ਅਕਾਲੀ ਦਲ ਦੀ ਫੌਜ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ- ਸੁਖਬੀਰ ਬਾਦਲ ..”ਜੰਗਾਂ ਜਿੱਤੀਆਂ ਵੀ ਜਾਂਦੀਆਂ, ਜੰਗਾਂ ਹਾਰੀਆਂ ਵੀ ਜਾਂਦੀਆਂ ਪਰ ਫੌਜਾਂ ਕਾਇਮ ਰਹਿੰਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀ ਫੌਜ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਮੈਨੂੰ ਅਕਾਲੀ ਦਲ ਦੇ ਵਰਕਰਾਂ ‘ਤੇ ਮਾਣ ਹੈ”

ਭਾਵੇਂ ਅਸੀਂ ਹਾਰ ਗਏ ਪਰ ਸਾਡੇ ਵਰਕਰਾਂ ਦਾ ਹੌਂਸਲਾ ਬੁਲੰਦ ਹੈ- ਸੁਖਬੀਰ ਬਾਦਲ..”ਜਿੱਤ-ਹਾਰ ਤਾਂ ਹੁੰਦੀ ਰਹਿੰਦੀ ਹੈ ਪਰ ਸਾਡੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ। ਭਾਵੇਂ ਅਸੀਂ ਹਾਰ ਗਏ ਪਰ ਸਾਡੇ ਵਰਕਰਾਂ ਦਾ ਹੌਂਸਲਾ ਬੁਲੰਦ ਸੀ, ਬੁਲੰਦ ਹੈ ਤੇ ਬੁਲੰਦ ਰਹੇਗਾ”

ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੂਬਾਈ ਚੋਣਾਂ ‘ਚ ਦਲ ਦੀ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ। ਉਨ੍ਹਾਂ ਨਤੀਜਿਆਂ ਦੀ ਪੜਚੋਲ ਅਤੇ ਮੰਥਨ ਲਈ ਸੋਮਵਾਰ ਨੂੰ ਚੰਡੀਗੜ੍ਹ ‘ਚ ਪਾਰਟੀ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ, ਜਿਸ ਵਿੱਚ ਸਮੁੱਚੇ ਉਮੀਦਵਾਰਾਂ ਨੂੰ ਸੱਦਿਆ ਗਿਆ ਹੈ। ਉਹ ਅੱਜ ਪਿੰਡ ਬਾਦਲ ‘ਚ ਮੀਡੀਆ ਦੇ ਮੁਖਾਤਬ ਹੋਏ। ਸ੍ਰੀ ਬਾਦਲ ਨੇ ਆਮ ਆਦਮੀ ਪਾਰਟੀ ਦੇ ਸੀਐੱਮ ਚਿਹਰੇ ਭਗਵੰਤ ਮਾਨ ਨੂੰ ਵਧਾਈ ਦਿੱਤੀ ਅਤੇ ਆਖਿਆ ਕਿ ਜਨਤਾ ਦੀ ਆਵਾਜ਼ ਰੱਬ ਵਾਂਗ ਹੁੰਦੀ ਹੈ। ਪੰਜਾਬ ਦੇ ਲੋਕਾਂ ਨੇ ਆਪ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਮੀਦ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਆਸਾਂ ਖ਼ਰੀ ਉੱਤਰੇਗੀ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਨੂੰ ਹਰ ਹਾਂ-ਪੱਖੀ ਗੱਲ ‘ਤੇ ਪੂਰੀ ਹਮਾਇਤ ਰਹੇਗੀ। ਵਿਰੋਧੀ ਧਿਰ ਵਜੋਂ ਕਮੀਆਂ ਵੀ ਉਠਾਈਆਂ ਜਾਣਗੀਆਂ। ਲੰਬੀ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰੰਘ ਬਾਦਲ ਦੀ ਹਾਰ ਬਾਰੇ ਉਨ੍ਹਾਂ ਕਿਹਾ ਕਿ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਜਿੱਤ-ਹਾਰ ‘ਤੇ ਨਿਰਭਰ ਨਹੀਂ ਹੈ, ਬਲਕਿ ਪੰਜਾਬ ਦੀ ਸੇਵਾ ਨਾਲ ਜੁੜੀ ਹੋਈ ਹੈ। ਉਨ੍ਹਾਂ 16 ਸਾਲ ਜੇਲ੍ਹਾਂ ਕੱਟੀਆਂ ਹਨ ਜੇ ਉਹ ਚਾਹੁੰਦੇ ਤਾਂ ਉਸ ਦੌਰਾਨ ਮੁੱਖ ਮੰਤਰੀ ਵੀ ਬਣ ਸਕਦੇ ਸਨ। ਅਕਾਲੀ ਦਲ ਪੰਥ ਅਤੇ ਪੰਜਾਬ ਦੀ ਆਵਾਜ਼ ਹੈ। ਜਿਹੜੀ ਹਮੇਸ਼ਾਂ ਪੰਜਾਬ ਅਤੇ ਪੰਜਾਬੀਅਤ ਅੱਗੇ ਹੋ ਕੇ ਮਸਲੇ ‘ਤੇ ਡਟੇਗੀ।