ਭਾਰਤ ਨੇ ਬੁੱਧਵਾਰ ਨੂੰ ਯੂਕਰੇਨ ਵਿਰੁੱਧ ਰੁੂਸੀ ਹਮਲੇ ਦੀ ਨਿਖੇਧੀ ਕਰਨ ਵਾਲੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਮਤੇ ’ਤੇ ਕਰਵਾਈ ਵੋਟਿੰਗ ’ਚ ਹਿੱਸਾ ਲਈ ਲਿਆ। ਯੂਕਰੇਨ ਸੰਕਟ ’ਤੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਰੁੂਸ ਖ਼ਿਲਾਫ਼ ਪਾਸ ਕੀਤੇ ਮਤਿਆਂ ਤੋਂ ਭਾਰਤ ਤੀਜੀ ਵਾਰ ਗੈਰਹਾਜ਼ਰ ਰਿਹਾ ਹੈ। 193 ਮੈਂਬਰੀ ਆਮ ਸਭਾ ਨੇ ਬੁੱਧਵਾਰ ਨੂੰ ਯੂਕਰੇਨ ਦੀ ਅੰਤਰਰਾਸ਼ਟਰੀ ਤੌਰ ‘ਤੇ ਮਾਨਤਾ ਪ੍ਰਾਪਤ ਸਰਹੱਦਾਂ ਦੇ ਅੰਦਰ ਯੂਕਰੇਨ ਦੀ ਪ੍ਰਭੂਸੱਤਾ, ਸੁਤੰਤਰਤਾ, ਏਕਤਾ ਅਤੇ ਖੇਤਰੀ ਅਖੰਡਤਾ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨ ਅਤੇ ਯੂਕਰੇਨ ਵਿਰੁੱਧ ਰੂਸ ਦੇ ਹਮਲੇ ਦੀ ‘ਸਖਤ ਸ਼ਬਦਾਂ ਵਿੱਚ ਨਿੰਦਾ’ ਕਰਨ ਲਈ ਵੋਟਿੰਗ ਕੀਤੀ। ਮਤੇ ਦੇ ਹੱਕ ਵਿੱਚ 141 ਵੋਟਾਂ ਪਈਆਂ ਜਦੋਂ ਕਿ ਪੰਜ ਮੁਲਕਾਂ ਨੇ ਵਿਰੋਧ ਵਿੱਚ ਵੋਟ ਪਾਈ ਅਤੇ 35 ਮੁਲਕ ਵੋਟਿੰਗ ਤੋਂ ਗੈਰਹਾਜ਼ਰ ਰਹੇ।

The Institute for the Study of War with AEI’s Critical Threats Project ਮੁਤਾਬਕ ਰੂਸੀ ਫੌਜਾਂ ਯੂਕਰੇਨੀ ਨਕਸ਼ੇ ‘ਤੇ ਲਾਲ ਕੀਤੇ ਗਏ ਹਿੱਸੇ ‘ਤੇ ਕਾਬਜ਼ ਹੋ ਚੁੱਕੀਆਂ ਹਨ ਅਤੇ ਸਖਤ ਟਾਕਰੇ ਦਾ ਸਾਹਮਣਾ ਕਰਕੇ ਰਾਜਧਾਨੀ ਕੀਵ ਵੱਲ ਵਧ ਰਹੀਆਂ ਹਨ। ਉੱਤਰ ਤੇ ਦੱਖਣ ਦੇ ਯੂਕਰੇਨੀ ਸ਼ਹਿਰਾਂ ‘ਤੇ ਕਬਜ਼ੇ ਜਾਰੀ ਹਨ।

ਰੂਸ ਦਾ ਇਰਾਦਾ ਜਲਦ ਤੋਂ ਜਲਦ ਕੀਵ ਪਹੁੰਚ ਕੇ ਸਰਕਾਰ ਦਾ ਤਖਤਾ ਪਲਟਣਾ ਹੈ ਤਾਂ ਜੋ ਆਪਣੀ ਕਠਪੁਤਲੀ ਸਰਕਾਰ ਬਣਾ ਕੇ ਯੂਰਪੀਅਨ ਯੂਨੀਅਨ ਅਤੇ ਨੈਟੋ ਤੋਂ ਦੂਰੀ ਰੱਖੀ ਜਾ ਸਕੇ।
ਰੂਸ ਦੇ ਵਿਦੇਸ਼ ਮੰਤਰੀ ਨੇ ਇੱਕ ਵਾਰ ਫਿਰ ਧਮਕੀ ਦਿੱਤੀ ਹੈ ਕਿ ਵਧੇਰੇ ਪਾਬੰਦੀਆ ਲਾਉਣ ਦਾ ਮਤਲਬ ਸਾਨੂੰ ਪਰਮਾਣੂ ਹਥਿਆਰ ਵਰਤਣ ਵੱਲ ਧੱਕਣਾ ਹੈ।

ਦੂਜੇ ਪਾਸੇ ਯੂਕਰੇਨੀ ਰਾਸ਼ਟਰਪਤੀ ਨੇ ਪੱਛਮੀ ਮੁਲਕਾਂ ਨੂੰ ਮਿਹਣਾ ਮਾਰਿਆ ਕਿ ਕਹੀ ਜਾਂਦੇ ਸੀ ਮੁੜ ਕੇ ਨਹੀਂ ਅਜਿਹੇ ਹਾਲਾਤ ਨਹੀਂ ਬਣਨ ਦੇਣੇ, ਜੋ 80 ਸਾਲ ਪਹਿਲਾਂ ਸਨ, ਹੁਣ ਬਣ ਤਾਂ ਗਏ ਹਨ, ਕਰੋ ਕੁਝ।

….ਪਰ ਪੱਛਮੀ ਮੁਲਕ ਹਾਲੇ ਸਿਰਫ ਪਾਬੰਦੀਆਂ ਹੀ ਵਧਾ ਰਹੇ ਹਨ, ਪਰਦੇ ਪਿੱਛੇ ਬੇਸ਼ੱਕ ਕੁਝ ਨਾ ਕੁਝ ਕਰ ਰਹੇ ਹੋਣ। ਗੁਆਂਢੀ ਮੁਲਕ ਪੋਲੈਂਡ ਨੇ ਵੀ ਜਵਾਬ ਦੇ ਦਿੱਤਾ ਹੈ ਕਿ ਰਾਹਤ ਸਮੱਗਰੀ ਤਾਂ ਪਹੁੰਚਾ ਸਕਦੇ ਹਾਂ ਪਰ ਯੂਕਰੇਨ ਦੇ ਬਚਾਅ ਲਈ ਆਪਣੇ ਜੰਗੀ ਜਹਾਜ਼ ਨਹੀਂ ਭੇਜ ਸਕਦੇ।

ਓਧਰ ਸੰਯੁਕਤ ਰਾਸ਼ਟਰ ‘ਚ ਰੂਸ ਖਿਲਾਫ ਹਮਲਾ ਰੋਕਣ ਲਈ ਲਿਆਂਦੇ ਮਤੇ ‘ਚ ਬਹੁਗਿਣਤੀ ਮੁਲਕਾਂ ਨੇ ਇਸ ਮਤੇ ਦੀ ਹਮਾਇਤ ਕੀਤੀ, 35 ਮੁਲਕ ਗੈਰਹਾਜ਼ਰ ਰਹੇ ਜਦਕਿ ਸੀਰੀਆ, ਨੌਰਥ ਕੋਰੀਆ, ਬੈਲਾਰੂਸ ਅਤੇ ਕਿਊਬਾ ਨੇ ਰੂਸ ਦਾ ਸਾਥ ਦਿੱਤਾ। ਭਾਰਤ ਇਸ ਵਾਰ ਵੀ ਗੈਰ-ਹਾਜ਼ਰ ਰਿਹਾ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ