ਅੰਤਰਰਾਸ਼ਟਰੀ ਕਬੱਡੀ ਖ਼ਿਡਾਰੀ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ, ਚੱਲਦੇ ਟੂਰਨਾਮੈਂਟ ’ਚ ਅਣਪਛਾਤੇ ਹਮਲਾਵਰਾਂ ਨੇ ਕੀਤਾ ਹਮਲਾ
ਜਲੰਧਰ, 14 ਮਾਰਚ, 2022:ਅੰਤਰਰਾਸ਼ਟਰੀ ਕਬੱਡੀ ਖ਼ਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਅੱਜ ਕਬੱਡੀ ਦੇ ਇਕ ਚੱਲਦੇ ਟੂਰਨਾਮੈਂਟ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਘਟਨਾ ਸੋਮਵਾਰ ਸ਼ਾਮ ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਮੱਲੀਆਂ ਖ਼ੁਰਦ ਵਿਖ਼ੇ ਚੱਲ ਰਹੇ ਕਬੱਡੀ ਟੂਰਨਾਮੈਂਟ ਵਿੱਚ ਵਾਪਰੀ ਇਸ ਘਟਨਾ ਨੂੰ ਇਕ ਚਿੱਟੇ ਰੰਗ ਦੀ ਸਵਿਫ਼ਟ ਕਾਰ ਵਿੱਚ ਸਵਾਰ ਚਾਰ ਲੋਕ ਪਹੁੰਚੇ ਜਿਨ੍ਹਾਂ ਵਿੱਚੋਂ ਇਕ ਤਾਂ ਕਾਰ ਵਿੱਚ ਹੀ ਬੈਠਾ ਰਿਹਾ ਜਦਕਿ ਬਾਕੀ ਤਿੰਨ ਖ਼ੇਡ ਮੈਦਾਨ ਦੇ ਅੰਦਰ ਚਲੇ ਗਏ ਜਿੱਥੇ ਇਕ ਕਬੱਡੀ ਮੈੱਚ ਚੱਲ ਰਿਹਾ ਸੀ।
ਹਥਿਆਰਬੰਦ ਹਮਲਾਵਰਾਂ ਨੇ ਨੰਗਲ ਅੰਬੀਆਂ ਨੂੰ ਹੀ ‘ਟਾਰਗੈਟ’ ਕਰਕੇ ਦਰਜਨ ਦੇ ਕਰੀਬ ਫ਼ਾਇਰ ਕੀਤੇ ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਗੋਲੀਆਂ ਚੱਲਣ ਕਾਰਨ ਟੂਰਨਾਮੈਂਟ ਵਾਲੀ ਜਗ੍ਹਾ ’ਤੇ ਭਗਦੜ ਮਚ ਗਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਆਪਣੀ ਕਾਰ ਵਿੱਚ ਸਵਾਰ ਹੋ ਕੇ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ।
ਥਾਣਾ ਨਕੋਦਰ ਦੇ ਐੱਸ.ਐਚ.ਉ. ਸ: ਪਰਮਿੰਦਰ ਸਿੰਘ ਅਨੁਸਾਰ ਨੰਗਲ ਅੰਬੀਆਂ ਆਪਣੀ ਟੀਮ ਲੈ ਕੇ ਟੂਰਨਾਮੈਂਟ ਵਿੱਚ ਪਹੁੰਚਿਆ ਸੀ ਅਤੇ ਅਜੇ ਉਸਦੀ ਟੀਮ ਦਾ ਮੈੱਚ ਹੋਣਾ ਸੀ।
ਕਤਲ ਦੇ ਕਾਰਨ ਦਾ ਫ਼ੌਰੀ ਤੌਰ ’ਤੇ ਪਤਾ ਨਹੀਂ ਲੱਗਾ ਪਰ ਜਿਸ ਤਰ੍ਹਾਂ ਨੰਗਲ ਅੰਬੀਆਂ ਨੂੰ ‘ਟਾਰਗੈਟ’ ਕਰਕੇ ਕਿਸੇ ਹੋਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਉਸਤੋਂ ਸਪਸ਼ਟ ਹੈ ਕਿ ਇਹ ਕੋਈ ਆਪਸੀ ਰੰਜਿਸ਼ ਦਾ ਮਾਮਲਾ ਹੋ ਸਕਦਾ ਹੈ।
ਇੰਸਪੈਕਟਰ ਪਰਮਿੰਦਰ ਸਿੰਘ ਅਨੁਸਾਰ ਘਟਨਾ ਵਾਲੀ ਥਾਂ ਤੋਂ 8 ਖ਼ਾਲੀ ਖ਼ੋਲ ਮਿਲੇ ਹਨ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਅਣਪਛਾਤੇ ਹਮਲਾਵਰਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ।