ਚੰਡੀਗੜ੍ਹ, 8 ਮਾਰਚ, 2022:ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਅਜੇ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ।

ਇਸਦਾ ਮਤਲਬ ਇਹ ਹੋਵੇਗਾ ਕਿ ਸ: ਮਜੀਠੀਆ ਹਲਕਾ ਅੰਮ੍ਰਿਤਸਰ ਪੂਰਬੀ ਅਤੇ ਹਲਕਾ ਮਜੀਠਾ ਦੇ ਚੋਣ ਨਤੀਜੇ ਆਉਣ ਸਮੇਂ ਕਿਸੇ ਵੀ ਹਲਕੇ ਵਿੱਚ ਹਾਜ਼ਰ ਨਹੀਂ ਹੋਣਗੇ। ਜ਼ਿਕਰਯੋਗ ਹੈ ਕਿ ਸ: ਮਜੀਠੀਆ ਖ਼ੁਦ ਅੰਮ੍ਰਿਤਸਰ ਪੂਰਬੀ ਤੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਮੈਦਾਨ ਵਿੱਚ ਹੈ ਜਦਕਿ ਸ: ਮਜੀਠੀਆ ਦੇ ਆਪਣੇ ਹਲਕੇ ਮਜੀਠਾ ਤੋਂ ਉਨ੍ਹਾਂ ਦੀ ਪਤਨੀ ਸ੍ਰੀਮਤੀ ਗਨੀਵ ਕੌਰ ਇਸ ਵਾਰ ਮੈਦਾਨ ਵਿੱਚ ਹਨ।

ਮੋਹਾਲੀ ਅਦਾਲਤ ਵਿੱਚ ਅੱਜ ਉਨ੍ਹਾਂ ਦੀ ਨਿਆਇਕ ਹਿਰਾਸਤ ਦੇ ਖ਼ਤਮ ਹੋਣ ’ਤੇ ਪੇਸ਼ ਕੀਤੇ ਗਏ ਸ: ਮਜੀਠੀਆ ਨੂੰ ਅਦਾਲਤ ਨੇ 14 ਦਿਨਾਂ ਲਈ ਹੋਰ ਭਾਵ 22 ਮਾਰਚ ਤਕ ਫ਼ਿਰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਉਹ ਚੜ੍ਹਦੀ ਕਲਾ ਵਿੱਚ ਹਨ। ਉਨ੍ਹਾਂ ਆਖ਼ਿਆ ਕਿ ਉਨ੍ਹਾਂ ਨੂੰ ਨਿਆਇਕ ਵਿਵਸਥਾ ਵਿੱਚ ਪੂਰਾ ਭਰੋਸਾ ਹੈ ਅਤੇ ਸੱਚਾਈ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਗ਼ਲਤ ਕੇਸ ਦਰਜ ਕਰਕੇ ਸਰਕਾਰ ਉਨ੍ਹਾਂ ਦਾ ਮਨੋਬਲ ਨਹੀਂ ਤੋੜ ਸਕਦੀ।

ਸ: ਮਜੀਠੀਆ ਵੱਲੋਂ ਗੱਲਬਾਤ ਕਰਦਿਆਂ ਐਡਵੋਕੇਟ ਸ: ਅਮਰਦੀਪ ਸਿੰਘ ਧਾਰਨੀ ਨੇ ਦੱਸਿਆ ਕਿ ਅੱਜ ਸ: ਮਜੀਠੀਆ ਵੱਲੋਂ ਇਕ ਨਵੀਂ ਅਰਜ਼ੀ ਅਦਾਲਤ ਵਿੱਚ ਦਾਖ਼ਲ ਕੀਤੀ ਗਈ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਅਦਾਲਤ ਜ਼ਿਮਨੀਆਂ ਵੇਖ਼ ਕੇ ਅਤੇ ਉਨ੍ਹਾਂ ’ਤੇ ਦਸਤਖ਼ਤ ਕਰਕੇ ਰੱਖੇ ਤਾਂ ਜੋ ਇਨ੍ਹਾਂ ਨਾਲ ਛੇੜ ਛਾੜ ਨਾ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਉਂਜ ਤਾਂ ਇਹ ਅਦਾਲਤ ਦਾ ਹੀ ਇਹ ਫ਼ਰਜ਼ ਹੁੰਦਾ ਹੈ ਕਿ ਉਹ ਇੰਜ ਕਰ ਲਵੇ ਪਰ ਜੇ ਨਹੀਂ ਹੋਇਆ ਤਾਂ ਇਸ ਲਈ ਸ: ਮਜੀਠੀਆ ਵੱਲੋਂ ਇਹ ਅਰਜ਼ੀ ਦਾਇਰ ਕੀਤੀ ਗਈ ਹੈ ਤਾਂ ਜੋ ਸਿਆਸੀ ਕਾਰਨਾਂ ਕਰਕੇ ਦਰਜ ਕੀਤੇ ਗਏ ਇਸ ਕੇਸ ਦੀਆਂ ਜ਼ਿਮਨੀਆਂ ਨਾਲ ਕੋਈ ਛੇੜ ਛਾੜ ਨਾ ਹੋਵੇ।

ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਇਹ ਅਰਜ਼ੀ ਬਾਅਦ ਦੁਪਹਿਰ ਵਿਚਾਰੀ ਜਾਣੀ ਹੈ ਅਤੇ ਉਮੀਦ ਹੈ ਕਿ ਅਦਾਲਤ ਇਹ ਜ਼ਿਮਨੀਆਂ ਮੰਗਵਾ ਕੇ ਵੇਖ਼ ਕੇ ਅਤੇ ਸਾਈਨ ਕਰ ਦੇਵੇਗੀ।

ਯਾਦ ਰਹੇ ਕਿ ਚੋਣਾਂ ਤੋਂ ਪਹਿਲਾਂ ਸ: ਮਜੀਠੀਆ ਖਿਲਾਫ਼ ਚੰਨੀ ਸਰਕਾਰ ਦੇ ਹੁੰਦਿਆਂ ਦਰਜ ਕੀਤੇ ਗਏ ਗੰਭੀਰ ਧਾਰਾਵਾਂ ਵਾਲੇ ਮੁਕੱਦਮੇ ਵਿੱਚ ਮੋਹਾਲੀ ਅਦਾਲਤ ਅਤੇ ਹਾਈ ਕੋਰਟ ਵੱਲੋਂ ਸ: ਮਜੀਠੀਆ ਨੂੰ ਰਾਹਤ ਨਹੀਂ ਮਿਲ ਸਕੀ ਅਤੇ ਉਹ ਰੂਪੋਸ਼ ਰਹੇ ਸਨ।

ਇਸ ਮਗਰੋਂ ਸ: ਮਜੀਠੀਆ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ ਜਿਸਨੇ ਸ: ਮਜੀਠੀਆ ਨੂੰ ਚੋਣ ਲੜਨ ਲਈ ਰਾਹਤ ਦਿੰਦਿਆਂ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ 23 ਫ਼ਰਵਰੀ ਤਕ ਰੋਕ ਲਗਾ ਦਿੱਤੀ ਸੀ ਪਰ ਨਾਲ ਹੀ ਉਨ੍ਹਾਂ ਨੂੰ ਇਹ ਆਦੇਸ਼ ਦਿੱਤਾ ਸੀ ਕਿ ਇਹ ਰਾਹਤ ਖ਼ਤਮ ਹੁੰਦਿਆਂ ਹੀ ਉਹ ਅਦਾਲਤ ਅੱਗੇ ‘ਸਰੰਡਰ’ ਕਰਨਗੇ।

20 ਫ਼ਰਵਰੀ ਨੂੰ ਵੋਟਾਂ ਪੈਣ ਦਾ ਕੰਮ ਹੋ ਗਿਆ ਸੀ ਜਿਸ ਮਗਰੋਂ 24 ਫ਼ਰਵਰੀ ਨੂੂੰ ਸ: ਮਜੀਠੀਆ ਨੇ ਅਦਾਲਤ ਵਿੱਚ ‘ਸਰੰਡਰ’ ਕੀਤਾ ਤਾਂ ਅਦਾਲਤ ਨੇ ਉਨ੍ਹਾਂ ਨੂੰ 8 ਮਾਰਚ ਤਕ ਲਈ ਨਿਆਇਕ ਹਿਰਾਸਤ ਵਿੱਚ ਭੇਜਿਆ ਸੀ ਅਤੇ ਅੱਜ ਫ਼ਿਰ ਪੇਸ਼ ਕੀਤਿਆਂ ਇਸ ਨਿਆਇਕ ਹਿਰਾਸਤ ਵਿੱਚ 14 ਦਿਨ ਦਾ ਵਾਧਾ ਕਰ ਦਿੱਤਾ ਹੈ।