ਤੁਰਕੀ ਭੁਚਾਲ: ਮਲਬੇ ਹੇਠਾਂ ਦੱਬੇ ਵਿਅਕਤੀ ਨੂੰ 11 ਦਿਨਾਂ ਬਾਅਦ ਜ਼ਿੰਦਾ ਕੱਢਿਆ, ਮਾਪਿਆਂ ਨਾਲ ਗੱਲ ਕਰਕੇ ਹੋਇਆ ਭਾਵੁਕ

ਇਸ ਦੌਰਾਨ ਉਹ ਡੇਢ ਹਫ਼ਤਾ ਬਿਨਾਂ ਖਾਧੇ-ਪੀਤੇ ਕਿਵੇਂ ਜਿਉਂਦਾ ਰਿਹਾ, ਇਹ ਕਿਸੇ ਹੈਰਾਨੀ ਤੋਂ ਘੱਟ ਨਹੀਂ ਹੈ। ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਬੀਤੇ ਦਿਨੀਂ ਤੁਰਕੀ ਤੇ ਸੀਰੀਆ ਵਿਚ ਆਏ ਭਿਆਨਕ ਭੂਚਾਲ (earthquake) ਤੋਂ ਬਾਅਦ ਦਿਲ ਨੂੰ ਦਹਿਲਾ ਦੇਣ ਵਾਲੀਆਂ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੋਈਆਂ। ਚਾਰੇ ਪਾਸੇ ਲਾਸ਼ਾਂ ਦੇ ਢੇਰ ਨਜ਼ਰ ਆਏ। ਹਸਪਤਾਲਾਂ ਵਿਚ ਲਾਸ਼ਾਂ ਰੱਖਣ ਲਈ ਕੋਈ ਥਾਂ ਨਹੀਂ ਹੈ।

ਦੁਨੀਆਂ ਦੇ 100 ਤੋਂ ਵੱਧ ਦੇਸ਼ਾਂ ਨੇ ਤੁਰਕੀ ਅਤੇ ਸੀਰੀਆ ਵਿੱਚ ਬਚਾਅ ਕਰਮਚਾਰੀ ਭੇਜੇ ਹਨ ਜੋ ਮਲਬੇ ‘ਚ ਫਸੇ ਲੋਕਾਂ ਨੂੰ ਬਚਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਇਸ ਦੌਰਾਨ ਕਈ ਚਮਤਕਾਰ ਵੀ ਦੇਖਣ ਨੂੰ ਮਿਲ ਰਹੇ ਹਨ। ਦਰਅਸਲ, ਹੁਣ ਇਕ ਖਬਰ ਆਈ ਹੈ ਕਿ ਇਕ ਵਿਅਕਤੀ ਨੂੰ 11 ਦਿਨਾਂ ਪਿੱਛੋਂ ਮਲਬੇ ਵਿਚੋਂ ਜ਼ਿੰਦਾ ਬਾਹਰ ਕੱਢਿਆ ਗਿਆ ਹੈ।

ਇਸ ਦੌਰਾਨ ਉਹ ਡੇਢ ਹਫ਼ਤਾ ਬਿਨਾਂ ਖਾਧੇ-ਪੀਤੇ ਕਿਵੇਂ ਜਿਉਂਦਾ ਰਿਹਾ, ਇਹ ਕਿਸੇ ਹੈਰਾਨੀ ਤੋਂ ਘੱਟ ਨਹੀਂ ਹੈ। ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਤੁਰਕੀ ਦੇ ਸਿਹਤ ਮੰਤਰੀ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ 33 ਸਾਲਾ ਮੁਸਤਫਾ ਅਵਸੀ ਨੂੰ ਸਟ੍ਰੈਚਰ ‘ਤੇ ਲੇਟਿਆ ਦੇਖਿਆ ਜਾ ਸਕਦਾ ਹੈ। ਉਹ ਬਚਾਅ ਕਾਰਜ ‘ਚ ਲੱਗੇ ਕਰਮਚਾਰੀਆਂ ਦੇ ਫੋਨ ‘ਤੇ ਗੱਲ ਕਰ ਰਿਹਾ ਹੈ। ਜਦੋਂ ਕਿ ਉੱਥੇ ਇੱਕ ਹੋਰ ਵਿਅਕਤੀ ਰੋ ਰਿਹਾ ਹੈ। ਦਰਅਸਲ, ਉਹ ਆਪਣੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਬਾਰੇ ਪੁੱਛਦਾ ਹੈ। ਬਾਅਦ ਵਿੱਚ, ਉਹ ਫੋਨ ‘ਤੇ ਗੱਲ ਕਰਵਾਉਣ ਵਾਲੇ ਵਿਅਕਤੀ ਦਾ ਹੱਥ ਚੁੰਮਦਾ ਹੈ ਅਤੇ ਉਸ ਦਾ ਧੰਨਵਾਦ ਕਰਦਾ ਹੈ।

ਸ਼ੁੱਕਰਵਾਰ ਨੂੰ 278 ਘੰਟਿਆਂ ਬਾਅਦ ਉਸ ਨੂੰ ਸੁਰੱਖਿਅਤ ਬਾਹਰ ਕੱਢਣ ਵਿਚ ਕਾਮਯਾਬੀ ਮਿਲੀ ਹੈ। ਤੁਰਕੀ ਵਿੱਚ ਦੋ ਵੱਡੇ ਭੂਚਾਲਾਂ ਦੇ 261 ਘੰਟਿਆਂ ਬਾਅਦ ਮਲਬੇ ਵਿੱਚੋਂ ਦੋ ਲੋਕਾਂ ਨੂੰ ਬਾਹਰ ਕੱਢਿਆ ਗਿਆ। ਅਨਾਦੋਲੂ ਏਜੰਸੀ ਦੇ ਮੁਤਾਬਕ ਮੁਸਤਫਾ ਅਵਾਸੀ ਨੂੰ ਵੀਰਵਾਰ ਰਾਤ ਅੰਤਾਕਿਆ ਜ਼ਿਲ੍ਹੇ ਵਿੱਚ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ।


ਦੱਸ ਦਈਏ ਕਿ 6 ਫਰਵਰੀ 2023 ਨੂੰ ਤੁਰਕੀ ਅਤੇ ਸੀਰੀਆ ਵਿੱਚ 7.8 ਦੀ ਤੀਬਰਤਾ ਨਾਲ ਆਏ ਭਿਆਨਕ ਭੂਚਾਲ ਨੇ ਬਹੁਤ ਤਬਾਹੀ ਮਚਾਈ ਸੀ। ਦੋਵਾਂ ਦੇਸ਼ਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 45,000 ਨੂੰ ਪਾਰ ਕਰ ਗਈ ਹੈ, ਜਦਕਿ ਹਜ਼ਾਰਾਂ ਲੋਕ ਜ਼ਖਮੀ ਹੋਏ ਹਨ।

ਬਚਾਅ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਇਸ ਤਬਾਹੀ ਦੌਰਾਨ ਕਈ ਚਮਤਕਾਰ ਦੇਖਣ ਨੂੰ ਮਿਲੇ, ਜਦੋਂ 100-200 ਘੰਟਿਆਂ ਤੋਂ ਵੱਧ ਸਮੇਂ ਬਾਅਦ ਮਲਬੇ ਵਿੱਚੋਂ ਕਈਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।