ਦੋਸਤੋ, ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਚੱਲਦੇ ਮੈਚ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਉੱਪਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਦੁੱਖ ਪ੍ਰਗਟ ਕਰਦਾ ਹਾਂ। ਮੈਂ ਮੰਗ ਕਰਦਾ ਹਾਂ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜੇ ਅਤੇ ਪੀੜਤ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਤੇ ਸਰਕਾਰੀ ਨੋਕਰੀ ਦਿੱਤੀ ਜਾਵੇ – ਖਹਿਰਾ

ਮੱਲ੍ਹੀਆਂ ਖੁਰਦ ਜ਼ਿਲ੍ਹਾ ਜਲੰਧਰ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ‘ਚ ਅਣਪਛਾਤੇ ਵਿਅਕਤੀਆਂ ਵਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ‘ਤੇ ਦਰਜਨਾਂ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਇਸ ਦੌਰਾਨ 2 ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।

ਮੌਕੇ ‘ਤੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਅੱਜ ਸ਼ਾਮ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਆਪਣੀ ਟੀਮ ਨਾਲ ਕਬੱਡੀ ਟੂਰਨਾਮੈਂਟ ‘ਚ ਮੈਚ ਲਗਾਉਣ ਲਈ ਸ਼ਾਮਿਲ ਹੋਏ ਸਨ। ਉਕਤ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਆਪਣੇ ਖਿਡਾਰੀ ਸਾਥੀਆਂ ਨਾਲ ਸਟੇਜ ਤੋਂ ਮੈਚ ਲਗਾਉਣ ਲਈ ਆ ਰਿਹਾ ਸੀ, ਉਹ ਜਿਉਂ ਹੀ ਮੇਨ ਗੇਟ ਦੇ ਕੋਲ ਗਰਾਊਂਡ ਦੇ ਬਾਹਰ ਪਹੁੰਚਿਆ ਤਾਂ 4 ਅਣਪਛਾਤੇ ਵਿਅਕਤੀਆਂ ਵਲੋਂ ਜਿਨ੍ਹਾਂ ਦੇ ਹੱਥਾਂ ‘ਚ ਰਿਵਾਲਵਰ ਫੜੇ ਹੋਏ ਸਨ, ਨੇ ਆਉਂਦਿਆਂ ਹੀ ਸੰਦੀਪ ਨੰਗਲ ਅੰਬੀਆਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਉਸ ਦੀ ਪੁੜਪੜੀ ਵਿਚ ਲੱਗੀਆਂ।

ਇਸ ਦੌਰਾਨ 2 ਵਿਅਕਤੀ ਜਤਿਨ ਪੁੱਤਰ ਪ੍ਰੇਮ ਵਾਸੀ ਮੱਲ੍ਹੀਆਂ ਖੁਰਦ ਦੀ ਖੱਬੀ ਲੱਤ ‘ਚ ਤੇ ਪ੍ਰਤਾਪ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਹੁੰਦਲ ਢੱਡਾ ਦੀ ਵੱਖੀ ‘ਚ ਛਰੇ ਲੱਗਣ ਕਾਰਨ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨਕੋਦਰ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਅਣਪਛਾਤੇ ਵਿਅਕਤੀ ਹਵਾਈ ਫਾਇਰ ਕਰਦੇ ਹੋਏ ਵਾਪਸ ਪਿੰਡ ਗਿੱਲ ਵੱਲ ਨੂੰ ਫ਼ਰਾਰ ਹੋ ਗਏ।

ਇਸ ਘਟਨਾ ਨੂੰ ਲੈ ਕੇ ਪਿੰਡ ਤੇ ਇਲਾਕੇ ‘ਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐਸ. ਪੀ. ਲਖਵਿੰਦਰ ਸਿੰਘ ਮੱਲ, ਥਾਣਾ ਸਦਰ ਦੇ ਮੁਖੀ ਐਸ. ਐਚ. ਓ. ਪਰਮਿੰਦਰ ਸਿੰਘ ਤੇ ਪੁਲਿਸ ਚੌਕੀ ਉੱਗੀ ਦੇ ਇੰਚਾਰਜ ਭੁਪਿੰਦਰ ਸਿੰਘ ਘਟਨਾ ਸਥਾਨ ‘ਤੇ ਪਹੁੰਚ ਗਏ। ਜਿਨ੍ਹਾਂ ਨੇ ਮੌਕੇ ਤੋਂ 7, 8 ਰੌਂਦਾ ਨੂੰ ਆਪਣੇ ਕਬਜ਼ੇ ‘ਚ ਲੈ ਲਏ। ਇਸ ਘਟਨਾ ਦੀ ਸੂਚਨਾ ਮਿਲਦਿਆਂ ਐਸ. ਐਸ.ਪੀ. ਸਤਿੰਦਰ ਸਿੰਘ ਨੇ ਵੀ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਚਾਰ, ਪੰਜ ਅਣਪਛਾਤੇ ਵਿਅਕਤੀ ਚਿੱਟੇ ਰੰਗ ਦੀ ਸਵਿਫਟ ਕਾਰ ‘ਚ ਸਵਾਰ ਹੋ ਕੇ ਆਏ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।