ਇੰਸਟਾਗ੍ਰਾਮ ‘ਤੇ ਦੋਸਤੀ ਤੋਂ ਬਾਅਦ ਪਿਆਰ ਤੇ ਫਿਰ ਵਿਆਹ ਤੋਂ ਇਨਕਾਰ, ਪੰਜਾਬ ਪੁਲਿਸ ਦੇ SI ਦੀ ਧੀ ਨੇ ਕੀਤੀ ਖ਼ੁਦਕੁਸ਼ੀ

ਪਟਿਆਲਾ : ਇੰਸਟਾਗ੍ਰਾਮ ‘ਤੇ ਦੋਸਤੀ ਤੋਂ ਬਾਅਦ ਪਿਆਰ ‘ਚ ਪੈ ਜਾਣ ਤੋਂ ਬਾਅਦ ਲੜਕੀ ਨੇ ਨੌਜਵਾਨ ਨੂੰ ਵਿਆਹ ਦਾ ਪ੍ਰਪੋਜ਼ਲ ਭੇਜਿਆ। ਇਸ ਤੋਂ ਬਾਅਦ ਨੌਜਵਾਨ ਨੇ ਟਾਲ-ਮਟੋਲ ਕਰਨੀ ਸ਼ੁਰੂ ਕਰ ਦਿੱਤੀ ਤੇ ਕਿਸੇ ਹੋਰ ਲੜਕੀ ਨਾਲ ਮੰਗਣੀ ਕਰਵਾ ਲਈ। ਆਪਣੇ ਪ੍ਰੇਮੀ ਵਲੋਂ ਮਿਲੇ ਇਸ ਧੋਖੇ ਤੋਂ ਬਾਅਦ ਲੜਕੀ ਨੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ 16 ਫਰਵਰੀ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰ ਦੇ ਬਿਆਨਾਂ ‘ਤੇ ਮੁਲਜ਼ਮ ਨੌਜਵਾਨ ਮਝੈਲ ਸਿੰਘ ਵਾਸੀ ਵਿਕਾਸ ਨਗਰ ਪਟਿਆਲਾ, ਉਸ ਦੀ ਮਾਂ ਤੇ ਹੋਰ ਅਣਪਛਾਤੇ ਰਿਸ਼ਤੇਦਾਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਮ੍ਰਿਤਕ ਲੜਕੀ ਸਮਾਜ ਸ਼ਾਸਤਰ ਵਿੱਚ ਐਮਏ ਕਰ ਰਹੀ ਸੀ ਤੇ ਲੜਕੀ ਦਾ ਪਿਤਾ ਪੰਜਾਬ ਪੁਲਿਸ ‘ਚ ਸਬ-ਇੰਸਪੈਕਟਰ ਵਜੋਂ ਤਾਇਨਾਤ ਹੈ। ਲੜਕੀ ਦੇ ਪਰਿਵਾਰ ਵਾਲੇ ਇਸ ਵਿਆਹ ਲਈ ਰਾਜ਼ੀ ਹੋ ਗਏ ਸਨ, ਪਰ ਮੁਲਜ਼ਮ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਲੜਕੇ ਦੀ ਮੰਗਣੀ ਕਿਤੇ ਹੋਰ ਕਰਵਾ ਦਿੱਤੀ ਜਿਸ ਕਾਰਨ ਲੜਕੀ ਨੇ ਖ਼ੁਦਕੁਸ਼ੀ ਕਰ ਲਈ। ਤ੍ਰਿਪੜੀ ਥਾਣਾ ਪੁਲਿਸ ਨੇ ਦੱਸਿਆ ਕਿ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਇਹ ਘਟਨਾ 15 ਫਰਵਰੀ ਨੂੰ ਵਾਪਰੀ ਸੀ।