ਨਵੀਂ ਦਿੱਲੀ: ਅਦਾਕਾਰਾ ਸਵਰਾ ਭਾਸਕਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਉਹਨਾਂ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦਾ ਐਲਾਨ ਕੀਤਾ। ਸਵਰਾ ਨੇ ਸਪਾ ਨੇਤਾ ਅਤੇ ਸਮਾਜਿਕ ਕਾਰਕੁਨ ਫਹਾਦ ਅਹਿਮਦ ਨੂੰ ਆਪਣਾ ਜੀਵਨ ਸਾਥੀ ਚੁਣਿਆ ਹੈ। ਫਹਾਦ ਅਤੇ ਸਵਰਾ ਦੀ ਮੁਲਾਕਾਤ ਕਿਵੇਂ ਹੋਈ ਅਤੇ ਦੋਸਤੀ ਪਿਆਰ ਵਿਚ ਕਿਵੇਂ ਬਦਲੀ, ਇਸ ਬਾਰੇ ਉਹਨਾਂ ਨੇ ਇਕ ਖੂਬਸੂਰਤ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।

ਸਵਰਾ ਦੇ ਕਰੀਬੀ ਦੋਸਤ ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਉਹਨਾਂ ਨੂੰ ਵਧਾਈ ਦੇ ਰਹੇ ਹਨ। ਇਸ ਵਿਚ ਸਵਰਾ ਲਾਲ ਰੰਗ ਦੀ ਸਾੜੀ ਵਿਚ ਫਹਾਦ ਦਾ ਹੱਥ ਫੜੀ ਨਜ਼ਰ ਆ ਰਹੀ ਹੈ। ਸਵਰਾ ਨੇ ਅਦਾਲਤ ‘ਚ ਸਪੈਸ਼ਲ ਮੈਰਿਜ ਐਕਟ ਤਹਿਤ 6 ਜਨਵਰੀ ਨੂੰ ਵਿਆਹ ਕਰਵਾਇਆ ਸੀ।

ਸਵਰਾ ਨੇ ਆਪਣੀ ਪੋਸਟ ‘ਚ ਲਿਖਿਆ, “ਕਈ ਵਾਰ ਕੁਝ ਚੀਜ਼ਾਂ ਹਰ ਸਮੇਂ ਆਲੇ-ਦੁਆਲੇ ਹੁੰਦੀਆਂ ਹਨ ਅਤੇ ਤੁਸੀਂ ਉਹਨਾਂ ਨੂੰ ਦੂਰ-ਦੂਰ ਤੱਕ ਲੱਭਦੇ ਰਹਿੰਦੇ ਹੋ। ਅਸੀਂ ਪਿਆਰ ਲੱਭ ਰਹੇ ਸੀ, ਪਹਿਲਾਂ ਮਿਲੀ ਦੋਸਤੀ। ਫਿਰ ਅਸੀਂ ਇਕ ਦੂਜੇ ਨੂੰ ਮਿਲ ਗਏ। ਫਹਾਦ ਜ਼ੀਰਾਰ ਅਹਿਮਦ, ਮੇਰੇ ਦਿਲ ਵਿਚ ਸੁਆਗਤ ਹੈ”। ਸਵਰਾ ਨੇ ਵੀਡੀਓ ‘ਚ ਫਹਾਦ ਨਾਲ ਬਿਤਾਏ ਕੁਝ ਖਾਸ ਪਲਾਂ ਨੂੰ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਫਹਾਦ ਅਹਿਮਦ ਸਮਾਜਵਾਦੀ ਪਾਰਟੀ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਅਤੇ ਇਕ ਸਮਾਜਿਕ ਕਾਰਕੁਨ ਹਨ। ਦੋਵਾਂ ਦੀ ਮੁਲਾਕਾਤ 2020 ਵਿਚ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਹੋਈ ਸੀ।