ਪਿਛਲੇ ੧੬ ਸਾਲਾਂ ਵਿਚ ਪਹਿਲੀ ਵਾਰ ਮੇਰਾ ਕੋਈ ਸਨੇਹੀ ਕੈਨੇਡਾ ਨੂੰ ਪੱਕੇ ਤੌਰ ’ਤੇ ਛੱਡ ਕੇ ਪੰਜਾਬ ਜਾ ਰਿਹਾ ਹੈ। ਮੇਰੇ ਅੰਦਰ ਕਈ ਤਰ੍ਹਾਂ ਦੇ ਆਪਾ-ਵਿਰੋਧੀ ਜਜ਼ਬਾਤਾਂ ਦੇ ਹੜ੍ਹ ਵਗ ਰਹੇ ਹਨ।
ਸਿੱਖਾਂ ਦੀ ਰਾਜਨੀਤਕ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਮੈਂ ਸਿੱਖਾਂ ਦੀ ਸਮੂਹਿਕ ਵਤਨ-ਵਾਪਸੀ ਦਾ ਹਾਮੀ ਹਾਂ। ਮੈਂ ਆਪ ਵੀ ਪੰਜਾਬ ਮੁੜ ਜਾਣਾ ਲੋਚਦਾ ਹਾਂ। ਸ਼ਾਇਦ ਕਦੇ ਵਾਹਿਗੁਰੂ ਦੀ ਕਿਰਪਾ ਹੋ ਹੀ ਜਾਵੇ। ਅਜੈ ਸਿੰਘ ਵਰਗਾ ਕੋਈ ਨੌਜਵਾਨ ਜਦੋਂ ਅਜਿਹਾ ਇਤਿਹਾਸਕ ਫੈਸਲਾ ਲੈਂਦਾ ਹੈ ਤਾਂ ਮਨ ਵਿਚ ਇਕ ਆਸ ਦੀ ਕਿਰਨ ਮਘਨ ਲਗਦੀ ਹੈ। (ਹਾਂ, ਇਹ ਫੈਸਲਾ ਇਤਿਹਾਸਕ ਹੀ ਹੈ। ਸਮੇਂ ਦੇ ਵਹਿਣ ਦੇ ਉਲਟ ਵਗਣ ਨਾਲ ਹੀ ਇਤਿਹਾਸ ਬਣਦਾ ਹੈ।) ਪਰ ਦੂਜੇ ਪਾਸੇ ਇਹ ਵੀ ਲਗਦਾ ਹੈ ਕਿ ਪੰਥ ਤੇ ਪੰਜਾਬ ਦੀ ਮੁਕਤੀ ਕਿਤੇ ਦੂਰ ਸਮੇਂ ਦੇ ਗਰਭ ਵਿਚ ਸੁੱਤੀ ਪਈ ਹੈ। ਅਜੇ ਉਸਦੇ ਉਗਮਨ ਦਾ ਸਮਾਂ ਨਹੀਂ ਆਇਆ।
ਅਜੈ ਸਿੰਘ ਤੇ ਉਸਦੇ ਭਰਾ ਵਿਜੈ ਸਿੰਘ ਨੇ ਕੱਲ੍ਹ (੧੫ ਫਰਵਰੀ) ਨੂੰ ਸਵੇਰੇ ਸਵਾ ਦਸ ਵਜੇ ਕੈਨੇਡਾ ਨੂੰ ਛੱਡ ਕੇ ਪੰਜਾਬ ਲਈ ਪਰਵਾਜ਼ ਭਰਨੀ ਹੈ। ਇਹਨਾਂ ਦੀ ਵਤਨ-ਵਾਪਸੀ ਦੀ ਤਰੀਕ ਵੀ ਕੋਈ ਸਾਧਾਰਨ ਤਰੀਕ ਨਹੀਂ। ਇਸ ਤਰੀਕ ਨਾਲ ਸਾਡੇ ਬਹੁਤ ਡੂੰਘੇ ਜਜ਼ਬਾਤ ਜੁੜੇ ਹੋਏ ਹਨ। ਇਹ ਤਰੀਕ ਸਾਨੂੰ ਰੁਆਉਂਦੀ ਵੀ ਹੈ ਤੇ ਸਾਡੀ ਆਸ ਵੀ ਬੰਨ੍ਹਾਉਂਦੀ ਹੈ।
ਮੇਰੇ ਮਨ-ਮਸਤਕ ਅੰਦਰ ਇਕ ਹੀ ਸੁਆਲ ਗੂੰਜ ਰਿਹਾ ਹੈ: ਕੀ ਆਉਣ ਵਾਲੇ ਸਮੇਂ ਵਿਚ ਵਤਨ-ਵਾਪਸੀ ਦਾ ਭਰਵਾਂ ਰੁਝਾਨ ਵੇਖਣ ਨੂੰ ਮਿਲ ਸਕਦਾ ਹੈ?
ਦਿਮਾਗ਼ ਨੂੰ ਲਗਦਾ ਹੈ ਕਿ ਅਜਿਹਾ ਕਦੇ ਨਹੀਂ ਹੋ ਸਕਦਾ। ਪਰ ਮੇਰਾ ਕਮਲਾ ਦਿਲ ਜ਼ਰੂਰ ਹਾਮੀ ਭਰਦਾ ਹੈ।
ਕਲਗੀਆਂ ਵਾਲੇ ਦੇ ਪੰਥ ਨੇ ਹਮੇਸ਼ਾ ਵਸਦੇ ਰਹਿਣਾ ਹੈ, ਕਦੇ ਪੰਜਾਬ ਦੀ ਧਰਤੀ ਉੱਤੇ ਤੇ ਕਦੇ ਕਿਤੇ ਹੋਰ। ਪਰ ਪੰਜਾਬ ਕਿਤੇ ਨਹੀਂ ਜਾ ਸਕਦਾ। ਇਸ ਨੇ ਜਾਂ ਉੱਥੇ ਹੀ ਵਸਣਾ ਹੈ ਤੇ ਜਾਂ ਫਿਰ ਮਰ ਜਾਣਾ ਹੈ। ੧੮੪੯ ਵਿਚ ਸ਼ੁਰੂ ਹੋਇਆ ਗ਼ੁਲਾਮੀ ਦਾ ਵਰਤਾਰਾ ਪੰਜਾਬ ਨੂੰ ਹੌਲੀ-ਹੌਲੀ ਖੋਰ ਰਿਹਾ ਹੈ। ਅੱਧਾ ਸੰਤਾਲੀ ਵਿਚ ਖੁਰ ਗਿਆ, ਬਾਕੀ ਰਹਿੰਦੇ ’ਚੋਂ ਅੱਧੇ ਦਾ ਸਮੇਂ ਦੀ ਜਾਬਰ ਹਕੂਮਤ ਨੇ ਚੁਰਾਸੀ ਵਿਚ ਘਾਣ ਕਰ ਦਿੱਤਾ, ਤੇ ਪਿੱਛੇ ਬਚਿਆ ਬਾਹਰ ਨੂੰ ਭੱਜ ਰਿਹਾ ਹੈ। ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ।
ਅਜਿਹੇ ਸਮਿਆਂ ਵਿਚ ਹਵਾ ਦੇ ਉਲਟ ਰੁਖ ਅਖਤਿਆਰ ਕਰਨਾ ਸੱਚੀ ਸੂਰਮਗਤੀ ਦੀ ਨਿਸ਼ਾਨੀ ਹੈ। ਅਰਦਾਸ ਹੈ ਕਿ ਦੋਹਾਂ ਭਰਾਵਾਂ ਦੀ ਵਤਨ-ਵਾਪਸੀ ਪੰਥ-ਪੰਜਾਬ ਦੀ ਅਜੈ ਹਸਤੀ ਦੀ ਵਿਜੈ ਪ੍ਰਾਪਤੀ ਵਿਚ ਆਪਣਾ ਹਿੱਸਾ ਪਾਵੇ।
ਪੰਜਾਬ ਦੀ ਧਰਤੀ ’ਤੇ ਫਿਰ ਮਿਲਣ ਦੀ ਆਸ ਵਿਚ…
-ਪ੍ਰਭਸ਼ਰਨਬੀਰ ਸਿੰਘ