ਚੰਡੀਗੜ੍ਹ : ਭਗਵੰਤ ਮਾਨ ਕੱਲ੍ਹ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ‘ਚ ਮੁੱਖ ਮੰਤਰੀ ਅਹੁਦੇ ਲਈ ਸਹੁੰ ਚੁੱਕ ਸਮਾਗਮ ਹੈ। ਇਸ ਸਬੰਧ ਵਿੱਚ ਜ਼ੋਰਾਂ ‘ਤੇ ਤਿਆਰੀਆਂ ਚੱਲ ਰਹੀਆਂ ਹਨ। ਸਮਾਗਮ ਲਈ 100 ਏਕੜ ‘ਚ ਪੰਡਾਲ ਲਗਾਇਆ ਜਾ ਰਿਹਾ ਹੈ। 2 ਲੱਖ ਲੋਕਾਂ ਦੇ ਪਹੁੰਚਣ ਦੀ ਉਮੀਦ ਦੱਸੀ ਜਾ ਰਹੀ ਹੈ। ਇਸ ਪ੍ਰੋਗਰਾਮ ਲਈ ਮੁੱਖ ਪੰਡਾਲ ਦੇ ਨਾਲ ਲਗਦੀ 40 ਏਕੜ ਕਣਕ ਵੱਢੀ ਗਈ ਹੈ। ਇਹ ਕਣਕ ਹਾਲੇ ਕੱਚੀ ਹੈ ਤੇ ਸਮੇਂ ਤੋਂ ਪਹਿਲਾਂ ਵੱਢੀ ਗਈ ਹੈ। ਜਿਸ ਕਾਰਨ ਮਾਲਕ ਕਿਸਾਨ ਨੂੰ 46 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ ਪੰਡਾਲ ਨਾਲ ਲੱਗਦੀ ਇਹ 40 ਏਕੜ ਜਗ੍ਹਾ ਸਮਾਗਮ ਦੀ ਪਾਰਕਿੰਗ ਲਈ ਵਰਤੀ ਜਾਣੀ ਹੈ।

ਸ਼ਹੀਦ ਭਗਤ ਸਿੰਘ ਦੀ ਯਾਦਗਾਰ ਦੇ ਨਾਲ ਲੱਗਦੇ ਖੇਤ ਸਮਾਗਮਾਂ ਅਤੇ ਪਾਰਕਿੰਗ ਲਈ ਕਿਰਾਏ ’ਤੇ ਦਿੱਤੇ ਗਏ ਹਨ। ਇਸ ਵਿੱਚੋਂ ਪਾਰਕਿੰਗ ਲਈ ਵਰਤੀ ਜਾਣ ਵਾਲੀ 40 ਏਕੜ ਜ਼ਮੀਨ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਇੱਥੇ ਜ਼ਿਆਦਾਤਰ ਕਣਕ ਦੀ ਹਰੀ ਫ਼ਸਲ ਹੁੰਦੀ ਹੈ। ਇਸ ਦੇ ਬਦਲੇ ਕਿਸਾਨਾਂ ਨੂੰ 46 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਗੁੱਜਰ ਭਾਈਚਾਰੇ ਦੇ ਲੋਕ ਖੇਤਾਂ ਵਿੱਚ ਖੜ੍ਹੀ ਹਰੀ ਫ਼ਸਲ ਨੂੰ ਕੱਟ ਕੇ ਆਪਣੇ ਪਸ਼ੂਆਂ ਲਈ ਚਾਰੇ ਵਜੋਂ ਵਰਤ ਰਹੇ ਹਨ।

ਪੰਜਾਬ ਸਰਕਾਰ ਵੱਲੋਂ ਇਸ ਸਮਾਗਮ ’ਤੇ ਵੱਡਾ ਖਰਚਾ ਕੀਤਾ ਜਾ ਰਿਹਾ ਹੈ। ਇਸ ਸਮਾਗਮ ’ਤੇ ਕੁੱਲ 2 ਕਰੋੜ 57 ਲੱਖ ਰੁਪਏ ਖਰਚ ਕੀਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਗਏ ਬਜਟ ਅਨੁਸਾਰ ਇਕੱਲੇ ਪਿੰਡ ਵਿੱਚ ਹੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਕੁੱਲ 2 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸ਼ਹੀਦੀ ਸਮਾਰਕ ਦੇ ਪਿੱਛੇ 13 ਏਕੜ ਜ਼ਮੀਨ ‘ਤੇ ਕਰੀਬ 1 ਲੱਖ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਪੰਡਾਲ ਯਾਦਗਾਰੀ ਜਾਇਦਾਦ ਦੀ 6.5 ਏਕੜ ਜ਼ਮੀਨ ‘ਤੇ ਬਣਾਇਆ ਜਾ ਰਿਹਾ ਹੈ। ਇਸ ਦੇ ਆਲੇ-ਦੁਆਲੇ ਦੀ ਜ਼ਮੀਨ ‘ਤੇ ਸਮਾਗਮ ਲਈ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਯਾਦਗਾਰ ਦੀ ਚਾਰਦੀਵਾਰੀ ‘ਤੇ ਵੀ ਗੇਟ ਲਗਾਏ ਜਾ ਰਹੇ ਹਨ।ਸਹੁੰ ਚੁੱਕ ਪੰਡਾਲ ਵਿੱਚ ਕਰੀਬ 40 ਹਜ਼ਾਰ ਕੁਰਸੀਆਂ ਲਗਾਉਣ ਦੀ ਯੋਜਨਾ ਹੈ। ਇੱਥੇ 25,000 ਵਾਹਨਾਂ ਦੀ ਪਾਰਕਿੰਗ ਬਣਾਈ ਜਾਵੇਗੀ।

ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਦੀ ਕੋਈ ਸਰਕਾਰ ਰਾਜ ਭਵਨ ਦੀ ਬਜਾਏ ਕਿਸੇ ਜਨਤਕ ਸਥਾਨ ‘ਤੇ ਸਹੁੰ ਚੁੱਕ ਰਹੀ ਹੈ। ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ 16 ਮਾਰਚ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਲਈ ਸੱਦਾ ਦਿੱਤਾ ਹੈ। ਭਗਵੰਤ ਮਾਨ ਨੇ ਲੋਕਾਂ ਨੂੰ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਨਾਲ ਹੀ ਇਸ ਦਿਨ ਪੁਰਸ਼ਾਂ ਨੂੰ ਵਿਸ਼ੇਸ਼ ਤੌਰ ‘ਤੇ ‘ਬਸੰਤੀ’ (ਪੀਲੀ) ਪੱਗਾਂ ਅਤੇ ਔਰਤਾਂ ਨੂੰ ਪੀਲੇ ‘ਦੁਪੱਟੇ’ (ਸ਼ਾਲਾਂ) ਪਹਿਨਣ ਦੀ ਅਪੀਲ ਕੀਤੀ।

ਸੋਮਵਾਰ ਨੂੰ ਟਵਿੱਟਰ ‘ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਪੰਜਾਬ ਦੇ ਚੁਣੇ ਗਏ ਮੁੱਖ ਮੰਤਰੀ ਨੇ ਕਿਹਾ, ‘ਸਿਰਫ ਮੈਂ ਹੀ ਨਹੀਂ, ਪੰਜਾਬ ਦੇ ਤਿੰਨ ਕਰੋੜ ਲੋਕ ਵੀ ਮੇਰੇ ਨਾਲ ਸਹੁੰ ਚੁੱਕਣਗੇ।’ ਅਸੀਂ ਰਲ ਕੇ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਅਤੇ 16 ਮਾਰਚ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਲਾਗੂ ਕਰਾਂਗੇ। ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ, ‘ਮੈਂ ਸਿਰਫ਼ ਮੁੱਖ ਮੰਤਰੀ ਨਹੀਂ ਬਣਿਆ। ਤੁਸੀਂ ਸਾਰੇ ਮੁੱਖ ਮੰਤਰੀ ਬਣ ਗਏ ਹੋ। ਹੁਣ ਤੁਹਾਡੀ ਆਪਣੀ ਸਰਕਾਰ ਹੋਵੇਗੀ।

ਵੀਡੀਓ ‘ਚ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ, ‘ਮੈਂ ਆਪਣੇ ਭਰਾਵਾਂ ਅਤੇ ਦੋਸਤਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਉਸ ਦਿਨ ਬਸੰਤੀ ਰੰਗ ਦੀ ਪੱਗ ਬੰਨ੍ਹਣ ਅਤੇ ਭੈਣਾਂ ਨੂੰ ਬਸੰਤੀ ਰੰਗ ਦਾ ਦੁਪੱਟਾ ਪਹਿਨਣ। ਅਸੀਂ ਉਸ ਦਿਨ ਖਟਕੜ ਕਲਾਂ ਨੂੰ ਬਸੰਤੀ ਰੰਗ ਵਿੱਚ ਬਦਲ ਦੇਵਾਂਗੇ।