ਪੰਜਾਬੀ ਯੂਨੀਵਰਸਿਟੀ ਵਿੱਚ ਕਿਉਂ ਹੋਇਆ ਸੀ ਨੌਜਵਾਨ ਦਾ ਕਤਲ , ਪੜ੍ਹੋ ਵੱਡਾ ਖੁਲਾਸਾ

ਪਟਿਆਲਾ , 1 ਮਾਰਚ 2023: ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀ ਦੇ ਕਤਲ ਦਾ ਕਾਰਨ ਬਿਜਲੀ ਦਾ ਬਿੱਲ ਸੀ। ਨੌਜਵਾਨਾਂ ਵਿਚਾਲੇ ਕਿਰਾਏ ‘ਤੇ ਲਈ ਕੋਠੀ ਦਾ ਬਿਜਲੀ ਬਿੱਲ ਭਰਨ ਨੂੰ ਲੈ ਕੇ ਸ਼ੁਰੂ ਹੋਇਆ ਝਗੜਾ ਕਤਲ ਤਕ ਪੁੱਜ ਗਿਆ। ਵਿਦਿਆਰਥੀ ਨਵਜੋਤ ਸਿੰਘ ਵਾਸੀ ਸੰਗਤਪੁਰਾ ਦੇ ਕਤਲ ਮਾਮਲੇ ‘ਚ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਐਸਐਸਪੀ ਵਰੁਣ ਸ਼ਰਮਾ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਨਵਜੋਤ ਸਿੰਘ ਕਤਲ ਮਾਮਲੇ ‘ਚ ਮਨਦੀਪ ਸਿੰਘ ਜੁਗਨੂੰ ਵਾਸੀ ਪਿੰਡ ਥੇੜੀ, ਮੋਹਿਤ ਕੰਬੋਜ ਵਾਸੀ ਫਾਜ਼ਿਲਕਾ, ਸੰਨਜੋਤ ਸਿੰਘ ਵਾਸੀ ਪਿੰਡ ਠੇਠਰ ਕਲਾਂ ਫਿਰੋਜਪੁਰ, ਹਰਵਿੰਦਰ ਸਿੰਘ ਵਾਸੀ ਪਿੰਡ ਮੋਰਵਾਲੀ ਫਰੀਦਕੋਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਮੋਹਿਤ ਕੰਬੋਜ ਆਪਣੇ ਚਾਰ ਸਾਥੀਆਂ ਜੋ ਇਸ ਲੜਾਈ ਵਿਚ ਜ਼ਖ਼ਮੀ ਹੋਏ ਸੀ, ਨਾਲ ਮਿਲ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਹਰ ਇਕ ਕੋਠੀ ਕਿਰਾਏ ‘ਤੇ ਲੈ ਕੇ ਰਹਿੰਦਾ ਸੀ। ਕੋਠੀ ਦੇ ਬਿਜਲੀ ਬਿੱਲ ਨੂੰ ਲੈ ਕੇ 26 ਫਰਵਰੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਇਨ੍ਹਾਂ ਦੀ ਆਪਸ ਵਿਚ ਬਹਿਸ ਹੋਈ ਸੀ। 27 ਫਰਵਰੀ ਨੂੰ ਮੋਹਿਤ ਨੇ ਆਪਣੇ ਬਾਕੀ ਸਾਥੀਆਂ ਨਾਲ ਮਿਲ ਕੇ ਨਵਜੋਤ ਸਿੰਘ ਤੇ ਹੋਰਾਂ ‘ਤੇ ਯੂਨੀਵਰਸਿਟੀ ਅੰਦਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਦੌਰਾਨ ਨਵਜੋਤ ਦੀ ਮੌਤ ਹੋ ਗਈ।