ਸਵਾਲ ਤਾਂ ਸਿਰਫ ਏਨਾ ਬਣਦਾ ਕਿ ਜੇਕਰ ਲਵਪ੍ਰੀਤ ਸਿੰਘ ਤੂਫਾਨ ਨੂੰ ਸਹੀ ਦੋਸ਼ਾਂ ਅਧੀਨ ਫੜਿਆ ਸੀ ਤਾਂ ਫਿਰ ਪੁਲਿਸ ਛੱਡਣ ਲਈ ਕਿਓਂ ਮੰਨੀ? ਛੱਡਣ ਤੇ ਪਰਚੇ ਰੱਦ ਕਰਨ ਲਈ ਮੰਨਣਾ ਸਿੱਧ ਕਰ ਗਿਆ ਕਿ ਉਸਨੂੰ ਝੂਠਾ ਫਸਾਇਆ ਜਾ ਰਿਹਾ ਸੀ।

ਕੀ ਹੁਣ ਪੰਜਾਬ ਦਾ ਹਰ ਉਹ ਵਿਅਕਤੀ ਜਿਸ ‘ਤੇ ਝੂਠੇ ਕੇਸ ਪਾਏ ਹੋਏ ਹਨ, ਇਹੀ ਰਾਹ ਅਪਣਾਵੇ? ਵੱਡੇ ਇਕੱਠ ਕਰਕੇ ਥਾਣੇ ਤੇ ਅਦਾਲਤਾਂ ਘੇਰੇ?

ਪਿਛਲੇ ਹਫ਼ਤੇ ਸਾਬਕਾ ਡੀਐਸਪੀ ਬਲਵਿੰਦਰ ਸੇਖੋਂ ਨੇ ਸਾਰੇ ਨੰਗੇ ਕਰ ਦਿੱਤੇ ਕਿ ਕਿਵੇਂ ਪੁਲਿਸ-ਸਰਕਾਰ-ਜੱਜ ਮਿਲੇ ਹੋਏ ਹਨ। ਕਨੂੰਨ ਹੀ ਨਸ਼ਾ ਤਸਕਰਾਂ ਨੂੰ ਨੰਗੀ ਕਰਦੀ ਰਿਪੋਰਟ ਨੱਪੀ ਬੈਠਾ। ਉਲਟਾ ਸੇਖੋਂ ਨੂੰ ਹੀ ਚੁੱਕ ਕੇ ਅੰਦਰ ਕਰ ਦਿੱਤਾ। ਕੀ ਹਰ ਨਿਰਦੋਸ਼ ਨੂੰ ਛੁਡਾਉਣ ਲਈ ਉਸਦੇ ਨਜਦੀਕੀਆਂ ਨੂੰ ਉਵੇਂ ਹੀ ਇਕੱਠ ਕਰਨੇ ਪੈਣਗੇ, ਜਿਵੇਂ ਅੱਜ ਅਜਨਾਲਾ ਵਿਖੇ ਕੀਤਾ ਗਿਆ।

ਗੱਲ ਅਮ੍ਰਿਤਪਾਲ ਸਿੰਘ, ਸਾਬਕਾ ਡੀਐਸਪੀ ਸੇਖੋਂ ਜਾਂ ਵਿਤਕਰੇ ਤੇ ਬੇਇਨਸਾਫ਼ੀ ਲਈ ਲੜ ਰਹੇ ਕੁਝ ਹੋਰ ਸਿਰਾਂ ਦੀ ਨਹੀਂ, ਗੱਲ ਵਰਤਾਰੇ ਦੀ ਹੈ। ਜਦੋਂ ਕਨੂੰਨ-ਸੰਵਿਧਾਨ ਫ਼ੇਲ੍ਹ ਹੋ ਜਾਣ ਤਾਂ ਅਕਸਰ ਲੋਕ ਸੜਕਾਂ ‘ਤੇ ਆ ਜਾਂਦੇ ਹਨ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਅਜਨਾਲਾ ਪੁਲਿਸ ਵੱਲੋਂ ਪਰਚਾ ਰੱਦ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਚੁੱਕ ਲਿਆ ਹੈ। ਅੰਮ੍ਰਿਤਸਰ ਦੇ ਐਸ.ਐਸ. ਪੀ. ਨੇ ਕਿਹਾ ਕਿ ਸਾਡੇ ਸਾਹਮਣੇ ਪੇਸ਼ ਸਬੂਤਾਂ ਅਨੁਸਾਰ ਲਵਪ੍ਰੀਤ ਤੂਫ਼ਾਨ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਬਣਾ ਦਿੱਤੀ ਗਈ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦਾ ਘਿਰਾਓ ਕੀਤਾ ਗਿਆ ਸੀ। ਦਰਅਸਲ ਪੁਲਿਸ ਉੱਤੇ ਹਮਲਾ ਕਰਨ ਵਾਲੇ ਲੋਕ ਲਵਪ੍ਰੀਤ ਸਿੰਘ ਤੂਫਾਨ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਸਨ। ਦੂਜੇ ਪਾਸੇ ਪੁਲਿਸ ਦੇ ਵੱਲੋਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਰੋਕਣ ਲਈ ਬੈਰੀਕੇਡਿੰਗ ਕੀਤੀ ਗਈ ਸੀ। ਪੁਲਿਸ ਦੇ ਨਾਲ ਝੜਪ ਦੇ ਦੌਰਾਨ 6 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਪੁਲਿਸ ਨੂੰ ਅਲਟੀਮੇਟਮ ਦਿੱਤਾ ਗਿਆ ਸੀ ।

ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਵੱਡੀ ਸੰਖਿਆਂ ਵਿੱਚ ਅਜਨਾਲਾ ਜਾਣਗੇ ਅਤੇ ਪੁਲਿਸ ਵੱਲੋਂ ਲਵਪ੍ਰੀਤ ਸਿੰਘ ਤੂਫਾਨ ਉੱਤੇ ਦਰਜ ਕੀਤੇ ਮਾਮਲੇ ਦਾ ਵਿਰੋਧ ਕਰਨਗੇ। ਇਸ ਕਾਫਿਲੇ ਦੇ ਆਉਣ ਦੀ ਸੂਚਨਾ ਤੋਂ ਪਹਿਲਾਂ ਪੁਲਿਸ ਨੇ ਚੌਕਸੀ ਵਧਾ ਦਿੱਤੀ ਸੀ। ਜਿਸ ਵੇਲੇ ਹੰਗਾਮਾ ਹੋਇਆ ਤਾਂ ਉਸ ਵੇਲੇ ਅੰਮ੍ਰਿਤਪਾਲ ਸਿੰਘ ਵੀ ਅਜਨਾਲਾ ਪਹੁੰਚ ਗਿਆ ਸੀ। ਹਾਲਾਂਕਿ ਐਸਐਸਪੀ ਸਤਿੰਦਰ ਸਿੰਘ ਨਾਲ ਮੀਟਿੰਗ ਵੀ ਹੋਈ ਅਤੇ ਜਥੇਬੰਦੀ ਨੇ ਪੁਲਿਸ ਨੂੰ ਚਿਤਾਵਨੀ ਦੇ ਨਾਲ ਨਾਲ 1 ਘੰਟੇ ਦਾ ਅਲਟੀਮੇਟਮ ਦਿੱਤਾ ਕਿ ਤੂਫਾਨ ਸਿੰਘ ਨੂੰ ਛੱਡ ਦਿੱਤਾ ਜਾਵੇ।