ਸ਼ਿਮਲਾ: ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਕੋਟਖਾਈ ਨੂੰ ਇਕ ਸਕੂਟੀ ਲਈ ਫੈਂਸੀ ਰਜਿਸਟ੍ਰੇਸ਼ਨ ਨੰਬਰ (HP 99-9999) ਲਈ 1.12 ਕਰੋੜ ਰੁਪਏ ਦੀ ਆਨਲਾਈਨ ਬੋਲੀ ਮਿਲੀ ਹੈ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੋਲੀ ਲਈ ਰਾਖਵੀਂ ਕੀਮਤ 1000 ਰੁਪਏ ਰੱਖੀ ਗਈ ਸੀ ਅਤੇ ਇਸ ਲਈ 26 ਲੋਕਾਂ ਨੇ ਬੋਲੀ ਲਗਾਈ। ਹੁਣ ਤੱਕ ਦੀ ਸਭ ਤੋਂ ਉੱਚੀ ਬੋਲੀ 1,12,15,500 ਰੁਪਏ ਹੈ, ਜੋ ਆਨਲਾਈਨ ਪ੍ਰਾਪਤ ਹੋਈ ਹੈ। ਇਹ ਬੋਲੀ ਅੱਜ ਬੰਦ ਹੋਵੇਗੀ। ਖ਼ਬਰਾਂ ਮੁਤਾਬਕ ਇਹ ਨੰਬਰ ਦੇਸ਼ਰਾਜ ਨਾਂਅ ਦੇ ਵਿਅਕਤੀ ਨੇ ਖਰੀਦਿਆ ਹੈ।

ਬੋਲੀ ਲਗਾਉਣ ਵਾਲੇ ਦੀ ਭਰੋਸੇਯੋਗਤਾ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜੇਕਰ ਉਹ ਪੈਸੇ ਜਮ੍ਹਾ ਨਹੀਂ ਕਰਦਾ ਹੈ ਤਾਂ ਨੰਬਰ ਦੂਜੇ ਸਭ ਤੋਂ ਉੱਚੇ ਬੋਲੀਕਾਰ ਕੋਲ ਜਾਵੇਗਾ। ਹਾਲਾਂਕਿ ਅਧਿਕਾਰੀਆਂ ਨੇ ਬੋਲੀਕਾਰਾਂ ਦੁਆਰਾ ਮੁਕਾਬਲੇਬਾਜ਼ਾਂ ਨੂੰ ਬਾਹਰ ਕੱਢਣ ਲਈ ਦਬਾਅ ਦੀਆਂ ਚਾਲਾਂ ਤੋਂ ਇਨਕਾਰ ਨਹੀਂ ਕੀਤਾ ਅਤੇ ਕਿਹਾ ਕਿ ਬੋਲੀ ਦੀ ਰਕਮ ਜਮ੍ਹਾਂ ਨਾ ਹੋਣ ਦੀ ਸਥਿਤੀ ਵਿਚ ਜੁਰਮਾਨਾ ਲਗਾਇਆ ਜਾਣਾ ਚਾਹੀਦਾ ਹੈ।

ਉਹਨਾਂ ਕਿਹਾ, “ਅਸੀਂ ਬੋਲੀ ਦੇ ਸਮੇਂ ਬੋਲੀ ਦੀ ਰਕਮ ਦਾ 30 ਪ੍ਰਤੀਸ਼ਤ ਜਮ੍ਹਾਂ ਕਰਨ ‘ਤੇ ਵੀ ਵਿਚਾਰ ਕਰ ਰਹੇ ਹਾਂ, ਜੋ ਕਿ ਪੂਰੀ ਰਕਮ ਜਮ੍ਹਾ ਨਾ ਕਰਨ ਦੀ ਸਥਿਤੀ ਵਿਚ ਜ਼ਬਤ ਕਰ ਲਈ ਜਾਵੇਗੀ।” ਇਕ ਸਕੂਟੀ ਦੀ ਕੀਮਤ 70,000 ਰੁਪਏ ਤੋਂ 1,80,000 ਤੱਕ ਹੁੰਦੀ ਹੈ। ਸ਼ਿਮਲਾ ਵਿਚ ਲਵਨੇਸ਼ ਮੋਟਰਜ਼ ਦੇ ਮਾਲਕ ਲਵਨੇਸ਼ ਨੇ ਕਿਹਾ ਕਿ ਸ਼ਿਮਲਾ ਵਰਗੇ ਪਹਾੜੀ ਖੇਤਰਾਂ ਵਿਚ ਕੋਵਿਡ ਤੋਂ ਬਾਅਦ ਦੀ ਮਿਆਦ ਦੇ ਮੁਕਾਬਲੇ ਸਕੂਟੀ ਦੀ ਵਿਕਰੀ ਵਿਚ 30-40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਉਹਨਾਂ ਕਿਹਾ ਕਿ ਕੋਵਿਡ ਤੋਂ ਬਾਅਦ ਲੋਕਾਂ ਨੇ ਆਪਣੇ ਵਾਹਨ ਦੀ ਵਰਤੋਂ ਕਰਨ ਨੂੰ ਤਰਜੀਹ ਦਿੱਤੀ ਕਿਉਂਕਿ ਕੋਵਿਡ ਦੀ ਮਿਆਦ ਦੌਰਾਨ ਜਨਤਕ ਆਵਾਜਾਈ ਉਪਲਬਧ ਨਹੀਂ ਸੀ। ਸ਼ਿਮਲਾ ਵਿਚ ਯਾਮਹਾ ਸ਼ੋਅਰੂਮ ਦੇ ਮਾਲਕ ਕਾਰਤਿਕ ਸ਼ਰਮਾ ਨੇ ਕਿਹਾ, “ਅਸੀਂ ਪਿਛਲੇ ਚਾਰ ਮਹੀਨਿਆਂ ਵਿਚ ਲਗਭਗ 30-40 ਸਕੂਟੀਆਂ ਵੇਚੀਆਂ ਹਨ, ਜਦਕਿ ਪਿਛਲੇ ਸਾਲਾਂ ਵਿਚ ਇਸੇ ਮਿਆਦ ਦੌਰਾਨ1-5 ਸਕੂਟਰ ਵਿਕਦੇ ਸਨ।”

ਹਿਮਾਚਲ ਦੇ ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਅਨੁਪਮ ਕਸ਼ਯਪ ਦਾ ਕਹਿਣਾ ਹੈ ਕਿ ਅਸੀਂ ਵੀ ਹੈਰਾਨ ਹਾਂ ਕਿ ਇਕ ਸਕੂਟੀ ਦੀ ਇੰਨੀ ਉੱਚੀ ਬੋਲੀ ਕਿਵੇਂ ਲੱਗ ਸਕਦੀ ਹੈ। ਆਨਲਾਈਨ ਪੋਰਟਲ ਦੇ ਬੰਦ ਹੋਣ ਤੋਂ ਬਾਅਦ ਇਹ ਪਤਾ ਲੱਗ ਸਕੇਗਾ ਕਿ ਇਹ ਨੰਬਰ ਕਿੰਨੇ ਵਿਚ ਵੇਚਿਆ ਗਿਆ ਹੈ ਅਤੇ ਕਿਸ ਨੇ ਇਸ ਨੂੰ ਖਰੀਦਿਆ ਹੈ।