧਰਦੀ ਹੈ। ਦਾਨਕੋ ਇਕ ਜੋਸ਼ੀਲਾ ਤੇ ਦਲੇਰ ਨੌਜਵਾਨ ਹੈ ਜੋ ਮੁਸ਼ਕਿਲ ਵਿੱਚ ਫਸੇ ਆਪਣੇ ਕਬੀਲੇ ਦੇ ਲੋਕਾਂ ਦੀ ਅਗਵਾਈ ਕਰਦਾ ਹੈ। ਬਿਖੜੇ ਪੈਂਡਿਆਂ ਤੋਂ ਹਤਾਸ਼ ਹੋਏ ਲੋਕ ਦਾਨਕੋ ਦੇ ਵਿਰੋਧ ਵਿੱਚ ਖੜ੍ਹ ਜਾਂਦੇ ਹਨ। ਪਰ ਪਾਕਦਾਮਨ ਦਾਨਕੋ ਗੁੱਸਾ ਕਰਨ ਦੀ ਬਜਾਏ ਛਾਤੀ ਪਾੜ ਕੇ ਆਪਣੇ ਬਲਦੇ ਹੋਏ ਦਿਲ ਨੂੰ ਬਾਹਰ ਕੱਢ ਲੈਂਦਾ ਹੈ ਤੇ ਦਿਲ ਦੀ ਮਸ਼ਾਲ ਨਾਲ ਆਪਣੀ ਕੌਮ ਦੇ ਹਨ੍ਹੇਰੇ ਰਾਹਾਂ ਨੂੰ ਰੁਸ਼ਨਾਉਂਦਾ ਹੈ। ਜਦੋਂ ਉਸਦੀ ਕੌਮ ਹਨ੍ਹੇਰੇ ਜੰਗਲ ਨੂੰ ਚੀਰ ਕੇ ਸੁਰੱਖਿਅਤ ਥਾਂ ਉੱਤੇ ਪਹੁੰਚਦੀ ਹੈ ਤਾਂ ਦਾਨਕੋ ਆਪਣੀ ਜਿੱਤ ਦੇ ਸਿਖਰ ‘ਤੇ ਪਹੁੰਚ ਪ੍ਰਾਣ ਤਿਆਗ ਜਾਂਦਾ ਹੈ। ਜਾਨ ਬਚਣ ਦੀ ਖੁਸ਼ੀ ਵਿੱਚ ਖੀਵੀ ਹੋਈ ਖੁਦਗ਼ਰਜ਼ ਖ਼ਲਕਤ ਦਾਨਕੋ ਦੀ ਮੌਤ ਵੱਲ ਕੋਈ ਧਿਆਨ ਨਹੀਂ ਦਿੰਦੀ। ਇੱਕ ਬੇਗ਼ੈਰਤ ਜਿਹਾ ਬੰਦਾ ਮਰੇ ਪਏ ਦਾਨਕੋ ਦੇ ਬਲਦੇ ਹੋਏ ਦਿਲ ਨੂੰ ਠੁੱਡੇ ਮਾਰ ਕੇ ਠੰਡਾ ਕਰ ਦਿੰਦਾ ਹੈ।

ਦਾਨਕੋ ਵਾਂਗ ਦੀਪ ਸਿੱਧੂ ਨੇ ਵੀ ਸਾਡੀ ਕੌਮ ਦੇ ਹਨ੍ਹੇਰੇ ਰਾਹਾਂ ਨੂੰ ਆਪਣੇ ਦਿਲ ਦੀ ਮਸ਼ਾਲ ਨਾਲ ਜਗਾਇਆ। ਉਹ ਸੂਰਮਾ ਕੌਮ ਦੇ ਰਾਹ ਰੁਸ਼ਨਾ ਕੇ ਤੁਰ ਗਿਆ। ਉਹਦੇ ਜਾਣ ਦੀ ਚੀਸ ਹੁਣ ਸਾਡੇ ਦਿਲਾਂ ਅੰਦਰ ਹਸ਼ਰਾਂ ਤੀਕਣ ਸਹਿਕਦੀ ਰਹੇਗੀ। ਪਰ ਨਾਲ ਹੀ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੀ ਕੌਮ ਗੋਰਕੀ ਦੀ ਕਹਾਣੀ ਵਿਚਲੇ ਲੋਕਾਂ ਵਰਗੀ ਅਕ੍ਰਿਤਘਣ ਤੇ ਖੁਦਗ਼ਰਜ਼ ਨਹੀਂ ਨਿਕਲੀ। ਸਾਡੀ ਕੌਮ ਨੇ ਉਹਦੇ ਬਲਦੇ ਦਿਲ ਦੀਆਂ ਲਾਟਾਂ ਨੂੰ ਆਪਣੇ ਦਿਲਾਂ ਅੰਦਰ ਸਮਾ ਲਿਆ। ਗੋਰਕੀ ਵਰਗੇ ਮਹਾਨ ਕਹਾਣੀਕਾਰ ਨੂੰ ਵੀ ਇਹ ਇਲਮ ਨਹੀਂ ਸੀ ਕਿ ਕਲਜੁਗ ਦੇ ਸਮਿਆਂ ਅੰਦਰ ਵੀ ਗ਼ੈਰਤਮੰਦ ਕੌਮਾਂ ਅਜੇ ਜਿਉਂਦੀਆਂ ਹਨ। ਦੀਪ ਸਿੱਧੂ ਦੇ ਸਿਵੇ ਦੀਆਂ ਲਾਟਾਂ ਨੇ ਅਨੇਕਾਂ ਦੀਵੇ ਬਾਲ ਦਿੱਤੇ ਹਨ। ਇਹ ਤੂਫਾਨਾਂ ਨਾਲ ਲੜਨ ਵਾਲੇ ਉਹੀ ਦੀਵੇ ਹਨ ਜਿੰਨ੍ਹਾਂ ਦੀ ਬਾਤ ਕਦੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਪਾਈ ਸੀ। ਲਟ-ਲਟ ਬਲਦੇ ਇਹਨਾਂ ਦੀਵਿਆਂ ਨੇ ਇਕ ਸੂਰਜ ਬਣਕੇ ਸਾਡੀ ਕੌਮ ਦੇ ਸੁਨਹਿਰੀ ਭਵਿੱਖ ਨੂੰ ਰੁਸ਼ਨਾਉਣਾ ਹੈ।

ਜ਼ਾਲਮਾਂ ਨੂੰ ਲਗਦਾ ਹੈ ਕਿ ਉਹ ਸਾਡਾ ਖੂਨ ਡੋਲ੍ਹ ਕੇ ਸਾਨੂੰ ਖਤਮ ਕਰ ਦੇਣਗੇ। ਉਹਨਾਂ ਨੂੰ ਕੀ ਪਤਾ ਕਿ ਸਾਡੇ ਲਹੂ ਅੰਦਰਲੀ ਲਾਲੀ ਨੇ ਹੀ ਅੱਗ ਦੀਆਂ ਲਾਟਾਂ ਬਣਕੇ ਜਬਰ ਦੇ ਕਿਲ੍ਹੇ ਰਾਖ ਕਰਨੇ ਹਨ। ਜਿਵੇਂ ਰਾਤਾਂ ਦੇ ਸ਼ਾਹ ਕਾਲ਼ੇ ਅਸਮਾਨ ਨੂੰ ਟਿਮਕਦੇ ਤਾਰੇ ਰੂਪ ਚਾੜ੍ਹਦੇ ਹਨ, ਉਵੇਂ ਹੀ ਕੌਮਾਂ ਦੇ ਦੁੱਖਾਂ ਤੇ ਚੀਸਾਂ ਨਾਲ ਭਰੇ ਇਤਿਹਾਸ ਦੇ ਪੰਧ ਨੂੰ ਸ਼ਹੀਦਾਂ ਦੇ ਬਲਦੇ ਹੋਏ ਦਿਲਾਂ ਦੀਆਂ ਮਸ਼ਾਲਾਂ ਰੁਸ਼ਨਾਉਂਦੀਆਂ ਹਨ। ਇਹ ਕਾਫਲੇ ਨਾ ਕਦੇ ਰੁਕਣੇ ਹਨ ਤੇ ਨਾ ਕਦੇ ਮੁੱਕਣੇ ਹਨ। ਇਹਨਾਂ ਕਾਫਲਿਆਂ ਨੇ ਅੰਤ ਸਮੂਹ ਬੇਦਾਵਿਆਂ ਨੂੰ ਪਾੜ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਜਿੱਤ ਦੇ ਜਸ਼ਨ ਮਨਾਉਣੇ ਹਨ।

-ਪ੍ਰਭਸ਼ਰਨਬੀਰ ਸਿੰਘ