ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਵਿਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ-ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਪਾਰਟੀ ਵਿਚ ਸਭ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਪਰਮਾਤਮਾ ਨੇ ਅਪਣਾ ਮਿਹਰ ਭਰਿਆ ਹੱਥ ਸਾਡੇ ਉੱਤੇ ਰੱਖਿਆ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਉਹਨਾਂ ਕਿਹਾ ਕਿ ਸਾਡੇ ਸਾਰਿਆਂ ’ਤੇ ਇਹ ਗੱਲ ਲਾਗੂ ਹੁੰਦੀ ਹੈ ਕਿ “ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ”।

ਰਾਘਵ ਚੱਢਾ ਨੇ ਕਿਹਾ ਕਿ ਇਹ ਕੋਈ ਆਮ ਜਿੱਤ ਨਹੀਂ ਹੈ, ਇਹ ਬਹੁਤ ਵੱਡੀ ਗੱਲ ਹੈ ਕਿ ਪੰਜਾਬੀਆਂ ਨੇ ਬੀਤੇ 40 ਸਾਲਾਂ ਤੋਂ ਰਾਜ ਕਰਨ ਵਾਲੇ ਬਾਬਾ ਬੋਹੜ ਵਰਗਿਆਂ ਲੋਕਾਂ ਦੇ ਸਿੰਘਾਸਣ ਹਿਲਾ ਕੇ ਰੱਖ ਦਿੱਤੇ। ਰਾਘਵ ਚੱਢਾ ਨੇ ਕਿਹਾ ਕਿ ਅਸੀਂ ਆਮ, ਇਮਾਨਦਾਰ ਅਤੇ ਸਾਫ਼ ਸੁਥਰੇ ਲੋਕ ਹਾਂ। ਭਗਵੰਤ ਮਾਨ ਤਾਂ ਕੱਟੜ ਇਮਾਨਦਾਰ ਹਨ, ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਨੇ ਪੰਜਾਬ ਦੇ ਹਰ ਵਿਅਕਤੀ ਦੇ ਦਿਲ ਵਿਚ ਥਾਂ ਬਣਾ ਲਈ ਹੈ। ਲੋਕਾਂ ਨੇ ਜਾਤ ਅਤੇ ਧਰਮ ਦੇ ਨਾਂਅ ’ਤੇ ਵੋਟ ਮੰਗਣ ਵਾਲੀਆਂ ਰਵਾਇਤੀ ਪਾਰਟੀਆਂ ਨੂੰ ਕਿਨਾਰੇ ਕਰ ਦਿੱਤਾ ਹੈ।

ਪੰਜਾਬ ਤੋਂ ਵਾਪਸ ਦਿੱਲੀ ਜਾਣ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਰਾਘਵ ਚੱਢਾ ਨੇ ਕਿਹਾ ਕਿ ਉਹ ਪੰਜਾਬ ਨੂੰ ਅਲਵਿਦਾ ਨਹੀਂ ਕਹਿ ਸਕਦੇ ਕਿਉਂਕਿ ਪੰਜਾਬ ਉਹਨਾਂ ਦਾ ਅਪਣਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਸਿਰਫ ਪੰਜਾਬ ਵਿਚ ਚੋਣਾਂ ਲੜਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਉਹਨਾਂ ਨੇ ਇਹ ਜ਼ਿੰਮੇਵਾਰੀ ਬਾਖੂਬੀ ਨਿਭਾਈ ਅਤੇ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਉਹਨਾਂ ਕਿਹਾ ਕਿ ਅੱਗੇ ਦੀ ਵਾਗਡੋਰ ਭਗਵੰਤ ਮਾਨ ਨੂੰ ਸੌਂਪੀ ਗਈ ਹੈ, ਹੁਣ ਉਹ ਪੰਜਾਬ ਦੀ ਅਗਵਾਈ ਕਰਨਗੇ।