5 ਸਤੰਬਰ 2021 ਨੂੰ ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਦੇ ਸ਼ਹਿਰ ਟਰੂਰੋ ਵਿਖੇ ਆਪਣੀ ਅਪਾਰਟਮੈਂਟ ਤੋਂ ਬਾਹਰ ਨਿਕਲ ਰਹੇ 23 ਸਾਲਾ ਨੌਜਵਾਨ ਪ੍ਰਭਜੋਤ ਸਿੰਘ ਨੂੰ ਬਿਨਾ ਕਿਸੇ ਭੜਕਾਹਟ ਦੇ ਧੌਣ ‘ਚ ਛੁਰਾ ਖੋਭ ਕੇ ਮਾਰ ਦਿੱਤਾ ਗਿਆ ਸੀ। ਹੁਣ ਸਥਾਨਕ ਅਦਾਲਤ ਨੇ ਇਸ ਮਾਮਲੇ ਵਿੱਚ 21 ਸਾਲਾ ਕੈਮਰਨ ਜੇਮਜ਼ ਪਰੌਸਪਰ ਨੂੰ 9 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਅਦਲਾਤੀ ਕਾਰਵਾਈ ਦੌਰਾਨ ਪਤਾ ਲੱਗਾ ਕਿ ਦੋਵੇਂ ਇੱਕ ਦੂਜੇ ਨੂੰ ਜਾਣਦੇ ਤੱਕ ਨਹੀਂ ਸਨ ਅਤੇ ਨਾ ਹੀ ਵਾਰਦਾਤ ਤੋਂ ਪਹਿਲਾਂ ਕੋਈ ਝਗੜਾ ਹੀ ਹੋਇਆ। ਅਦਾਲਤ ‘ਚ ਕਤਲ ਦੇ ਦੋਸ਼ੀ ਕੈਮਰਨ ਨੇ ਪਛਤਾਵਾ ਕਰਦਿਆਂ ਕਿਹਾ ਕਿ ਗਲਤ ਹੋ ਗਿਆ, ਕਾਸ਼ ਸਮਾਂ ਮੁੜ ਸਕੇ। ਪਰ ਪੂਰੇ ਕੇਸ ਦੌਰਾਨ ਇਸ ਕਤਲ ਦਾ ਕਾਰਨ ਨਹੀਂ ਲੱਭ ਹੋਇਆ।

ਇਸ ਕਤਲ ਨੂੰ ਨਸਲਵਾਦੀ ਜਾਂ ਨਫਰਤੀ ਕਾਰਵਾਈ ਨਹੀਂ ਮੰਨਿਆ ਗਿਆ।

ਪ੍ਰਭਜੋਤ ਸਿੰਘ ਦੇ ਕਤਲ ਤੋਂ ਬਾਅਦ ਨੌਜਵਾਨਾਂ ਵਲੋਂ ਕੈਂਡਲ ਲਾਈਟ ਵਿਜਿਲ ਅਤੇ ਮਾਰਚ ਵੀ ਉਲੀਕੇ ਗਏ ਸਨ। ਉਸਦੇ ਪਰਿਵਾਰ ਅਤੇ ਦੋਸਤਾਂ ਨੂੰ ਵੱਡਾ ਸਦਮਾ ਸਹਿਣਾ ਪਿਆ ਸੀ। ਬਹੁਤ ਸਾਰੇ ਲੋਕਾਂ ਨੂੰ ਬਿਨਾ ਕਿਸੇ ਕਸੂਰੋਂ ਕੀਤੇ ਇਸ ਕਤਲ ਦੀ ਸਿਰਫ 9 ਸਾਲ ਸਜ਼ਾ ਮਿਲਣੀ, ਘੱਟ ਮਹਿਸੂਸ ਹੋ ਰਹੀ ਹੈ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ