ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਹੋਈ ਹੈ। ਇਸ ਸਿਆਸੀ ਪਾਰਟੀ ਦੇ ਹਿੱਸੇ 117 ਵਿਚੋਂ 92 ਸੀਟਾਂ ਆਈਆਂ ਹਨ। ਆਮ ਆਦਮੀ ਪਾਰਟੀ ਵਲੋਂ ਹਮੇਸ਼ਾਂ ਦਾਅਵਾ ਕੀਤਾ ਗਿਆ ਹੈ ਕਿ ਅਸੀਂ ਆਮ ਘਰਾਂ ਦੇ ਧੀਆਂ ਪੁੱਤਰਾਂ ਨੂੰ ਮੌਕਾ ਦਿਤਾ ਹੈ ਅਤੇ ਵਿਧਾਨ ਸਭਾ ਦੀਆਂ ਟਿਕਟਾਂ ਵੰਡੀਆਂ ਹਨ। ਇਹ ਗੱਲ ਅਸਲ ਵਿਚ ਸੱਚ ਸਾਬਤ ਹੋਈ ਹੈ ਕਿ ਉਨ੍ਹਾਂ ਨੇ ਆਮ ਲੋਕਾਂ ਨੂੰ ਅੱਗੇ ਲਿਆਂਦਾ ਹੈ ਅਤੇ ਉਨ੍ਹਾਂ ਨੂੰ ਪਿਆਰ ਵੀ ਦਿੱਤਾ ਹੈ।

ਅਜਿਹਾ ਹੀ ਇੱਕ ਜੇਤੂ ਵਿਧਾਇਕ ਪਿੰਡ ਉੱਗੋਕੇ ਦਾ ਹੈ ਜਿਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਹੈ ਅਤੇ ਜਿੱਤ ਆਪਣੇ ਨਾਮ ਦਰਜ ਕੀਤੀ ਹੈ। ਵਿਧਾਇਕ ਲਾਭ ਸਿੰਘ ਦੀ ਇਸ ਜਿੱਤ ਨੇ ਪਿੰਡ ਨੂੰ ਵੀ ਦੇਸ਼ ਦੁਨੀਆ ਵਿਚ ਮਸ਼ਹੂਰ ਕਰ ਦਿਤਾ ਹੈ। ਹਾਲਾਂਕਿ ਬਹੁਤ ਗੱਲਾਂ ਕੀਤੀਆਂ ਜਾਂਦੀਆਂ ਸਨ ਕਿ ਚਰਨਜੀਤ ਸਿੰਘ ਚੰਨੀ ਦਾ ਕੱਦ ਬਹੁਤ ਵੱਡਾ ਹੈ ਅਤੇ ਲਾਭ ਸਿੰਘ ਉੱਗੋਕੇ ਦਾ ਜਿੱਤਣਾ ਮੁਸ਼ਕਲ ਹੈ ਪਰ ਵੱਡੇ ਵੱਡੇ ਸਿਆਸਤਦਾਨਾਂ ਦੇ ਕਿਲ੍ਹੇ ਆਮ ਆਦਮੀ ਪਾਰਟੀ ਦੇ ਛੋਟੇ ਛੋਟੇ ਘਰਾਂ ‘ਚੋਂ ਨਿਕਲੇ ਉਮੀਦਵਾਰਾਂ ਨੇ ਢਹਿ ਢੇਰੀ ਕਰ ਦਿੱਤੇ।

ਲਾਭ ਸਿੰਘ ਉੱਗੋਕੇ ਦੇ ਪ੍ਰਵਾਰ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੇ ਪ੍ਰਵਾਰ ਵਿਚ ਲਾਭ ਸਿੰਘ ਉੱਗੋਕੇ ਦੀ ਮਾਤਾ ਜੀ, ਪਤਨੀ ਅਤੇ ਦੋ ਪੁੱਤਰ ਹਨ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਦੀ ਮਾਤਾ ਜੀ ਨੇ ਦੱਸਿਆ ਕਿ ਲਾਭ ਸਿੰਘ ਆਪਣੀ ਪੜ੍ਹਾਈ ਪੂਰੀ ਕਰਨ ਮਗਰੋਂ ਦਿਹਾੜੀ ਵੀ ਕਰਦੇ ਰਹੇ ਹਨ ਅਤੇ ਹੁਣ ਤਕਰੀਬਨ ਅੱਠ ਸਾਲ ਤੋਂ ਸਿਆਸਤ ਵਿਚ ਸਨ।

ਲਾਭ ਸਿੰਘ ਨੂੰ ਪ੍ਰਵਾਰ ਵਲੋਂ ਪੂਰੀ ਹਮਾਇਤ ਦਿਤੀ ਜਾਂਦੀ ਸੀ ਅਤੇ ਕਦੇ ਵੀ ਰਾਜਨੀਤੀ ਵਿਚ ਆਉਣ ਤੋਂ ਰੋਕਿਆ ਨਹੀਂ ਗਿਆ। ਉੱਗੋਕੇ ਦੇ ਮਾਤਾ ਜੀ ਨੇ ਦੱਸਿਆ ਕਿ ਉਹ ਇੱਕ ਸਰਕਾਰੀ ਸਕੂਲ ਵਿਚ ਝਾੜੂ ਲਗਾਉਂਦੇ ਹਨ ਜਿਸ ਵਿਚ ਲਾਭ ਸਿੰਘ ਵੀ ਉਨ੍ਹਾਂ ਦਾ ਹੱਥ ਵਟਾਇਆ ਕਰਦੇ ਸਨ। ਇਸ ਤੋਂ ਬਾਅਦ ਲਾਭ ਸਿੰਘ ਨੇ ਮੋਬਾਈਲਾਂ ਦੀ ਦੁਕਾਨ ‘ਤੇ ਵੀ ਕੰਮ ਕੀਤਾ ਪਰ ਦਿਲ ਨੂੰ ਨਾ ਲੱਗਣ ‘ਤੇ ਉਨ੍ਹਾਂ ਨੇ ਇਹ ਕੰਮ ਛੱਡ ਦਿਤਾ ਅਤੇ ਰਾਜ ਮਿਸਤਰੀ ਨਾਲ ਦਿਹਾੜੀ ਮਜ਼ਦੂਰੀ ਵੀ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪੁੱਟ ‘ਤੇ ਪੂਰਾ ਭਰੋਸਾ ਸੀ ਕਿ ਇਹ ਇੱਕ ਦਿਨ ਜ਼ਰੂਰ ਕੁਝ ਕਰ ਕੇ ਦਿਖਾਵੇਗਾ।

ਉਨ੍ਹਾਂ ਦੱਸਿਆ ਕਿ ਲਾਭ ਸਿੰਘ ਹੁਰੀਂ ਦੋ ਭਰਾ ਹਨ ਅਤੇ ਦੂਜਾ ਭਰਾ ਆਰਮੀ ਵਿਚੋਂ ਸੇਵਾਮੁਕਤ ਹੋ ਚੁੱਕਾ ਹੈ। ਉਹ ਦੋਵੇਂ ਭਰਾ ਮਿਹਨਤ ਮਜ਼ਦੂਰੀ ਕਰ ਕੇ ਘਰ ਦੇ ਗੁਜ਼ਾਰੇ ਵਿਚ ਯੋਗਦਾਨ ਪਾਉਂਦੇ ਸਨ। ਉਨ੍ਹਾਂ ਦੱਸਿਆ ਕਿ ਲਾਭ ਸਿੰਘ ਦੇ ਪਿਤਾ ਜੀ ਵੀ ਦਿਹਾੜੀ ਕਰਦੇ ਸਨ ਜਿਸ ਨਾਲ ਸਾਲ ਦਾ ਕਰੀਬ 40 ਹਜ਼ਾਰ ਕਮਾ ਲੈਂਦੇ ਸਨ ਅਤੇ ਕੁਝ ਉਹ ਸਕੂਲ ਵਿਚ ਝਾੜੂ ਲਗਾ ਕੇ ਕਮਾਉਂਦੇ ਸਨ ਜਿਸ ਨਾਲ ਉਨ੍ਹਾਂ ਦੇ ਪ੍ਰਵਾਰ ਦਾ ਗੁਜ਼ਾਰਾ ਚੰਗਾ ਹੋ ਜਾਂਦਾ ਸੀ।

ਲਾਭ ਸਿੰਘ ਦੀ ਮਾਤਾ ਜੀ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਲਾਭ ਸਿੰਘ ‘ਤੇ ਪੂਰਾ ਭਰੋਸਾ ਸੀ ਕਿਉਂਕਿ ਉਹ ਇੱਕ ਸ਼ੇਰ ਹੈ। ਭਾਵੇਂ ਘਰ ਵਿਚ ਗਰੀਬੀ ਹੈ ਪਰ ਲਾਭ ਸਿੰਘ ਦਾ ਦਿਲ ਗਰੀਬ ਨਹੀਂ ਹੈ ਅਤੇ ਜਿਸ ਨਾਲ ਉਸ ਨੇ ਮੱਥਾ ਲਗਾਇਆ ਹੈ ਉਥੇ ਵੀ ਜਿੱਤ ਹਾਸਲ ਕਰੇਗਾ। ਉਨ੍ਹਾਂ ਦੱਸਿਆ ਕਿ ਅਸੀਂ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਨਿਮਰਤਾ ਵਿਚ ਰਹਿਣਾ ਸਿਖਾਇਆ ਹੈ ਅਤੇ ਇਹ ਇਸ ਦਾ ਹੀ ਨਤੀਜਾ ਹੈ ਕਿ ਲੋਕਾਂ ਤੋਂ ਵੀ ਹੁਣ ਲਾਭ ਸਿੰਘ ਨੂੰ ਇੰਨਾ ਪਿਆਰ ਮਿਲਿਆ ਹੈ।

ਇਸ ਮੌਕੇ ਉਨ੍ਹਾਂ ਜਨਤਾ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਲੋਕਾਂ ਵਲੋਂ ਬਹੁਤ ਪਿਆਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਕਿਸੇ ਨੂੰ ਪਾਣੀ ਤੱਕ ਵੀ ਪਿਆਉਣ ਦਾ ਖਰਚਾ ਨਹੀਂ ਕੀਤਾ ਕਿਉਂਕਿ ਸਾਡੇ ਕੋਲ ਇੰਨਾ ਕੁਝ ਕਰਨ ਲਈ ਪੈਸੇ ਹੈ ਹੀ ਨਹੀਂ ਸਨ ਸਗੋਂ ਜਨਤਾ ਨੇ ਸਦਾ ਖਿਆਲ ਰੱਖਿਆ ਹੈ ਅਤੇ ਵੱਡੀ ਲੀਡ ਨਾਲ ਜਿੱਤ ਦਿਵਾਈ ਹੈ।

ਇਸ ਮੌਕੇ ਲਾਭ ਸਿੰਘ ਉੱਗੋਕੇ ਦੇ ਵੱਡੇ ਪੁੱਤਰ ਅਭਿਜੋਤ ਸਿੰਘ ਨਾਲ ਜਦੋਂ ਗੱਲ ਕੀਤੀ ਤਾਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਭੋਲੇਪਨ ਨਾਲ ਦੱਸਿਆ ਕਿ ਉਨ੍ਹਾਂ ਦੇ ਪਾਪਾ ਐਮ.ਐਲ.ਏ. ਬਣ ਗਏ ਹਨ ਅਤੇ ਐਮ.ਐਲ.ਏ. ਉਹ ਹੁੰਦਾ ਹੈ ਜੋ ਲੋਕਾਂ ਦੇ ਕੰਮ ਕਰਦਾ ਹੈ। ਅਭਿਜੋਤ ਨੇ ਦੱਸਿਆ ਕਿ ਜਦੋਂ ਉਨ੍ਹਾਂ ਆਪਣੇ ਪਾਪਾ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਨੀ ਚੁੱਕੇ ਪਰ ਸਕੂਲ ਵਿਚ ਅਭੋਜੋਤ ਦੇ ਦੋਸਤ ਜਿੱਤ ਦੀ ਖੁਸ਼ੀ ਵਿਚ ਉਸ ਤੋਂ ਪਾਰਟੀ ਮੰਗਣ ਲੱਗੇ। ਅਭਿਜੋਤ ਨੇ ਦੱਸਿਆ ਕਿ ਉਹ ਵੱਡਾ ਹੋ ਕੇ ਆਰਮੀ ਅਫ਼ਸਰ ਬਣਨਾ ਚਾਹੁੰਦਾ ਹੈ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ।

ਵਿਧਾਇਕ ਲਾਭ ਸਿੰਘ ਉਗੋਕੇ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ 2010 ਵਿਚ ਹੋਇਆ ਸੀ ਅਤੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਮੁਕਾਮ ‘ਤੇ ਪਹੁੰਚਣਗੇ। ਇਹ ਜਨਤਾ ਅਤੇ ਹਲਕੇ ਦੇ ਲੋਕਾਂ ਦਾ ਪਿਆਰ ਹੀ ਹੈ ਜੋ ਇੱਕ ਵੇਲੇ ਦੇ ਮੌਜੂਦਾ ਮੁੱਖ ਮੰਤਰੀ ਨੂੰ ਹਰ ਕੇ ਲਾਭ ਸਿੰਘ ਦੀ ਝੋਲੀ ਵਿਚ ਜਿੱਤ ਪਾਈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ਵਿਚ ਉਹ ਲਾਭ ਸਿੰਘ ਨੂੰ ਸਿਆਸਤ ਵਿਚ ਜਾਣ ਤੋਂ ਰੋਕਦੇ ਸਨ ਪਰ ਲਾਭ ਸਿੰਘ ਦੀ ਲਗਨ ਇਸ ਪਾਸੇ ਹੋਣ ਕਾਰਨ ਉਨ੍ਹਾਂ ਨੇ ਵੀ ਆਪਣੇ ਪਤੀ ਦਾ ਸਾਥ ਦਿਤਾ।

ਇਸ ਮੌਕੇ ਵਿਧਾਇਕ ਦੇ ਪਿਤਾ ਜੀ ਨੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਜਿੱਤ ਦਾ ਸਿਹਰਾ ਭਦੌੜ ਦੇ ਲੋਕਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਜਨਤਾ ਦੀ ਬਦੌਲਤ ਹੀ ਹੋਇਆ ਹੈ ਕਿ ਉਨ੍ਹਾਂ ਨੇ ਚਰਨਜੀਤ ਚੰਨੀ ਨੂੰ ਹਰ ਕੇ ਲਾਭ ਸਿੰਘ ਨੂੰ ਆਪਣਾ ਨੁਮਾਇੰਦਾ ਚੁਣਿਆ ਹੈ। ਜੋ ਉਨ੍ਹਾਂ ਦੇ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਪਿਆਰ ਦਿਤਾ ਹੈ ਇਸ ਦਾ ਉਹ ਕਦੇ ਵੀ ਦੇਣ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੁੱਤ ਦਾ ਪੂਰਾ ਸਹਿਯੋਗ ਦੇਵਾਂਗੇ ਅਤੇ ਉਸ ਨੂੰ ਲੋਕਾਂ ਦੇ ਕੰਮ ਕਰਨ ਲਈ ਪ੍ਰੇਰਿਤ ਵੀ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਵਧੀਆ ਸਕੂਲ ਅਤੇ ਚੰਗੇ ਹਸਪਤਾਲ ਪੰਜਾਬ ਵਿਚ ਮੌਜੂਦਾ ਸਮੇਂ ਦੀ ਮੰਗ ਹਨ ਜਿਥੇ ਲੋਕਾਂ ਦਾ ਮੁਫ਼ਤ ਇਲਾਜ ਹੋ ਸਕੇ ਅਤੇ ਬੱਚਿਆਂ ਨੂੰ ਸਿੱਖਿਆ ਮਿਲ ਸਕੇ।