ਪੰਜਾਬ ‘ਚ ਇਸ ਵਾਰ ਟੋਪੀਆਂ ਤੋਂ ਬਿਨਾ ਵਿਚਰੀ ਆਮ ਆਦਮੀ ਪਾਰਟੀ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਹੁਣ ਤੱਕ ਆਪ ਨੂੰ 91, ਕਾਂਗਰਸ ਨੂੰ 14, ਅਕਾਲੀਆਂ ਨੂੰ 9, ਭਾਜਪਾ ਨੂੰ 2 ਅਤੇ 1 ਆਜ਼ਾਦ ਜਿੱਤਦਾ ਦਿਖਾਇਆ ਜਾ ਰਿਹਾ ਹੈ।

ਇਹ ਫ਼ਤਵਾ ਬਿਨਾ ਕਿਸੇ ਪੰਜਾਬ-ਪ੍ਰਸਤ ਏਜੰਡੇ ਵਾਲੀ, ਦਿੱਲੀ ਤੋਂ ਚਲਦੀ ਆਪ ਦੇ ਹੱਕ ‘ਚ ਨਹੀਂ ਬਲਕਿ ਰਵਾਇਤੀ ਪਾਰਟੀਆਂ; ਕਾਂਗਰਸ-ਅਕਾਲੀ-ਬਸਪਾ ਆਦਿ ਖ਼ਿਲਾਫ਼ ਪੰਜਾਬ ਦੇ ਲੋਕਾਂ ਦਾ ਫ਼ਤਵਾ ਹੈ, ਜਿਨ੍ਹਾਂ ਪੰਜਾਬ ਨੂੰ ਆਪਣੀ ਵਾਰੀ ਸਿਰ ਲੁੱਟ ਦਾ ਸਾਧਨ ਸਮਝ ਲਿਆ ਸੀ ਤੇ ਇਸਨੂੰ ਬਾਹਰਲੇ ਧਾੜਵੀਆਂ ਨਾਲ਼ੋਂ ਵੀ ਵੱਧ ਲੁੱਟਿਆ, ਕੁੱਟਿਆ ਤੇ ਪੁੱਟਿਆ।

ਆਪ ਵਰਕਰ ਬਹੁਤ ਖੁਸ਼ ਹਨ। ਬਹੁਤ-ਬਹੁਤ ਮੁਬਾਰਕਾਂ। ਪੰਜਾਬ ਦੇ ਵੱਡੇ ਵੱਡੇ ਗਦਾਰ ਹਰਾਉਣਾ ਵੱਡਾ ਮਾਅਰਕਾ ਹੈ।

ਜਦ 1997 ‘ਚ ਕਾਂਗਰਸ ਦੇ ਜ਼ੁਲਮ ਭਰਪੂਰ ਰਾਜ ਤੋਂ ਬਾਅਦ ਬਾਦਲ ਸਰਕਾਰ ਬਣੀ ਸੀ ਤਾਂ ਅਸੀਂ ਵੀ ਇਸੇ ਤਰਾਂ ਖੁਸ਼ੀ ‘ਚ ਖੀਵੇ ਹੋ ਕੇ “ਪੰਥਕ ਸਰਕਾਰ” ਦੇ ਚਾਅ ‘ਚ ਭੰਗੜੇ ਪਾਏ ਸਨ ਕਿ ਹੁਣ ਪੰਥ ਤੇ ਪੰਜਾਬ ਦਾ ਭਲਾ ਹੋਊ ਪਰ ਕੁਝ ਹੀ ਮਹੀਨੇ ਬਾਅਦ ਜ਼ਿਲ੍ਹਾ ਹੁਸ਼ਿਆਰਪੁਰ ‘ਚ ਸਿੱਖ ਨੌਜਵਾਨ ਕਸ਼ਮੀਰ ਸਿੰਘ ਪੰਡੋਰੀ ਰੁਕਮਾਣ ਦੇ ਝੂਠੇ ਪੁਲਿਸ ਮੁਕਾਬਲੇ ਅਤੇ ਉਸਤੋਂ ਬਾਅਦ ਦਾਗ਼ੀ ਪੁਲਿਸ ਅਧਿਕਾਰੀਆਂ ਨੂੰ ਦਿੱਤੀਆਂ ਤਰੱਕੀਆਂ ਨੇ ਸਾਡੇ ਮਨਾਂ ਵਿਚਲੇ ਵਹਿਮ ਦੂਰ ਕਰ ਦਿੱਤੇ ਸਨ ਕਿ ਨਾਮ ਹੀ ਬਦਲਿਆ ਹੈ, ਬਾਦਲ ਤੇ ਕਾਂਗਰਸ ‘ਚ ਕੋਈ ਫਰਕ ਨਹੀਂ। ਬਾਦਲਾਂ ਦੀ ਕਮਾਂਡ ਹੇਠ ਫਿਰ ਦੱਬ ਕੇ ਸਿਧਾਂਤ ਰੋਲ਼ੇ ਗਏ। ਜੋ ਸਾਡੇ ਨਾਲ ਹੋਇਆ, ਅਜਿਹਾ ਹੀ ਉਨ੍ਹਾਂ ਆਪ ਸਮਰਥਕਾਂ ਨਾਲ ਹੋਣਾ ਤੈਅ ਹੈ, ਜੋ ਆਪ ਹੱਥੋਂ ਪੰਜਾਬ ਦਾ ਭਲਾ ਲੋਚ ਰਹੇ ਹਨ। ਹਾਂ, ਜਿਹੜੇ ਸਿਰਫ ਕੇਜਰੀਵਾਲ ਭਗਤ ਹਨ, ਉਨ੍ਹਾਂ ਨੂੰ ਕੋਈ ਫਰਕ ਨੀ ਪੈਣਾ। ਜਿਹੋ ਜਿਹੇ ਪੰਜਾਬੀ ਅਸੀਂ ਬਣ ਗਏ ਹਾਂ, ਉਹੋ ਜਿਹਾ ਮੁੱਖ ਮੰਤਰੀ ਸਾਨੂੰ ਮਿਲ ਰਿਹਾ।

“ਬੇਅਦਬੀਆਂ ਕਰਾਉਣ ਵਾਲਿਆਂ ਦਾ ਅਤੇ ਜਿਨ੍ਹਾਂ ਨੇ ਇਸ ‘ਤੇ ਸਿਆਸਤ ਕੀਤੀ, ਉਨ੍ਹਾਂ ਦਾ ਕੱਖ ਨਾ ਰਹੇ”। ਸੁਖਬੀਰ ਅਤੇ ਹਰਸਿਮਰਤ ਦੀ ਅਰਦਾਸ ਸੀ ਇਹ ਤੇ ਸੱਚ ਹੋ ਗਈ ਹੈ। ਬਾਦਲਾਂ-ਮਜੀਠੀਆ ਤੇ ਕੈਪਟਨ ਸਮੇਤ ਕਾਂਗਰਸ ਦਾ ਕੱਖ ਨੀ ਰਿਹਾ। ਸੁਖਬੀਰ ਦੀ ਮੁੱਖ ਮੰਤਰੀ ਬਣਨ ਵਾਲੀ ਰੀਝ ਤਾਂ ਦੂਰ ਵਿਧਾਨ ਸਭਾ ‘ਚ ਮੁੱਖ ਵਿਰੋਧੀ ਧਿਰ ਦੀ ਅਗਵਾਈ ਵੀ ਨਹੀਂ ਮਿਲਣੀ, ਹੋ ਸਕਦਾ ਭੁਲੱਥ ਤੋਂ ਜਿੱਤ ਰਹੇ ਸੁਖਪਾਲ ਖਹਿਰਾ ਨੂੰ ਕਾਂਗਰਸ ਵੱਲੋਂ ਮਿਲੇ।

ਮਨ ਨੂੰ ਬਹੁਤ ਖੁਸ਼ੀ ਹੋਈ ਕੁਰਬਾਨੀ ਵਾਲੇ ਖੁੱਡੀਆਂ ਪਰਿਵਾਰ ਹੱਥੋਂ ਵੱਡੇ ਬਾਦਲ ਦੀ ਹਾਰ ਵੇਖ ਕੇ, ਮੂੰਹ ‘ਤੇ ਅਜਿਹੀ ਚਪੇੜ ਬਹੁਤ ਦੇਰ ਤੋਂ ਵੱਜਣ ਦੀਆਂ ਉਡੀਕਾਂ ਸਨ। ਅੱਜ ਜਾ ਕੇ ਕਿਤੇ ਸਵਰਗਵਾਸੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਰੂਹ ਨੂੰ ਸਕੂਨ ਮਿਲਿਆ ਹੋਊ। ਵਾਹਿਗੁਰੂ ਦਾ ਸ਼ੁਕਰ ਹੈ ਕਿ ਉਸਨੇ ਵੱਡੇ ਬਾਦਲ ਨੂੰ ਲੰਮੀ ਉਮਰ ਬਖ਼ਸ਼ੀ ਤੇ ਉਹ ਆਪਣੀ ਬੀਜੀ ਧ੍ਰੋਹ ਦੀ ਫਸਲ ਅੱਜ ਪਲ਼ੀ ਦੇਖ ਲੈਣ। ਪਾਇਲ ਤੋਂ ਆਪ ਦੇ ਮਨਵਿੰਦਰ ਸਿੰਘ ਗਿਆਸਪੁਰਾ ਦਾ ਜਿੱਤਣਾ ਵੀ ਚੰਗਾ ਹੋਇਆ, ਬੱਸ ਪੱਤਰਕਾਰ ਜਰਨੈਲ ਸਿੰਘ ਜਾਂ ਫੂਲਕਾ ਸਾਹਿਬ ਵਾਲੀ ਨਾ ਕਰਨ।

ਬਾਦਲਾਂ ਨੇ ਪੰਥ ਦੀ ਸਿਆਸੀ ਜਮਾਤ ਅਕਾਲੀ ਦਲ ਨੂੰ ਹਾਸ਼ੀਏ ‘ਤੇ ਲਿਆ ਸੁੱਟਿਆ। ਹਾਲੇ ਵੀ ਚੰਗਾ ਹੋਵੇਗਾ ਕਿ ਪੰਜਾਬ ਦੇ ਬਚੇ ਖੁਚੇ ਟਕਸਾਲੀ ਅਕਾਲੀ ਇਸ ਬਾਦਲੀ ਅਮਰਵੇਲ ਅਤੇ ਇਨ੍ਹਾਂ ਦੇ ਪੰਜਾਬ ਅਤੇ ਬਾਹਰਲੇ ਝੋਲੀਚੁੱਕਾਂ ਨੂੰ ਅਕਾਲੀ ਦਲ ਤੋਂ ਪਰ੍ਹੇ ਵਗ੍ਹਾ ਮਾਰਨ ਤੇ ਰਾਖ ‘ਚੋਂ ਪੁਨਰ ਸੁਰਜੀਤੀ ਕਰਕੇ ਅਕਾਲੀ ਦਲ ਨੂੰ ਮੁੜ ਆਜ਼ਾਦ ਖੇਤਰੀ ਪਾਰਟੀ ਬਣਾਉਣ ਵੱਲ ਯਤਨਸ਼ੀਲ ਹੋਣ।

ਕਾਂਗਰਸ ਦੇ ਤੱਪੜ ਰੁਲ ਗਏ। ਕਾਂਗਰਸ ਦੇ ਪਿਛਲੇ ਰਾਜ ‘ਚ ਸਾਢੇ ਚਾਰ ਸਾਲ ਕੈਪਟਨ ਨੇ ਬਾਦਲਾਂ ਨੂੰ ਬਚਾਇਆ ਤੇ ਆਪ ਰੱਜ ਕੇ ਖਾਧਾ। ਮਗਰਲੇ ਛੇ ਮਹੀਨੇ ਆਪਸੀ ਛਿਤਰੌਲ਼ ‘ਚ ਲੰਘ ਗਏ। ਜੋ ਬੀਜਿਆ, ਉਹੀ ਵੱਢ ਰਹੇ ਹਨ। ਪੰਜਾਬ ਕਾਂਗਰਸ ਦੇ ਭੋਗ ਦੇ ਨਾਲ ਹੀ ਗਾਂਧੀ ਪਰਿਵਾਰ ਦਾ ਵੀ ਭੋਗ ਪੈ ਗਿਆ, ਜੋ ਹਮੇਸ਼ਾ ਪੰਜਾਬ ਨੂੰ ਘਸਿਆਰਾ ਬਣਾਉਣ ਲਈ ਜ਼ੋਰ ਲਾਉਂਦਾ ਰਿਹਾ, ਗੁਰੂ ਦੇ ਦਰ ਦਾ ਦੋਖੀ ਰਿਹਾ।

ਕਿਸਾਨ ਮੋਰਚਾ ਸੰਸਾਰ ਪੱਧਰ ਦਾ ਇਕੱਠ ਸੀ ਪਰ ਇਸ ਵਿੱਚੋਂ ਵੀ ਸਿਆਸੀ ਪਲੇਟਫ਼ਾਰਮ ਨਾ ਕੱਢਿਆ ਜਾ ਸਕਿਆ। ਸਰਬੱਤ ਖਾਲਸੇ ਤੇ ਬਰਗਾੜੀ ਦੇ ਇਕੱਠ ‘ਚੋਂ ਕੁਝ ਨਾ ਕੱਢ ਸਕਣ ਦੇ ਮਿਹਣੇ ਮਾਰਨ ਵਾਲੀ ਜ਼ਾਬਤਾ ਬ੍ਰਿਗੇਡ ਕੇਜਰੀਵਾਲ ਨੇ ਨੌਂ ਮਹੀਨੇ ਮੁੱਖ ਮੰਤਰੀ ਦੀ ਕੁਰਸੀ ਦੁਆਲੇ ਘੁਮਾ ਘੁਮਾ ਨਿੱਸਲ ਕਰ ਸੁੱਟੀ। ਰਾਜੇਵਾਲ ਸਾਹਿਬ ਤੇ ਸਾਥੀ ਉਮੀਦਵਾਰ ਵੋਟਾਂ ਦੀ ਗਿਣਤੀ ਦੇ ਮਾਮਲੇ ‘ਚ ਮਾਨ ਦਲ ਤੋਂ ਵੀ ਨਿੱਘਰ ਗਏ।

ਦੀਪ ਸਿੱਧੂ ਫੈਕਟਰ ਮਾਨ ਦਲ ਨੂੰ ਜਿੱਤ ਨਾ ਦਿਵਾ ਸਕਿਆ ਪਰ ਵੋਟਾਂ ਦੀ ਗਿਣਤੀ ਜ਼ਰੂਰ ਵਧਾ ਗਿਆ। ਮਾਨ ਦਲ ਦੇ ਕਈ ਉਮੀਦਵਾਰ ਬਾਦਲ ਦਲ ਅਤੇ ਕਾਂਗਰਸ ਨਾਲੋਂ ਅੱਗੇ ਰਹੇ। ਪੰਥ ਲਈ ਇਹ ਪੈਂਡੇ ਬੜੇ ਬਿਖੜੇ ਹਨ, ਪਰ ਇਨ੍ਹਾਂ ਨਾਲ ਵਾਹ ਕੋਈ ਨਵਾਂ ਨੀ। ਇਸ ਭਰਮ-ਤੰਤਰ ‘ਚ ਹਿੱਸਾ ਲੈਣਾ ਮਜਬੂਰੀ ਹੈ, ਇਹ ਪਤਾ ਹੁੰਦਿਆਂ ਵੀ ਕਿ ਦੀਵਾ ਨਾ ਜਗਣ ਦੇਣ ਲਈ ਸਭ ਹਨੇਰੀਆਂ ਇਕੱਠੀਆਂ ਹੋ ਕੇ ਛੂਕਦੀਆਂ। ਹਰ ਨਵੇਂ ਦੌਰ ‘ਚ ਨਵੀਆਂ ਤਾਕਤਾਂ ਨਾਲ ਮੱਥਾ ਲਾਉਣ ਲਈ ਪੰਥ ਹਮੇਸ਼ਾ ਤਿਆਰ ਰਿਹਾ ਹੈ। ਹੁਣ ਵੀ ਤਿਆਰ ਹੈ।

ਪੰਜਾਬ ‘ਚ ਦਲਿਤ ਪੱਤਾ ਵੀ ਫੇਲ੍ਹ ਹੋ ਗਿਆ। ਦਲਿਤ ਮੁੱਖ ਮੰਤਰੀ, ਦਲਿਤ ਚਿਹਰਾ ਦੇ ਨਾਅਰੇ ਨਹੀਂ ਚੱਲੇ। ਪੰਜਾਬ ਦੇ ਜੱਟਾਂ ਅਤੇ ਦਲਿਤਾਂ ‘ਚ ਪਾੜਾ ਵਧਾਉਣ ਵਾਲੇ ਨਤੀਜਿਆਂ ਨੇ ਬਰਫ ‘ਚ ਲਾ ਦਿੱਤੇ।
ਪੰਜਾਬ ਵਿਚ ਝਾੜੂ ਦੀ ਜਿੱਤ ਪੰਜਾਬੀ ਸੋਝੀ ਦੀ ਵੱਡੀ ਹਾਰ ਹੈ। ਇਸ ਜਿੱਤ ਦੇ ਜ਼ਿੰਮੇਵਾਰ ਉਹ ਕਾਂਗਰਸੀ ਤੇ ਅਕਾਲੀ ਆਗੂ ਹਨ, ਜੋ ਪੰਜਾਬ ਨਾਲ ਸਦਾ ਗ਼ਦਾਰੀ ਕਰਦੇ ਰਹੇ ਤੇ ਲੋਕਾਂ ਨੂੰ ਅੱਕ ਕੇ ਖੂਹ ‘ਚੋਂ ਨਿਕਲ ਕੇ ਖੱਡ ‘ਚ ਡਿਗਣਾ ਪਿਆ ਹੈ। ਉਸ ਖੱਡ ਵਿੱਚ, ਜਿਸਦਾ ਮੂੰਹ ਅੱਗੇ ਜਾ ਕੇ ਵੱਡੀ ਖੱਡ ਭਾਜਪਾ ਨਾਲ ਜਾ ਜੁੜਦਾ। ਇਹ ਮਸਨੂਈ ਬਦਲਾਅ ਪੰਜਾਬ ਨੂੰ ਬਹੁਤ ਮਹਿੰਗਾ ਪੈਣਾ।

ਬੇਅਦਬੀਆਂ, ਨਸ਼ੇ, ਕਰਜ਼ੇ, ਕੁਦਰਤੀ ਖ਼ਜ਼ਾਨੇ ਦੀ ਲੁੱਟ, ਕੇਂਦਰ ਦਾ ਗ਼ਲਬਾ ਬੀਤੇ ਦੀ ਬਿਆਨਬਾਜ਼ੀ ‘ਚ ਭਗਵੰਤ ਮਾਨ ਅਤੇ ਸਾਥੀਆਂ ਦੇ ਮੁੱਖ ਮੁੱਦੇ ਰਹੇ ਹਨ, ਵੇਖਣ ਵਾਲੀ ਗੱਲ ਹੋਵੇਗੀ ਕਿ ਅਗਲੇ ਪੰਜਾਂ ਸਾਲਾਂ ‘ਚ ਉਹ ਇਨ੍ਹਾਂ ਮੁੱਦਿਆਂ ‘ਤੇ ਕੁਝ ਕਰਦੇ ਹਨ ਜਾਂ ਪ੍ਰੋ ਭੁੱਲਰ ਦੀ ਰਿਹਾਈ ਵਾਲੇ ਮੁੱਦੇ ਵਾਂਗ ਚੋਣਾਂ ਜਿੱਤ ਕੇ ਪਿੱਠ ਕਰ ਲੈਂਦੇ ਹਨ। ਇਹ ਚੁਣੌਤੀ ਕੇਵਲ ਆਗੂਆਂ ਲਈ ਨਹੀਂ, ਸਮਰਥਕਾਂ ਲਈ ਵੀ ਹੋਵੇਗੀ।
ਉਮੀਦ ਹੈ ਕਿ ਹੁਣ ਪੰਜਾਬ ‘ਚ ਹਿੰਦੂਆਂ ਨੂੰ ਕੋਈ ਖਤਰਾ ਨਹੀਂ ਰਿਹਾ ਹੋਵੇਗਾ, ਸ਼ਾਂਤੀ ਯਾਤਰਾ ਜਾਂ ਤਿਰੰਗਾ ਰੈਲੀ ਕੱਢਣ ਦੀ ਲੋੜ ਨਹੀਂ ਪਵੇਗੀ।

ਇੱਕ ਵਾਰ ਫਿਰ ਆਪ ਸਮਰਥਕਾਂ ਤੇ ਆਗੂਆਂ ਨੂੰ ਪੰਜਾਬ ਦੇ ਵੱਡੇ ਗਦਾਰ ਹਰਾਉਣ ਦੀਆਂ ਬਹੁਤ-ਬਹੁਤ ਮੁਬਾਰਕਾਂ।
ਪੰਜਾਬ ਸਿਆਂ ਤੇਰੀ ਸਦਾ ਖ਼ੈਰ ਹੋਵੇ!