ਭਗਵੰਤ ਮਾਨ ਨੇ ਗੱਡੀ ‘ਚ ਰੱਖਿਆ ਆਪਣਾ ਬਿਸਤਰਾ

149

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਆਮ ਆਦਮੀ ਪਾਰਟੀ (ਆਪ) ਦੇ ਜਿੱਤੇ ਵਿਧਾਇਕਾਂ ਦੀ ਅੱਜ ਹੋਈ ਮੀਟਿੰਗ ਵਿੱਚ ਭਗਵੰਤ ਮਾਨ ਨੂੰ ਸਰਬਸੰਮਤੀ ਨਾਲ ਰਸਮੀਂ ਤੌਰ ’ਤੇ ਆਗੂ ਚੁਣ ਲਿਆ ਗਿਆ ਹੈ। ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਦੀ ਨਵੀਂ ਕੈਬਨਿਟ ਵਿਚ 17 ਮੰੰਤਰੀ ਹੋਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਭਗਵੰਤ ਮਾਨ ਭਲਕੇ ਸਵੇਰੇ ਸਾਢੇ ਦਸ ਵਜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਣਗੇ ਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।

ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਟਵੀਟ ਕਰਕੇ ਕਿਹਾ,‘ਮੇਰਾ ਛੋਟਾ ਭਰਾ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਅੱਜ ਉਹ ਸਹੁੰ ਚੁੱਕ ਸਮਾਗਮ ਵਿੱਚ ਸ਼ਰੀਕ ਹੋਣ ਲਈ ਸੱਦਾ ਦੇਣ ਵਾਸਤੇ ਮੇਰੇ ਘਰ ਆਏ। ਮੈਨੂੰ ਪੂਰਾ ਭਰੋਸਾ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਦੇ ਤੌਰ ‘ਤੇ ਪੰਜਾਬ ਦੇ ਲੋਕਾਂ ਦੀ ਹਰ ਉਮੀਦ ਨੂੰ ਪੂਰਾ ਕਰਨਗੇ।’

ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਦੀ ਅਗਵਾਈ ਹੇਠ ਨਵੀਂ ਸਰਕਾਰ 16 ਮਾਰਚ ਨੂੰ ਸਹੁੰ ਚੁੱਕੇਗੀ। ਇਸ ਤੋਂ ਪਹਿਲਾਂ 13 ਮਾਰਚ ਨੂੰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕਰਨਗੇ। ਸ੍ਰੀ ਮਾਨ ਅੱਜ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਦਿੱਲੀ ਪੁੱਜੇ ਤੇ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਇਹ ਪਾਰਟੀ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ-ਬਸਪਾ ਗੱਠਜੋੜ ਨੂੰ ਪਛਾੜ ਕੇ ਸੱਤਾ ਵਿੱਚ ਆਈ ਹੈ। ਕੌਮੀ ਰਾਜਧਾਨੀ ਲਈ ਰਵਾਨਾ ਹੋਣ ਤੋਂ ਪਹਿਲਾਂ ਸੰਗਰੂਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਉਹ ਕੇਜਰੀਵਾਲ ਨੂੰ ਮਿਲਣ ਜਾ ਰਹੇ ਹਨ ਅਤੇ ਪੰਜਾਬ ਚੋਣਾਂ ਵਿੱਚ ਪਾਰਟੀ ਦੀ ਸ਼ਾਨਦਾਰ ਜਿੱਤ ਲਈ ਉਨ੍ਹਾਂ ਨੂੰ ਵਧਾਈ ਦੇਣਗੇ। ਸਰਕਾਰ ਬਾਰੇ ਸਵਾਲ ਦੇ ਜਵਾਬ ਵਿੱਚ ਮਾਨ ਨੇ ਕਿਹਾ, ‘ਮੈਂ ਭਲਕੇ ਰਾਜਪਾਲ ਨੂੰ ਮਿਲਾਂਗਾ। ਅਸੀਂ ਅੱਜ ਉਨ੍ਹਾਂ ਤੋਂ ਸਮਾਂ ਮੰਗਾਂਗੇ।’ ਸਹੁੰ ਚੁੱਕ ਸਮਾਗਮ ਨਵਾਂਸ਼ਹਿਰ ਜ਼ਿਲ੍ਹੇ ਦੇ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਹੋਵੇਗਾ।