ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਯੂਕਰੇਨ ਦੀ ਰਾਜਧਾਨੀ ਕੀਵ ਵਿਖੇ ਸੈਂਕੜੇ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਅਜਨਾਲਾ ਖ਼ੇਤਰ ਦੇ ਨੌਜਵਾਨ ਗਗਨਦੀਪ ਸਿੰਘ ਨੇ ਕੀਵ ਤੋਂ ਫੋਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਮੈਂ ਜਿਸ ਬੇਸਮੈਂਟ ਵਿਚ ਰਹਿ ਰਿਹਾ ਹਾਂ, ਉੱਥੇ ਕਰੀਬ 250 ਵਿਦਿਆਰਥੀ ਫਸੇ ਹਨ। ਉਨ੍ਹਾਂ ਦੱਸਿਆ ਕਿ ਕੀਵ ਸ਼ਹਿਰ ਵਿਚ ਅਜੇ ਮਾਹੌਲ ਸ਼ਾਂਤੀਪੂਰਵਕ ਹੈ ਪਰ ਅੱਜ ਸਵੇਰੇ ਤੜਕਸਾਰ ਤੋਂ ਹੀ ਰੂਸ ਦੇ ਹਵਾਈ ਜਹਾਜ਼ਾਂ ਰਾਹੀਂ ਫਾਇਰਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਥੇ ਰਹਿ ਰਹੇ ਵਿਦਿਆਰਥੀਆਂ ‘ਚ ਕਾਫ਼ੀ ਡਰ ਤੇ ਸਹਿਮ ਪਾਇਆ ਜਾ ਰਿਹਾ ਹੈ ਪਰ ਹੁਣ ਤੱਕ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਭਾਰਤ ਵਿਚ ਰਹਿ ਰਹੇ ਇੱਥੇ ਫਸੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਫ਼ਵਾਹਾਂ ਤੇ ਯਕੀਨ ਨਾ ਕਰਨ।

ਕਾਦੀਆਂ ਸ਼ਹਿਰ ਦੇ ਮੁਹੱਲਾ ਕ੍ਰਿਸ਼ਨਾ ਨਗਰ ਅਤੇ ਮੁਹੱਲਾ ਧਰਮਪੁਰਾ ਤੋਂ ਇਕ ਨੌਜਵਾਨ ਅਤੇ ਨੌਜਵਾਨ ਲੜਕੀ ਦੇ ਯੂਕਰੇਨ ‘ਚ ਫਸੇ ਜਾਣ ਦੀ ਖ਼ਬਰ ਮਿਲੀ ਹੈ। ਇਸ ਦੌਰਾਨ ਅੱਜ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਆਪਣੀ ਰਿਹਾਇਸ਼ ਕਾਦੀਆਂ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਗਿਆ ਕਿ ਕਾਦੀਆਂ ਨਿਵਾਸੀ ਗੁਰਮੀਤ ਸਿੰਘ ਦਾ ਲੜਕਾ ਗੁਰਪ੍ਰਤਾਪ ਸਿੰਘ ਜੋ ਕਿ ਯੂਕਰੇਨ ਦੇ ਖਾੜਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰਨ ਲਈ ਸਾਲ 2020 ‘ਚ ਉੱਥੇ ਗਿਆ ਸੀ ਅਤੇ ਇਸੇ ਤਰ੍ਹਾਂ ਹੀ ਮੁਹੱਲਾ ਧਰਮਪੁਰਾ ਬੁੱਟਰ ਰੋਡ ਕਾਦੀਆਂ ਨਿਵਾਸੀ ਰਾਜ ਕੁਮਾਰ ਦੀ ਲੜਕੀ ਚਾਹਤ ਜੋ ਕਿ ਸਾਲ 2019 ‘ਚ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿਚ ਐੱਮ.ਬੀ.ਬੀ. ਐੱਸ. ਦੀ ਪੜ੍ਹਾਈ ਕਰਨ ਲਈ ਗਈ ਹੋਈ ਸੀ ਅਤੇ ਬੀਤੇ ਦਿਨੀਂ ਰੂਸ ਵਲੋਂ ਯੂਕਰੇਨ ਤੇ ਕੀਤੇ ਗਏ ਹਮਲੇ ਦੌਰਾਨ ਜਿੱਥੇ ਭਾਰਤ ਦੇਸ਼ ਦੇ ਹਜ਼ਾਰਾਂ ਨੌਜਵਾਨ ਲੜਕੇ ਲੜਕੀਆਂ ਯੂਕਰੇਨ ‘ਚ ਫਸੇ ਹੋਏ ਹਨ।

ਰੂਸ ਅਤੇ ਯੂਕਰੇਨ ਵਿਚ ਚੱਲ ਰਹੀ ਜੰਗ ਦੇ ਵਿਚਾਲੇ ਉੱਥੇ ਫਸੇ ਭਾਰਤੀ ਲੋਕਾਂ ਵਿਚ ਭਾਰੀ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਯੂਕਰੇਨ ਦੇ ਇਕ ਸ਼ਹਿਰ ‘ਚ ਜੰਗੀ ਹਾਲਾਤ ਦੌਰਾਨ ਅਜਨਾਲਾ ਨਾਲ ਸੰਬੰਧਿਤ ਇਕ ਵਿਦਿਆਰਥਣ ਵੀ ਉੱਥੇ ਰਹਿ ਰਹੀ ਹੈ 9 ਵਿਦਿਆਰਥਣ ਦਮਨ ਨੇ ‘ਅਜੀਤ’ ਨਾਲ ਵੀਡੀਓ ਕਾਲ ਜ਼ਰੀਏ ਵਿਸ਼ੇਸ਼ ਗੱਲਬਾਤ ਕਰਦਿਆਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਤੁਰੰਤ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ। ਦੂਜੇ ਪਾਸੇ ਉਕਤ ਵਿਦਿਆਰਥਣ ਦੇ ਮਾਤਾ ਪਿਤਾ ਨੇ ਵੀ ਸਰਕਾਰ ਕੋਲੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਧੀ ਜੋ ਕਿ ਪੰਜ ਸਾਲ ਪਹਿਲਾਂ ਉੱਥੇ ਪੜ੍ਹਨ ਵਾਸਤੇ ਗਈ ਸੀ ਨੂੰ ਵਾਪਸ ਲਿਆਉਣ ਵਿਚ ਤੁਰੰਤ ਲੋੜੀਂਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।