ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾਉਣ ਵਾਲੇ ਹਾਈਕੋਰਟ ਦੇ ਆਦੇਸ਼ ਤੋਂ ਸੁਪਰੀਮ ਕੋਰਟ ਹੈਰਾਨ, ਕੀਤੇ ਅਹਿਮ ਆਦੇਸ਼ ਅਤੇ ਟਿੱਪਣੀਆਂ

153

ਨਵੀਂ ਦਿੱਲੀ, 4 ਮਾਰਚ, 2022: ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੇ ਖਿਲਾਫ਼ ਦਰਜ ਕਈ ਅਪਰਾਧਿਕ ਮਾਮਲਿਆਂ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਅਰਵਿੰਦ ਸਿੰਘ ਸਾਂਗਵਾਨ ਵੱਲੋਂ ਸੈਣੀ ਦੀ ਗ੍ਰਿਫ਼ਤਾਰੀ ’ਤੇ 20 ਅਪ੍ਰੈਲ ਤਕ ਰੋਕ ਲਾਉਣ ਵਾਲੇ ਫ਼ੈਸਲੇ ’ਤੇ ਸੁਪਰੀਮ ਕੋਰਟ ਨੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਹੈ।

ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਜੱਜ ਦੇ ਫ਼ੈਸਲੇ ’ਤੇ ਸਵਾਲ ਉਠਾਉਂਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਆਦੇਸ਼ ਦਿੱਤੇ ਹਨ ਕਿ ਉਹ ਜਾਂ ਤਾਂ ਇਸ ਮਾਮਲੇ ਦੀ ਸੁਣਵਾਈ ਖ਼ੁਦ ਕਰਨ ਜਾਂ ਫ਼ਿਰ ਕਿਸੇ ਹੋਰ ਜੱਜ ਦੇ ਹਵਾਲੇ ਕਰਨ ਪਰ ਇਹ ਮਾਮਲਾ ਹੁਣ ਜਸਟਿਸ ਅਰਵਿੰਦ ਸਿੰਘ ਸਾਂਗਵਾਨ ਨੂੰ ਨਾ ਸੌਂਪਿਆ ਜਾਵੇ ਜਿਨ੍ਹਾਂ ਨੇ ਸੈਣੀ ਨੂੰ 20 ਅਪ੍ਰੈਲ ਤਕ ਰਾਹਤ ਦੇਣ ਦਾ ਹੁਕਮ ਸੁਣਾਇਆ ਸੀ।

ਅੱਜ ਇਸ ਸੰਬੰਧ ਵਿੱਚ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਦੀਪਇੰਦਰ ਸਿੰਘ ਪਤਵਾਲੀਆ ਅਤੇ ਸੈਣੀ ਵੱਲੋਂ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਪੇਸ਼ ਹੋਏ।

ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਨ.ਵੀ. ਰਮੰਨਾ ਦੀ ਅਗਵਾਈ ਵਾਲੇ 3 ਮੈਂਬਰੀ ਬੈਂਚ ਨੇ ਕਿਹਾ ਕਿ ਬੈਂਚ ਵਿੱਚ ਸ਼ਾਮਲ ਤਿੰਨੇ ਜੱਜ ਇਸ ਗੱਲ ਤੋਂ ਹੈਰਾਨ ਹਨ ਕਿ ਪੁਰਾਣੇ ਮਾਮਲਿਆਂ ਦੇ ਨਾਲ ਨਾਲ ਸੈਣੀ ਖਿਲਾਫ਼ ਦਰਜ ਕੀਤੇ ਜਾਣ ਵਾਲੇ ਕਿਸੇ ਵੀ ਨਵੇਂ ਕੇਸ ਵਿੱਚ ਵੀ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਪਹਿਲਾਂ ਹੀ ਰੋਕ ਲਗਾ ਦੇਣ ਦਾ ਆਦੇਸ਼ ਹਾਈਕੋਰਟ ਵੱਲੋਂ ਸੁਣਾਇਆ ਗਿਆ।

ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਕੇਸ ਅਜੇ ਦਰਜ ਹੀ ਨਹੀਂ ਹੋਏ ਉਨ੍ਹਾਂ ਵਿੱਚ ਗ੍ਰਿਫ਼ਤਾਰੀ ’ਤੇ ਰੋਕ ਕਿਸ ਤਰ੍ਹਾਂ ਲਗਾਈ ਜਾ ਸਕਦੀ ਹੈ? ਹਾਈਕੇਰਟ ਦੇ ਫ਼ੈਸਲੇ ’ਤੇ ਸਵਾਲ ਉਠਾਉਂਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਬਾਰੇ ਸੁਣਵਾਈ ਕੀਤੇ ਜਾਣ ਦੀ ਲੋੜ ਹੈ।

ਸੁਪਰੀਮ ਕੋਰਟ ਨੇ ਹਾਈਕੋਰਟ ਨੂੰ ਇਹ ਆਦੇਸ਼ ਦਿੱਤਾ ਹੈ ਕਿ ਇਸ ਮਾਮਲੇ ਦਾ ਨਿਪਟਾਰਾ 2 ਹਫ਼ਤਿਆਂ ਦੇ ਅੰਦਰ ਅੰਦਰ ਕੀਤਾ ਜਾਵੇ। ਚੀਫ਼ ਜਸਟਿਸ ਰਮੰਨਾ ਨੇ ਇਹ ਵੀ ਸਪਸ਼ਟ ਆਖ਼ਿਆ ਕਿ ਜਿੰਨੀ ਦੇਰ ਹਾਈਕੋਰਟ ਇਸ ਮਾਮਲੇ ਦਾ ਨਿਪਟਾਰਾ ਨਹੀਂ ਕਰ ਲੈਂਦੀ ਉਹ ਇਸ ਸੰਬੰਧ ਵਿੱਚ ਸੁਪਰੀਮ ਕੋਰਟ ਵਿੱਚ ਉਨ੍ਹਾਂ ਸਾਹਮਣੇ ਪਾਈ ਗਈ ਸਪੈਸ਼ਲ ਲੀਵ ਪਟੀਸ਼ਨ ਨੂੰ ਪੈਂਡਿੰਗ ਰੱਖ ਰਹੇ ਹਨ।

ਜ਼ਿਕਰਯੋਗ ਹੈ ਕਿ ਜਸਟਿਸ ਸਾਂਗਵਾਨ ਨੇ 10 ਸਤੰਬਰ, 2021 ਨੂੰ ਇਕ ਫ਼ੈਸਲਾ ਸੁਣਾਉਂਦੇ ਹੋਏ ਸੈਣੀ ਦੀ ਗ੍ਰਿਫ਼ਤਾਰੀ ’ਤੇ ਪੰਜਾਬ ਚੋਣਾਂ ਤਕ ਰੋਕ ਲਗਾਉਣ ਦੇ ਆਦੇਸ਼ ਦਿੱਤੇ ਸਨ। ਇਸ ਸੰਬੰਧ ਵਿੱਚ ਵੀਰਵਾਰ 3 ਮਾਰਚ ਨੂੰ ਹੋਈ ਸੁਣਵਾਈ ਦੌਰਾਨ ਜਸਟਿਸ ਸਾਂਗਵਾਨ ਨੇ ਸੈਣੀ ਦੀ ਗ੍ਰਿਫ਼ਤਾਰੀ ’ਤੇ ਲਗਾਈ ਗਈ ਰੋਕ ਵਿੱਚ ਵਾਧਾ ਕਰਦਿਆਂ ਸੁਣਵਾਈ ਦੀ ਅਗੀ ਤਾਰੀਖ਼ 10 ਅਪ੍ਰੈਲ ਤਕ ਇਹ ਰੋਕ ਵਧਾ ਦਿੱਤੀ ਸੀ।

ਯਾਦ ਰਹੇ ਕਿ ਸੈਣੀ ਨੇ ਇਹ ਕਹਿੰਦਿਆਂ ਸਤੰਬਰ ਵਿੱਚ ਹਾਈਕੋਰਟ ਤਕ ਪਹੁੰਚ ਕੀਤੀ ਸੀ ਕਿ ਉਸ ਖਿਲਾਫ਼ ਕਾਰਵਾਈ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਚੋਣਾਂ ਵਿੱਚ ਲਾਹਾ ਖੱਟਣ ਲਈ ਕੀਤੀ ਜਾ ਰਹੀ ਹੈ। ਇਸੇ ਦੇ ਆਧਾਰ ’ਤੇ ਜਸਟਿਸ ਸਾਂਗਵਾਨ ਨੇ ਉਨ੍ਹਾਂ ਖਿਲਾਫ਼ ਦਰਜ ਸਾਰੇ ਅਪਰਾਧਕ ਮਾਮਲਿਆਂ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਪਹਿਲਾਂ ਚੋਣਾਂ ਤਕ ਅਤੇ ਹੁਣ 10 ਅਪ੍ਰੈਲ ਤਕ ਰੋਕ ਲਗਾਉਣ ਦੇ ਆਦੇਸ਼ ਦਿੱਤੇ ਸਨ। ਇਸ ਮਾਮਲੇ ਵਿੱਚ ਹਾਈਕੋਰਟ ਨੇ ਕੇਵਲ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ਵਿੱਚ ਹੀ ਰਾਹਤ ਪ੍ਰਦਾਨ ਨਹੀਂ ਕੀਤੀ ਸੀ ਕਿਉਂਕਿ ਇਹ ਮਾਮਲਾ ਪਹਿਲਾਂ ਹੀ ਸੁਪਰੀਮ ਕੋਰਟ ਦੇ ਸਾਹਮਣੇ ਲੰਬਿਤ ਸੀ।

ਸੈਣੀ ਬੇਅਦਬੀਆਂ ਨਾਲ ਸੰਬੰਧਤ ਗੋਲੀਕਾਂਡ ਵਿੱਚ ਨਾਮਜ਼ਦ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਖਿਲਾਫ਼ ਇਕ ਕੇਸ ਵਿਜੀਲੈਂਸ ਬਿਓਰੋ ਵੱਲੋਂ ਵੀ ਦਰਜ ਕੀਤਾ ਗਿਆ ਸੀ। ਪੁਲਿਸ ਸੇਵਾ ਵਿੱਚ ਹੁੰਦਿਆਂ ਸੈਣੀ ’ਤੇ ਆਪਣੇ ਰਿਸ਼ਤੇਦਾਰ ਕਾਰ ਡੀਲਰ ਵਿਨੋਦ ਕੁਮਾਰ, ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਡਰਾਈਵਰ ਮੁਖ਼ਤਿਆਰ ਸਿੰਘ ਦੇ ਕਤਲਾਂ ਸੰਬੰਧੀ ਮਾਮਲਾ ਵੀ ਦਰਜ ਹੈ ਜੋ ਅਜੇ ਦਿੱਲੀ ਦੀ ਸੀ.ਬੀ.ਆਈ.ਅਦਾਲਤ ਵਿੱਚ ਲੰਬਿਤ ਹੈ। ਤਿੰਨਾਂ ਨੂੰ ਪੁਲਿਸ ਨੇ 1994 ਵਿੱਚ ਅਗਵਾ ਕਰ ਲਿਆ ਸੀ ਜਿਸ ਮਗਰੋਂ ਉਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਸੀ ਲੱਗਾ।

ਸੁਮੇਧ ਸੈਣੀ ਨੇ ਹਾਈਕੋਰਟ ਵਿੱਚ ਪਾਈ ਪਟੀਸ਼ਨ ਵਿੱਚ ਇਹ ਮੰਗ ਕੀਤੀ ਹੋਈ ਹੈ ਕਿ ਉਸ ਖਿਲਾਫ਼ ਦਰਜ ਸਾਰੇ ਅਪਰਾਧਕ ਮਾਮਲੇ ਸੀ.ਬੀ.ਆਈ. ਨੂੰ ਸੌਂਪ ਦਿੱਤੇ ਜਾਣ।