ਬ੍ਰਿਟੇਨ: ਸਿੱਖ ਨੌਜੁਆਨ ਦੀ ਹਤਿਆ ਦੇ ਮਾਮਲੇ ’ਚ ਦੋ ਲੜਕਿਆਂ ਨੂੰ ਉਮਰ ਕੈਦ

ਲੰਡਨ: ਬ੍ਰਿਟੇਨ ਦੀ ਇਕ ਅਦਾਲਤ ਨੇ ਲੰਡਨ ਵਿਚ ਇਕ 16 ਸਾਲਾ ਅਫ਼ਗਾਨ ਸਿੱਖ ਦੇ ਕਤਲ ਮਾਮਲੇ ਵਿਚ ਦੋ ਨੌਜੁਆਨਾਂ ਨੂੰ ਦੋਸ਼ੀ ਠਹਿਰਾਇਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਨੇ ਸਿੱਖ ਨੌਜੁਆਨ ਨੂੰ ਗਲਤੀ ਨਾਲ ਪਛਮੀ ਲੰਡਨ ਵਿਚ ਵਿਰੋਧੀ ਗਰੋਹ ਨਾਲ ਸਬੰਧਤ ਸਮਝ ਲਿਆ ਸੀ। ਹਿਲਿੰਗਡਨ ਦੇ ਰਹਿਣ ਵਾਲੇ 18 ਸਾਲਾ ਵਨੁਸ਼ਾਨ ਬਾਲਾਕ੍ਰਿਸ਼ਨਨ ਅਤੇ ਇਲਿਆਸ ਸੁਲੇਮਾਨ ਨੂੰ ਓਲਡ ਬੇਲੀ ਵਿਖੇ ਮੁਕੱਦਮੇ ਤੋਂ ਬਾਅਦ ਮਾਰਚ ਵਿਚ ਰਿਸ਼ਮੀਤ ਸਿੰਘ ਦੀ ਹਤਿਆ ਦਾ ਦੋਸ਼ੀ ਕਰਾਰ ਦਿਤਾ ਗਿਆ।

ਅਦਾਲਤ ਵਿਚ ਕੇਸ ਦੀ ਸੁਣਵਾਈ ਕਰਨ ਵਾਲੀ ਜੱਜ ਸਾਰਾਹ ਮੁਨਰੋ ਨੇ ਕੇਸ ਨੂੰ ਦੁਖਦਾਈ ਦਸਿਆ ਅਤੇ ਬਾਲਕ੍ਰਿਸ਼ਨਨ ਨੂੰ ਘੱਟੋ-ਘੱਟ 24 ਸਾਲ ਅਤੇ ਸੁਲੇਮਾਨ ਨੂੰ ਘੱਟੋ-ਘੱਟ 21 ਸਾਲ ਦੀ ਸਜ਼ਾ ਸੁਣਾਈ। ਜੱਜ ਨੇ ਕਿਹਾ, “ਇਹ ਮਾਮਲਾ ਹੋਰ ਵੀ ਦੁਖਦਾਈ ਹੈ ਕਿਉਂਕਿ ਰਿਸ਼ਮੀਤ ਪੂਰੀ ਤਰ੍ਹਾਂ ਬੇਕਸੂਰ ਸੀ।” ਸੁਣਵਾਈ ਦੌਰਾਨ ਇਹ ਸਾਹਮਣੇ ਆਇਆ ਕਿ ਰਿਸ਼ਮੀਤ ਸਿੰਘ ਅਕਤੂਬਰ 2019 ਵਿਚ ਅਪਣੀ ਮਾਂ ਅਤੇ ਦਾਦੀ ਨਾਲ ਅਫ਼ਗਾਨਿਸਤਾਨ ਦੇ ਜਲਾਲਾਬਾਦ ਤੋਂ ਸ਼ਰਣ ਲੈਣ ਲਈ ਬ੍ਰਿਟੇਨ ਆਇਆ ਸੀ। ਪੁਲਿਸ ਨੇ ਦਸਿਆ ਕਿ ਦੋਵਾਂ ਨੌਜਵਾਨਾਂ ਨੇ ਰਿਸ਼ਮੀਤ ਸਿੰਘ ਨੂੰ 15 ਵਾਰ ਚਾਕੂ ਮਾਰਿਆ ਸੀ।

ਦੋਵੇਂ ਲੜਕਿਆਂ ਨੂੰ ਦੋਸ਼ੀ ਠਹਿਰਾਏ ਜਾਣ ਮਗਰੋਂ ਮਰਹੂਮ ਦੀ ਮਾਂ ਗੁਲਿੰਦਰ ਕੌਰ ਨੇ ਕਿਹਾ ਸੀ,‘ਮੈਂ ਅਪਣੇ ਪਤੀ ਨੂੰ ਗੁਆ ਦਿਤਾ ਹੈ ਅਤੇ ਹੁਣ ਮੈਂ ਅਪਣਾ ਇਕਲੌਤਾ ਪੁੱਤਰ ਗੁਆ ਦਿਤਾ ਹੈ। ਆਖ਼ਰਕਾਰ ਰਿਸ਼ਮੀਤ ਲਈ ਇਨਸਾਫ਼ ਹੋ ਗਿਆ ਹੈ ਪਰ ਦੋਸ਼ੀਆਂ ਨੂੰ ਮਿਲੀ ਸਜ਼ਾ ਮੈਨੂੰ ਹਮੇਸ਼ਾ ਘੱਟ ਲੱਗੇਗੀ। ਉਨ੍ਹਾਂ ਨੇ ਮੇਰੀ ਪੂਰੀ ਜ਼ਿੰਦਗੀ ਮੇਰੇ ਤੋਂ ਖੋਹ ਲਈ ਹੈ ਅਤੇ ਰਿਸ਼ਮੀਤ ਦੁਬਾਰਾ ਕਦੇ ਘਰ ਨਹੀਂ ਆਵੇਗਾ।’