ਵਿਆਹ ‘ਚ ਰੋੜਾ ਬਣੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਕੇ ਲਾਸ਼ ਸੁੱਟੀ ਪੰਜਾਬ-ਹਰਿਆਣਾ ਬਾਰਡਰ ‘ਤੇ, ਕਲਯੁਗੀ ਪੁੱਤਰ ਤੇ ਉਸਦਾ ਦੋਸਤ ਗ੍ਰਿਫ਼ਤਾਰ

ਵਿਆਹ ਵਿੱਚ ਰੋੜਾ ਬਣੇ ਹੈ ਪਿਤਾ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਸ ਦੀ ਲਾਸ਼ ਪੰਜਾਬ ਹਰਿਆਣਾ ਬਾਰਡਰ ਤੇ ਸੁਟ ਦਿੱਤੀ ਗਈ। ਕਤਲ ਦੀ ਵਾਰਦਾਤ ਦਾ ਖੁਲਾਸਾ ਹੁੰਦੇ ਹੀ ਥਾਣਾ ਡੇਹਲੋਂ ਦੀ ਪੁਲਿਸ ਤੁਰੰਤ ਹਰਕਤ ਵਿਚ ਆਈ ਪਿੰਡ ਮੁਕੰਦਪੁਰ ਦੇ ਰਹਿਣ ਵਾਲੇ ਕਲਯੁਗੀ ਪੁਤਰ ਜੋਬਨਜੀਤ ਸਿੰਘ ਅਤੇ ਉਸ ਦੇ ਦੋਸਤ ਅਕਾਸ਼ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਅੰਬਾਲਾ ਦੇ ਲਾਗਿਓਂ ਲਾਸ਼ ਬਰਾਮਦ ਕਰ ਲਈ ਹੈ। ਥਾਣਾ ਡੇਹਲੋਂ ਦੀ ਪੁਲਿਸ ਨੇ ਮ੍ਰਿਤਕ ਪਰਮਜੀਤ ਸਿੰਘ (46) ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਪਰਮਜੀਤ ਸਿੰਘ ਦੇ ਰਿਸ਼ਤੇਦਾਰ ਮਲੋਟ ਖੰਨਾ ਦੇ ਰਹਿਣ ਵਾਲੇ ਪਲਵਿੰਦਰ ਸਿੰਘ ਦੀ ਸ਼ਿਕਾਇਤ ਤੇ ਜੋਬਨਜੀਤ ਸਿੰਘ ਅਤੇ ਆਕਾਸ਼ ਦੇ ਖਿਲਾਫ ਕਤਲ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਡੇਹਲੋਂ ਦੇ ਮੁਖੀ ਪਰਮਦੀਪ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਨਾਲ ਉਸਦੇ ਪੁੱਤਰ ਜੋਬਨਜੀਤ ਸਿੰਘ ਦਾ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਜੋਬਨਜੀਤ ਸਿੰਘ ਆਪਣੇ ਪਿਤਾ ਦੀ ਪ੍ਰਾਪਰਟੀ ਤੇ ਅੱਖ ਰੱਖਦਾ ਸੀ, ਪਰ ਪਰਮਜੀਤ ਸਿੰਘ ਉਸ ਨੂੰ ਕੁਝ ਦੇਣਾ ਨਹੀਂ ਸੀ ਚਾਹੁੰਦਾ। ਜੋਬਨਜੀਤ ਸਿੰਘ ਪਿੰਡ ਲਹਿਰਾ ਦੀ ਰਹਿਣ ਵਾਲੀ ਇਕ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਉਸ ਦਾ ਪਿਤਾ ਇਸ ਗੱਲ ਲਈ ਵੀ ਰਾਜ਼ੀ ਨਹੀਂ ਸੀ।

ਜੋਬਨਜੀਤ ਸਿੰਘ ਨੇ ਵਿਆਹ ਵਿੱਚ ਰੋੜਾ ਬਣੇ ਪਿਤਾ ਨੂੰ ਕਤਲ ਕਰਨ ਦੀ ਵਿਉਂਤ ਘੜ ਲਈ। ਸਾਜਿਸ਼ ਵਿਚ ਉਸ ਨੇ ਆਪਣੇ ਦੋਸਤ ਅਕਾਸ਼ ਨੂੰ ਵੀ ਸ਼ਾਮਲ ਕੀਤਾ ਅਤੇ ਕੁਝ ਦਿਨ ਪਹਿਲਾਂ ਰਾਤ ਵੇਲੇ ਪਰਮਜੀਤ ਸਿੰਘ ਦੇ ਸਿਰ ਵਿੱਚ ਭਾਰੀ ਵਸਤੂ ਮਾਰ ਕੇ ਉਸ ਨੂੰ ਘਰ ਅੰਦਰ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਦੇ ਜੋਬਨਜੀਤ ਸਿੰਘ ਆਪਣੀ ਹੋਣ ਵਾਲੀ ਪਤਨੀ ਦੇ ਘਰ ਗਿਆ ਹੈ ਅਤੇ ਇਕ ਵਿਆਹ ਸਮਾਰੋਹ ਵਿਚ ਜਾਣ ਦੀ ਗੱਲ ਆਖ ਕੇ ਉਸ ਦੀ ਕਾਰ ਲੈ ਆਇਆ। ਦੋਵਾਂ ਮੁਲਜ਼ਮਾਂ ਨੇ ਪਰਮਜੀਤ ਸਿੰਘ ਦੀ ਲਾਸ਼ ਕਾਰ ਵਿੱਚ ਰੱਖੇਗੀ ਅਤੇ ਪੰਜਾਬ ਹਰਿਆਣਾ ਬਾਰਡਰ ਤੇ ਅੰਬਾਲਾ ਦੇ ਕੋਲ ਲਾਸ਼ ਸੁੱਟ ਦਿੱਤੀ।

ਥਾਣਾ ਮੁਖੀ ਪਰਮਦੀਪ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਦਾ ਰਿਸ਼ਤੇਦਾਰ ਕਿ ਪਲਵਿੰਦਰ ਸਿੰਘ ਅਚਾਨਕ ਪਰਮਜੀਤ ਸਿੰਘ ਦੇ ਘਰ ਆਇਆ। ਜਿੱਥੋਂ ਉਸ ਨੂੰ ਪਤਾ ਲੱਗਾ ਕਿ ਪਿਓ-ਪੁੱਤਰ ਵਿਚਕਾਰ ਅਕਸਰ ਝਗੜਾ ਰਹਿੰਦਾ ਸੀ ਅਤੇ ਜੋਬਨਜੀਤ ਨੇ ਆਪਣੇ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਉਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਕੁਝ ਦਿਨਾਂ ਤੋਂ ਪਰਮਜੀਤ ਸਿੰਘ ਲਾਪਤਾ ਸੀ। ਪਲਵਿੰਦਰ ਸਿੰਘ ਨੇ ਮਾਮਲਾ ਥਾਣਾ ਡੇਹਲੋਂ ਦੀ ਪੁਲਿਸ ਦੇ ਧਿਆਨ ਵਿਚ ਲਿਆਂਦਾ। ਜੋਬਨਜੀਤ ਕੋਲੋਂ ਪੁੱਛਗਿਛ ਕਰਨ ਤੋਂ ਬਾਅਦ ਸਾਰਾ ਮਾਮਲਾ ਸ਼ੀਸ਼ੇ ਵਾਂਗ ਸਾਫ਼ ਹੋ ਗਿਆ। ਪੁਲਿਸ ਨੇ ਲਾਸ਼ ਬਰਾਮਦ ਕਰਨ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।