ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਲਿਆਉਣ ਦੇ ਮਾਮਲੇ ਵਿੱਚ ਐਨ.ਆਈ.ਏ. ਵੱਲੋਂ ਭਾਈ ਰੋਡੇ ਦੇ ਬੇਟੇ ਅਤੇ ਭਰਾ ਸਣੇ 5 ਖਿਲਾਫ਼ ਚਾਰਜਸ਼ੀਟ ਦਾਖ਼ਲ –

193

ਨਵੀਂ ਦਿੱਲੀ, 4 ਮਾਰਚ, 2022:ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਕਥਿਤ ਖ਼ਾਲਿਸਤਾਨੀ ਤੱਤਾਂ ਵੱਲੋਂ ਡਰੋਨਾਂ ਰਾਹੀਂ ਭਾਰਤ ਪਾਕਿਸਤਾਨ ਸਰਹੱਦ ਜ਼ਰੀਏ ਹਥਿਆਰ, ਧਮਾਕਾਖ਼ੇਜ਼ ਸਮੱਗਰੀ ਅਤੇ ਨਸ਼ੀਲੇ ਪਦਾਰਥਾਂ ਦੀ ਸਮਗÇਲੰਗ ਕਰਕੇ ਭਾਰਤ ਲਿਆਉਣ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ।

ਜਿਨ੍ਹਾਂ 5 ਕਥਿਤ ਦੋਸ਼ੀਆਂ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਉਨ੍ਹਾਂ ਵਿੱਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇੇ ਦਾ ਬੇਟਾ ਗੁਰਮੁਖ਼ ਸਿੰਘ ਅਤੇ ਭਾਈ ਰੋਡੇ ਦਾ ਪਾਕਿਸਤਾਨ ਰਹਿੰਦਾ ਭਰਾ ਅਤੇ ਪਾਬੰਦੀਸ਼ੁਦਾ ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਦੇ ਮੁਖ਼ੀ ਲਖ਼ਬੀਰ ਸਿੰਘ ਰੋਡੇ ਸ਼ਾਮਲ ਹਨ।

ਗੁਰਮੁਖ਼ ਸਿੰਘ ਸਣੇ 4 ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜਦਕਿ ਲਖ਼ਬੀਰ ਸਿੰਘ ਰੋਡੇ ਨੂੰ ਫ਼ਰਾਰ ਦੱਸਿਆ ਗਿਆ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਵਿਅਕਤੀਆਂ ਵਿੱਚ ਜਲੰਧਰ ਵਾਸੀ ਗੁਰਮੁਖ਼ ਸਿੰਘ ਤੋਂ ਇਲਾਵਾ ਹਰਮੇਸ਼ ਸਿੰਘ ਉਰਫ਼ ਕਾਲੀ, ਦਰਵੇਸ਼ ਸਿੰਘ ਸ਼ਿੰਦਾ (ਦੋਵੇਂ ਵਾਸੀ ਫ਼ਿਰੋਜ਼ਪੁਰ) ਅਤੇ ਕਪੂਰਥਲਾ ਵਾਸੀ ਗਗਨਦੀਪ ਸਿੰਘ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਇਹ ਕੇਸ ਅਗਸਤ 2021 ਵਿੱਚ ਫਿਰੋਜ਼ਪੁਰ ਦੇ ਥਾਣਾ ਮਮਦੋਟ ਵਿੱਚ ਦਰਜ ਇਕ ਐਫ.ਆਈ.ਆਰ. ’ਤੇ ਅਧਾਰਿਤ ਹੈ। ਇਸੇ ਕੇਸ ਨੂੰ ਅੱਗੇ ਤੋਰਦਿਆਂ ਐਨ.ਆਈ.ਏ. ਵੱਲੋਂ ਨਵੰਬਰ 2021 ਵਿੱਚ ਇਕ ਹੋਰ ਐਫ.ਆਈ.ਆਰ.ਦਰਜ ਕੀਤੀ ਗਈ ਸੀ। ਇਹ ਐਫ.ਆਈ.ਆਰ. ਆਰਮਜ਼ ਐਕਟ, ਐਨ.ਡੀ.ਪੀ.ਐਸ.ਐਕਟ, ਐਕਸਪਲੋਜ਼ਿਵ ਸਬਸਟਾਂਸ ਐਕਟ ਅਤੇ ਅਨਲਾਫੁੱਲ ਐਕਟੀਵਿਟੀਜ਼ ਪ੍ਰੀਵੈਨਸ਼ਨ ਐਕਟ ਤਹਿਤ ਦਰਜ ਕੀਤੀ ਗਈ ਸੀ।

ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਥਿਤ ਦੋਸ਼ੀਆਂ ਦੇ ਖਿਲਾਫ਼ ਪੁਖ਼ਤਾ ਸਬੂਤ ਮਿਲੇ ਹਨ।ਦਾਅਵਾ ਕੀਤਾ ਗਿਆ ਹੈ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਨੇ ਹਥਿਆਰ, ਗੋਲਾ ਬਾਰੂਦ, ਧਮਾਕਾਖੇਜ਼ ਸਮੱਗਰੀ ਅਤੇ ਨਸ਼ੇ ਦੀਆਂ ਖ਼ੇਪਾਂ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਸਮੱਗਲ ਕੀਤੀਆਂ ਸਨ ਜਿਨ੍ਹਾਂ ਦੀ ਵਰਤੋਂ ਭਾਰਤ ਵਿੱਚ ਦਹਿਸ਼ਤਗਰਦੀ ਲਈ ਵਰਤੀਆਂ ਜਾਣੀਆਂ ਸਨ।

ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਇਹ ਗੈਰਕਾਨੂੰਨੀ ਖ਼ੇਪਾਂ ਪਾਕਿਸਤਾਨ ਵਿੱਚ ਰਹਿ ਰਹੇ ਪਾਬੰਦੀਸ਼ੁਦਾ ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਦੇ ਮੁਖੀ ਲਖ਼ਬੀਰ ਸਿੰਘ ਰੋਡੇ ਵੱਲੋਂ ਭਾਰਤ ਵਿੱਚ ਡਰੋਨਾਂ ਰਾਹੀਂ ਭੇਜੀਆਂ ਗਈਆਂ ਸਨ।

ਜਾਂਚ ਏਜੰਸੀ ਦਾ ਦਾਅਵਾ ਹੈ ਕਿ ਇਹ ਖ਼ੇਪਾਂ ਭਾਰਤ ਵਿੱਚ ਰਹਿੰਦੇ ਲਖ਼ਬੀਰ ਸਿੰਘ ਰੋਡੇ ਦੇ ਸਾਥੀਆਂ ਨੇ ਪ੍ਰਾਪਤ ਰਕਕੇ ਅੱਗੋਂ ਭਾਰਤ ਵਿੱਚ ਗੜਬੜ ਲਈ ਵਰਤਣ ਵਾਸਤੇ ਹੋਰ ਸਹਿ ਦੋਸ਼ੀਆਂ ਨੂੰ ਸੌਂਪੀਆਂ ਸਨ।

ਯਾਦ ਰਹੇ ਕਿ ਭਾਈ ਜਸਬੀਰ ਸਿੰਘ ਰੋਡੇ ਦੇ ਜਲੰਧਰ ਸਥਿਤ ਘਰ ’ਤੇ 21 ਅਗਸਤ 2021 ਨੂੰ ਛਾਪੇਮਾਰੀ ਕਰਕੇ ਐਨ.ਆਈ.ਏ. ਦੀ ਟੀਮ ਨੇ ਗੁਰਮੁਖ਼ ਸਿੰਘ ਨੂੂੰ ਗ੍ਰਿਫ਼ਤਾਰ ਕੀਤਾ ਸੀ।