ਪੁਲਿਸ ‘ਤੇ ਮੀਡੀਏ ਦੀ ਹਾਜ਼ਰੀ ਵਿੱਚ ਯੂਪੀ ਅੰਦਰ ਅਹਿਮਦ ਭਰਾਵਾਂ (ਡੌਨ ਅਤੇ ਸਿਆਸੀ ਨੇਤਾ) ਦਾ ਸ਼ਰੇਆਮ ਕਤਲ ਫਿਲਮੀ ਤਰੀਕੇ ਕੀਤਾ ਗਿਆ।

ਹੁਣ ਪੰਜ ਦਿਨ ਮੀਡੀਆ ਇਹੀ ਮਸਲਾ ਚਲਾਵੇਗਾ। ਸਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਪੁਲਮਾਵਾ ਹਮਲੇ ‘ਚ ਮੋਦੀ ਅਤੇ ਡੋਵਲ ਦੀ ਭੂਮਿਕਾ ਬਾਰੇ ਚੁੱਕੇ ਸਵਾਲ ਦੱਬ ਜਾਣਗੇ। ਵੈਸੇ ਵੀ “ਦਾ ਵਾਇਰ” ਵੱਲੋਂ ਕੀਤੀ ਇਸ ਇੰਟਰਵਿਊ ਤੋਂ ਬਾਅਦ ਬਹੁਤਾਤ ਮੀਡੀਆ ਸੌਂ ਹੀ ਗਿਆ ਸੀ, ਜਿਵੇਂ ਉਨ੍ਹਾਂ ਤੱਕ ਇਹ ਖੁਲਾਸੇ ਪੁੱਜੇ ਹੀ ਨਾ ਹੋਣ।

ਕਨੂੰਨ, ਸੰਵਿਧਾਨ, ਦੇਸ਼, ਫ਼ੌਜੀ ਆਦਿ ਲਫ਼ਜ਼ਾਂ ਦੀ ਰਟ ਲਾਉਣ ਵਾਲੇ ਚਾਲੀ ਭਾਰਤੀ ਫ਼ੌਜੀਆਂ ਦੇ ਕਤਲ ਦੀ ਸਾਜ਼ਿਸ਼ ਨੰਗੀ ਹੋਣ ਲੱਗੀ ਤਾਂ ਚੁੱਪ ਹੀ ਕਰ ਗਏ। ਹੁਣ ਯੂਪੀ ਮਸਲੇ ਨੇ ਮਲਿਕ ਦੇ ਖੁਲਾਸੇ ਬਿਲਕੁਲ ਹੀ ਰੋਲ਼ ਦੇਣੇ ਹਨ।


ਜਿਸ ਤਰਾਂ ਅਹਿਮਦ ਭਰਾਵਾਂ ਦੇ ਐਨ ਲਾਗਿਓਂ ਗੋਲੀਆਂ ਮਾਰਨ ਵਾਲਿਆਂ ਨੇ “ਜੈ ਸ਼੍ਰੀ ਰਾਮ” ਦੇ ਨਾਅਰੇ ਲਾਏ ਹਨ, ਉਹ ਇਨ੍ਹਾਂ ਨੂੰ “ਰਾਖਸ਼” ਬਣਾ ਹੀ ਗਿਆ ਹੈ, ਜਿਨ੍ਹਾਂ ਦਾ “ਵਧ ਕਰਨ” ਬਦਲੇ ਬਹੁਗਿਣਤੀ ਉਨ੍ਹਾਂ ਦੇ ਕਾਤਲਾਂ ਨਾਲ ਹਮਦਰਦੀ ਰੱਖੇਗੀ।


ਲਾਰੈਂਸ ਬਿਸ਼ਨੋਈ ਵਲੋੰ ਮੂਸੇਆਲੇ ਨੂੰ ਮਾਰਨ ਦੀ ਜਿੰਮੇਵਾਰੀ ਜੇਲ੍ਹ ‘ਚੋਂ ਇੰਟਰਵਿਊ ਕਰਕੇ ਲੈਣਾ ਵੀ ਇਸੇ ਸੋਚ ਦਾ ਹਿੱਸਾ ਹੈ। ਬਹੁਗਿਣਤੀ ਨਾਲ ਸਬੰਧਤ ਗੈਂਗਸਟਰਾਂ ਕੋਲ਼ੋਂ ਸਰਕਾਰ ਦੀ ਅੱਖ ‘ਚ ਰੜਕਦੇ ਘੱਟਗਿਣਤੀਆਂ ਦੇ ਬੰਦੇ ਮਰਵਾਉਣ ਦਾ ਕੰਮ ਹੁਣ ਹੋਰ ਤੇਜ਼ ਹੋਵੇਗਾ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ