ਸਰਕਾਰ ਨੂੰ ਪੰਜਾਬ ਅਤੇ ਸਿੱਖਾਂ ਦੇ ਬਣ ਰਹੇ ਉਭਾਰ ਅਤੇ ਉਨ੍ਹਾਂ ਵਿਚਲੇ ਵਿਰੋਧ-ਬਾਗੀਪੁਣੇ ਤੋਂ ਬਹੁਤਾ ਡਰਨ ਦੀ ਹੁਣ ਲੋੜ ਨਹੀਂ। ਜਿਹੜਾ ਕੰਮ ਸਰਕਾਰ ਚਾਹੁੰਦੀ ਹੈ, ਉਹ ਸਿੱਖਾਂ ਨੇ ਆਪ ਹੀ ਕਰ ਲੈਣਾ।
ਹੁਣ ਤੱਕ ਸਿੱਖਾਂ ਦਾ ਨੁਕਸਾਨ ਕਰਨ ਲਈ ਸਿਰਜੇ ਗਏ “ਸਿੱਖ ਬਨਾਮ ਹਿੰਦੂ” ਅਤੇ “ਜੱਟ ਬਨਾਮ ਦਲਿਤ” ਵਾਲੇ ਬਿਰਤਾਂਤ ਤਾਂ ਪੰਜਾਬ ਵਿਚ ਕਾਮਯਾਬ ਨਹੀਂ ਹੋਏ ਪਰ ਸਿੱਖਾਂ ਹੁਣ ਖੁਦ ਹੀ “ਸਿੱਖ ਬਨਾਮ ਸਿੱਖ” ਵਾਲੇ ਬਿਰਤਾਂਤ ‘ਚ ਸਿਰਫ ਉਲਝ ਹੀ ਨਹੀਂ ਰਹੇ ਸਗੋਂ ਉਸਨੂੰ ਦੁਸ਼ਮਣੀ ਵਾਲੀ ਕੁੜੱਤਣ ਤੱਕ ਲਿਜਾ ਰਹੇ ਨੇ।

ਲੋੜ ਸੀ ਜਦੋਂ ਸਿੱਖ ਕਿਸੇ ਮੁਹਿੰਮ ‘ਚ ਮੂਹਰੇ ਹੋਣ ਤਾਂ ਪੰਜਾਬ ਦੇ ਬਾਕੀ ਸੁਹਿਰਦ ਲੋਕਾਂ ਨੂੰ ਵੀ ਨਾਲ ਲੈਣ, ਕਿਸਾਨ ਅੰਦੋਲਨ ਇਸ ਦੀ ਉਦਾਹਰਣ ਸੀ ਤੇ ਬੰਦੀ ਸਿੰਘਾਂ ਦੇ ਮੋਰਚੇ ਨੂੰ ਅਜਿਹੀ ਹਮਾਇਤ ਮਿਲ ਰਹੀ ਹੈ, ਪਰ ਤਾਜ਼ਾ ਟਰੈਂਡ ਮੁਤਾਬਕ ਤਾਂ ਇਹ ਆਪਸ ‘ਚ ਇਕ ਦੂਜੇ ਨੂੰ ਖਤਮ ਕਰਨ ਵਾਲੇ ਢੰਗ ਨਾਲ ਲੜ ਰਹੇ ਨੇ।

ਇਹੀ ਕੁਝ ਪਹਿਲਾਂ ਧਰਮ ਯੁੱਧ ਮੋਰਚੇ ਦੌਰਾਨ ਦੋਵਾਂ ਸੰਤਾਂ ਦਰਮਿਆਨ ਹੋਇਆ, ਫਿਰ ਖਾੜਕੂ ਲਹਿਰ ਦੌਰਾਨ ਵੀ ਜਥੇਬੰਦੀਆਂ ਦਰਮਿਆਨ ਇਹੀ ਕੁਝ ਹੋਇਆ। ਸਰਕਾਰ ਨੇ ਤਾਂ ਚਲੋ, ਜੋ ਕੀਤਾ ਸੋ ਕੀਤਾ, ਖਾੜਕੂ ਧਿਰਾਂ ਨੇ ਇੱਕ ਦੂਜੇ ਨਾਲ ਕੀ ਕੀਤਾ ?

ਜੇ ਹੁਣ ਵੀ ਹਾਲਾਤ ਉਹੋ ਜਿਹੇ ਹੀ ਬਣ ਰਹੇ ਨੇ ਤਾਂ ਨਤੀਜੇ ਉਸ ਨਾਲੋਂ ਵੱਖਰੇ ਕਿਵੇਂ ਹੋ ਸਕਦੇ ਨੇ? ਕਤਲ (Assassination) ਤੇ ਕਿਰਦਾਰਕੁਸ਼ੀ (Character Assassination) ਦੇ ਨਤੀਜੇ ਰਾਜਨੀਤਕ ਤੌਰ ‘ਤੇ ਇੱਕੋ ਜਿਹੇ ਹੁੰਦੇ ਹਨ। ਇਸ ਆਪਸੀ “ਜੰਗ” ਦੇ ਨਤੀਜੇ ਵੀ ਪਹਿਲਾਂ ਵਾਂਗ ਰਹਿਣਗੇ ਤੇ ਕੁਝ ਚੰਗਾ ਹੋਣ ਦੀ ਆਸ ਵਿੱਚ ਦੁਨੀਆ ਭਰ ਵਿੱਚ ਬੈਠਾ ਵੱਡਾ ਪੰਜਾਬੀ/ਸਿੱਖ ਭਾਈਚਾਰਾ ਅਖੀਰ ਫਿਰ ਨਿਰਾਸ਼ ਹੋਵੇਗਾ, ਆਪਸੀ ਕਲੇਸ਼ ਕਾਰਨ।

ਕੋਈ ਵੱਡੀ ਗੱਲ ਨਹੀਂ ਜਿਵੇਂ ਮਿਸ਼ਨਰੀ ਬਨਾਮ ਟਕਸਾਲੀ ਅਤੇ ਹੋਰ ਕਈ ਮੁੱਦਿਆਂ ‘ਤੇ ਜਿਵੇਂ ਫੇਕ ਆਈਡੀਆਂ ਨੇ ਪਹਿਲਾਂ ਅੱਗ ਥੋੜੀ ਜਿਹੀ ਮਘਾਈ, ਫਿਰ ਕੰਮ ਆਪੇ ਅੱਗੇ ਚੱਲ ਪਿਆ, ਹੁਣ ਵੀ ਅਜਿਹਾ ਹੀ ਹੋ ਰਿਹਾ। ਗੱਲ ਜਰਨ ਦਾ ਮਾਦਾ ਨਾ ਰੱਖਣ ਵਾਲੇ ਤਿੱਖੀਆਂ ਤੇ ਕੌੜੀਆਂ ਗੱਲਾਂ ਕਰਦੇ ਰਹੇ, ਜਵਾਬ ਵਿੱਚ ਵੀ ਵਾਪਸ ਕੁੜੱਤਣ ਤੇ ਸਾੜਾ ਮਿਲਿਆ।

ਉੱਤੋਂ ਧਿਰਾਂ ਦੇ ਆਈਟੀ ਸੈੱਲ (ਜ਼ਰੂਰੀ ਨਹੀਂ ਇਹ ਤਨਖ਼ਾਹਦਾਰ ਹੋਣ ਪਰ ਇੱਕ ਸੋਚ ਅਧੀਨ ਇੱਕੋ ਜਿਹਾ ਐਕਸ਼ਨ ਤੇ ਰਿਐਕਸ਼ਨ ਕਰਦੇ ਹਨ) ਨੇ ਓਹੀ ਬਲਦੀ ‘ਤੇ ਤੇਲ ਪਾਉਣ ਦਾ ਰੋਲ ਨਿਭਾਉਣਾ ਜਾਰੀ ਰੱਖਿਆ ਹੋਇਆ ਹੈ। ਕਈ ਆਮ ਸਮਰਥਕ ਫਿਰ ਦੇਖਾ ਦੇਖੀ ਅੱਗ ‘ਚ ਕੁੱਦ ਪੈਂਦੇ ਹਨ ਕਿ ਮੇਰੇ ‘ਤੇ ਕਿਤੇ ਚੁੱਪ ਰਹਿਣ ਦਾ ਇਲਜ਼ਾਮ ਨਾ ਲੱਗ ਜਾਵੇ, ਮੈਂ ਕਿਤੇ ਘੱਟ ਪੰਥਕ ਨਾ ਰਹਿ ਜਾਵਾਂ।
ਜੇ ਨਤੀਜੇ ਪਹਿਲਾਂ ਨਾਲ਼ੋਂ ਵੱਖਰੇ ਚਾਹੀਦੇ ਹਨ ਤਾਂ ਆਦਤਾਂ ਵੀ ਪਹਿਲਾਂ ਨਾਲ਼ੋਂ ਵੱਖਰੀਆਂ ਕਰਨੀਆਂ ਪੈਣਗੀਆਂ।

ਕਈ ਕੁਰਬਾਨੀ ਵਾਲੇ ਸੱਜਣਾਂ, ਖਾੜਕੂਵਾਦ ਵੇਲੇ ਤਸੀਹੇ ਝੱਲਣ ਵਾਲਿਆਂ, ਕੁਝ ਸੁਹਿਰਦ ਦਾਨਿਸ਼ਵਰਾਂ ਨੂੰ ਵੀ ਫਤਵੇ ਦਿੱਤੇ ਜਾ ਚੁੱਕੇ ਨੇ। ਜਿਵੇਂ ਕੁੜੱਤਣ, ਗਾਲ੍ਹਾਂ ਤੇ ਫਤਵਿਆਂ ਦਾ ਪ੍ਰਸ਼ਾਦ ਵਰਤਾਇਆ ਜਾ ਰਿਹਾ ਹੈ, ਉਸ ਨਾਲ ਜਿਹੜੀਆਂ ਕੁਝ ਕੁ ਸਿਆਣੀਆਂ ਅਵਾਜ਼ਾਂ, ਜੋ ਹਾਲੇ ਨਿਕਲਦੀਆਂ ਹਨ, ਉਹ ਵੀ ਸ਼ਾਇਦ ਬੇਇੱਜ਼ਤ ਹੋਣ ਦੇ ਡਰੋਂ ਬੰਦ ਹੋ ਜਾਣ।
#Unpopular_Opinions #Unpopular_Ideas #Unpopular_Facts

ਹਰ ਕੋਈ ਤੁਹਾਡਾ ਦੁਸ਼ਮਣ ਨਹੀਂ ਹੁੰਦਾ, ਹਰ ਕੋਈ ਸਟੇਟ ਦਾ ਬੰਦਾ ਨਹੀਂ ਹੁੰਦਾ, ਹਰ ਕੋਈ ਸਰਕਾਰੀ ਸੰਦ ਨਹੀਂ ਹੁੰਦਾ।

ਬਹੁਤਿਆਂ ਨੂੰ ਤੁਹਾਡੀ ਬਹੁਤੀਆਂ ਗੱਲਾਂ ਪਸੰਦ ਹੁੰਦੀਆਂ ਪਰ ਕੁਝ ਗੱਲਾਂ ਪਸੰਦ ਨਹੀਂ ਹੁੰਦੀਆਂ। ਇਹ ਕਦੇ ਨਹੀਂ ਹੁੰਦਾ ਕਿ ਕਿਸੇ ਨੂੰ ਕਿਸੇ ਦਾ ਸਾਰਾ ਕੁਝ ਹੀ ਪਸੰਦ ਹੋਵੇ।

ਜੇਕਰ ਕੋਈ ਬਹੁਤ ਥਾਂ ਤੁਹਾਡਾ ਬਚਾਅ ਵੀ ਕਰੇ, ਤੁਹਾਡੀ ਮੰਜ਼ਲ ਦਾ ਹਾਮੀ ਵੀ ਹੋਵੇ, ਤੁਹਾਡਾ ਸ਼ੁੱਭਚਿੰਤਕ ਵੀ ਹੋਵੇ, ਤੁਹਾਡਾ ਬਹੁਤਾ ਕੁਝ ਪਸੰਦ ਵੀ ਕਰਦਾ ਹੋਵੇ, ਪਰ ਕੁਝ ਗੱਲਾਂ ਨਾ ਪਸੰਦ ਕਰੇ, ਸ਼ਬਦ ਸੰਕੋਚ ਕੇ ਸਲਾਹ ਦੇਵੇ, ਉਸਨੂੰ ਦੋਸਤ ਮੰਨੀਦਾ, ਉਹ ਦੁਸ਼ਮਣ ਨਹੀਂ ਹੁੰਦਾ।

ਤੁਹਾਡੀ ਹਰ ਗੱਲ ਦੀ, ਹਰ ਵੇਲੇ ਅੰਨ੍ਹੀ ਹਮਾਇਤ ਕਰਨ ਵਾਲਾ ਵੀ ਜ਼ਰੂਰੀ ਨਹੀਂ ਤੁਹਾਡਾ ਦੋਸਤ ਹੋਵੇ। Yes-men ਬੜੀ ਵਾਰੀ ਅੰਨ੍ਹੀ ਗਲੀ ਵੱਲ ਲੈ ਜਾਂਦੇ ਨੇ।
#Unpopular_Opinions