ਯੂਪੀ ਪੁਲਿਸ ਨੇ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਖ਼ਿਲਾਫ਼ ਕੀਤੀ ਐਫਆਈਆਰ ਦਰਜ, ਜਾਣੋ ਵਜ੍ਹਾ

ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਖਿਲਾਫ਼ ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਪੁਲਿਸ ਸਟੇਸ਼ਨ ‘ਚ ਐੱਫ.ਆਈ.ਆਰ ਦਰਜ ਕੀਤੀ ਗਈ ਹੈ। ਇਹ ਐਫਆਈਆਰ ਗ਼ੈਰ-ਜ਼ਮਾਨਤੀ ਧਾਰਾ-409 ਤਹਿਤ ਦਰਜ ਕੀਤੀ ਗਈ ਹੈ। ਰਿਪੋਰਟ ਮੁਤਾਬਕ ਇਹ ਮਾਮਲਾ ਤੁਲਸਿਆਨੀ ਕੰਸਟਰਕਸ਼ਨ ਐਂਡ ਡਿਵੈਲਪਰਸ ਲਿਮਟਿਡ ਦੇ ਸੀਐਮਡੀ ਅਨਿਲ ਕੁਮਾਰ ਤੁਲਸਿਆਨੀ, ਡਾਇਰੈਕਟਰ ਮਹੇਸ਼ ਤੁਲਸਿਆਨੀ ਅਤੇ ਕੰਪਨੀ ਦੀ ਬ੍ਰਾਂਡ ਅੰਬੈਸਡਰ ਗੌਰੀ ਖਾਨ ਖਿਲਾਫ ਦਰਜ ਕੀਤਾ ਗਿਆ ਹੈ। ਪੀੜਤਾ ਅਨੁਸਾਰ ਸਾਲ 2015 ‘ਚ ਗੌਰੀ ਖਾਨ ਮੈਸਰਜ਼ ਤੁਲਸਿਆਨੀ ਕੰਸਟਰਕਸ਼ਨ ਐਂਡ ਡਿਵੈਲਪਰਜ਼ ਗਰੁੱਪ ਦੀ ਬ੍ਰਾਂਡ ਅੰਬੈਸਡਰ ਸੀ।

ਗੌਰੀ ਕੰਪਨੀ ਦਾ ਪ੍ਰਚਾਰ ਕਰ ਰਹੀ ਸੀ। ਗੌਰੀ ਨੇ ਕੰਪਨੀ ਵੱਲੋਂ ਸੁਸ਼ਾਂਤ ਗੋਲਫ ਸਿਟੀ ਵਿਚ ਫਲੈਟਾਂ ਦੀ ਉਸਾਰੀ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ। ਗੌਰੀ ਦੀ ਗੱਲ ‘ਤੇ ਭਰੋਸਾ ਕਰਦੇ ਹੋਏ ਪੀੜਤਾ ਨੇ ਸਾਲ 2015 ‘ਚ ਲਖਨਊ ‘ਚ ਕੰਪਨੀ ਦੇ ਚੀਫ ਮੈਨੇਜਿੰਗ ਡਾਇਰੈਕਟਰ ਅਨਿਲ ਕੁਮਾਰ ਅਤੇ ਡਾਇਰੈਕਟਰ ਮਹੇਸ਼ ਤੁਲਸਿਆਨੀ ਨਾਲ ਮੁਲਾਕਾਤ ਕੀਤੀ ਸੀ। ਦੋਸ਼ ਹੈ ਕਿ ਦੋਵਾਂ ਨੇ 86 ਲੱਖ ਰੁਪਏ ‘ਚ ਫਲੈਟ ਦੇਣ ਦਾ ਭਰੋਸਾ ਦਿੱਤਾ ਸੀ।

ਇਸ ਤੋਂ ਇਲਾਵਾ ਸਾਲ ਬਾਅਦ ਫਲੈਟ ਦਾ ਕਬਜ਼ਾ ਲੈਣ ਦੀ ਵੀ ਗੱਲ ਹੋਈ। ਇਸ ਦੀ ਆੜ ‘ਚ ਪੀੜਤਾ ਨੇ ਦੋਸ਼ੀ ਦੇ ਦੱਸੇ ਖਾਤੇ ‘ਚ 85.46 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਸਨ। ਉਦੋਂ ਮੁਲਜ਼ਮ ਨੇ ਛੇ ਮਹੀਨਿਆਂ ‘ਚ ਕਬਜ਼ਾ ਨਾ ਮਿਲਣ ਉਤੇ ਵਿਆਜ ਸਮੇਤ ਰਕਮ ਵਾਪਸ ਕਰਨ ਦੀ ਗੱਲ ਕਹੀ ਸੀ।

ਹਾਲਾਂਕਿ ਪੈਸੇ ਲੈਣ ਤੋਂ ਬਾਅਦ ਮੁਲਜ਼ਮਾਂ ਨੇ ਕਬਜ਼ਾ ਨਹੀਂ ਦਿੱਤਾ। ਇੰਨਾ ਹੀ ਨਹੀਂ ਪੀੜਤ ਵੱਲੋਂ ਬੁੱਕ ਕਰਵਾਏ ਫਲੈਟ ਦਾ ਐਗਰੀਮੈਂਟ ਵੀ ਕਿਸੇ ਹੋਰ ਨੂੰ ਟਰਾਂਸਫਰ ਕਰ ਦਿੱਤਾ ਗਿਆ। ਪੈਸੇ ਵਾਪਿਸ ਮੰਗਣ ‘ਤੇ ਮੁਲਜ਼ਮ ਫ਼ਰਾਰ ਹੋ ਗਏ। ਦੁਖੀ ਹੋ ਕੇ ਪੀੜਤਾ ਨੇ ਐਫਆਈਆਰ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ।