ਵਾਰਸਾ, 6 ਮਾਰਚ-ਪੋਲੈਂਡ ਦੀ ਸਰਹੱਦੀ ਸੁਰੱਖਿਆ ਏਜੰਸੀ ਨੇ ਐਤਵਾਰ ਨੂੰ ਕਿਹਾ ਕਿ ਫਰਵਰੀ 24 (ਜਿਸ ਦਿਨ ਤੋਂ ਰੂਸ ਨੇ ਯੂਕਰੇਨ ਖ਼ਿਲਾਫ਼ ਜੰਗੀ ਕਾਰਵਾਈ ਸ਼ੁਰੂ ਕੀਤੀ ਸੀ) ਤੋਂ ਲੈ ਕੇ ਹੁਣ ਤੱਕ ਯੂਕਰੇਨ ਦੀ ਸਰਹੱਦ ਤੋਂ 9,22,000 ਸ਼ਰਨਾਰਥੀ ਦੇਸ਼ ਵਿੱਚ ਦਾਖਲ ਹੋ ਚੁੱਕੇ ਹਨ। ਏਜੰਸੀ ਨੇ ਟਵਿੱਟਰ ’ਤੇ ਪੋਸਟ ਕੀਤਾ ਕਿ ਸ਼ਨਿਵਾਰ ਨੂੰ ਰਿਕਾਰਡ 1,29,000 ਲੋਕ ਪੋਲੈਂਡ ਵਿੱਚ ਦਾਖਲ ਹੋਏ ਸਨ। ਇਸੇ ਤਰ੍ਹਾਂ ਸ਼ਨੀਵਾਰ ਰਾਤ ਤੋਂ ਐਤਵਾਰ ਸਵੇਰੇ 7 ਵਜੇ ਤਕ 40 ਹਜ਼ਾਰ ਵਿਅਕਤੀ ਪੋਲੈਂਡ ਵਿੱਚ ਦਾਖਲ ਹੋਏ। ਜ਼ਿਕਰਯੋਗ ਹੈ ਕਿ 38 ਮਿਲੀਅਨ ਦੀ ਆਬਾਦੀ ਵਾਲੇ ਪੋਲੈਂਡ ਨੇ ਗੁਆਂਢੀ ਦੇਸ਼ ਯੂਕਰੇਨ ਦੇ ਸਭ ਤੋਂ ਜ਼ਿਆਦਾ ਵਸਨੀਕਾਂ ਨੂੰ ਸ਼ਰਨ ਦਿੱਤੀ ਹੈ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਦੱਸਿਆ ਕਿ ਜਦੋਂ ਤੋਂ ਰੂਸ ਨੇ ਯੂਕਰੇਨ ’ਤੇ ਹਮਲੇ ਸ਼ੁਰੂ ਕੀਤੇ ਹਨ, ਉਸ ਸਮੇਂ ਲੈ ਕੇ ਹੁਣ ਤਕ 1.5 ਮਿਲੀਅਨ ਲੋਕ ਯੂਕਰੇਨ ਛੱਡ ਕੇ ਗੁਆਂਢੀ ਦੇਸ਼ਾਂ ਵਿੱਚ ਚਲੇ ਗਏ ਹਨ।

ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਕੀਤੀ ਜਾ ਰਹੀ ਫੌਜੀ ਕਾਰਵਾਈ ਦਾ ਰੂਸ ਵਿੱਚ ਹੀ ਵਿਰੋਧ ਹੋ ਰਿਹਾ ਹੈ ਤੇ ਪੁਲੀਸ ਨੇ ਐਤਵਾਰ ਨੂੰ ਰੂਸ ਦੇ ਵੱਖ ਵੱਖ ਸ਼ਹਿਰਾਂ ਤੋਂ 3500 ਤੋਂ ਵਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਜਾਣਕਾਰੀ ਵੈੱਬਸਾਈਟ ‘ਓਵੀਡੀ-ਇਨਫੋ ਪ੍ਰਾਟੈਸਟ ਮੌਨੀਟਰ’ ਨੇ ਦਿੱਤੀ ਹੈ। ਇਸੇ ਦੌਰਾਨ ਕਰੈਮਲਿਨ ਦੇ ਵਿਰੋਧੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ ਜਾ ਰਹੀਆਂ ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਸੈਂਕੜੇ ਲੋਕ ਮਾਸਕੋ ਵਿੱਚ ਰੋਸ ਮਾਰਚ ਕਰਦੇ ਹੋਏ ‘ਨੋ ਟੂ ਵਾਰ’ ਅਤੇ ’ਸ਼ੇਮ’ ਵਰਗੇ ਨਾਅਰੇ ਬੁਲੰਦ ਕਰ ਰਹੇ ਹਨ।