ਨਵੀਂ ਦਿੱਲੀ: ਨੈਸ਼ਨਲ ਕਾਨਫਰੰਸ ਦੇ ਕਾਰਜਕਾਰੀ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਮਨਘੜਤ ਕਰਾਰ ਦਿੱਤਾ ਅਤੇ ਕਿਹਾ ਕਿ ਫਿਲਮ ‘ਚ ਕਈ ਝੂਠੀਆਂ ਗੱਲਾਂ ਦੱਸੀਆਂ ਗਈਆਂ ਹਨ। ਉਹਨਾਂ ਕਿਹਾ, ‘ਫ਼ਿਲਮ ਨਿਰਮਾਤਾਵਾਂ ਨੇ ਦਾਅਵਾ ਕੀਤਾ ਹੈ ਕਿ ਫ਼ਿਲਮ ਅਸਲੀਅਤ ‘ਤੇ ਆਧਾਰਿਤ ਹੈ ਪਰ ਸੱਚਾਈ ਇਹ ਹੈ ਕਿ ਇਸ ਫਿਲਮ ਵਿਚ ਕਈ ਝੂਠ ਦਿਖਾਏ ਗਏ ਹਨ। ਸਭ ਤੋਂ ਵੱਡਾ ਝੂਠ ਇਹ ਹੈ ਕਿ ਉਸ ਸਮੇਂ ਨੈਸ਼ਨਲ ਕਾਨਫਰੰਸ ਦੀ ਸਰਕਾਰ ਸੀ’।

ਉਹਨਾਂ ਕਿਹਾ, ‘ਜਦੋਂ 1990 ਵਿਚ ਕਸ਼ਮੀਰੀ ਪੰਡਤਾਂ ਦਾ ਉਜਾੜਾ ਹੋਇਆ ਸੀ। ਉਦੋਂ ਜੰਮੂ-ਕਸ਼ਮੀਰ ਵਿਚ ਰਾਜਪਾਲ ਸ਼ਾਸਨ ਸੀ ਅਤੇ ਫਿਰ ਕੇਂਦਰ ਵਿਚ ਵੀਪੀ ਸਿੰਘ ਦੀ ਅਗਵਾਈ ਵਿਚ ਭਾਜਪਾ ਦੀ ਹਮਾਇਤ ਵਾਲੀ ਸਰਕਾਰ ਸੀ। ਜਦੋਂ ਕਸ਼ਮੀਰੀ ਪੰਡਤਾਂ ਨੂੰ ਇੱਥੋਂ ਬੇਦਖਲ ਕੀਤਾ ਗਿਆ ਸੀ, ਉਸ ਸਮੇਂ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਫਾਰੂਕ ਅਬਦੁੱਲਾ ਨਹੀਂ ਸਨ’।

ਉਹਨਾਂ ਇਹ ਵੀ ਕਿਹਾ ਕਿ ਸਿਰਫ਼ ਕਸ਼ਮੀਰੀ ਪੰਡਤਾਂ ਨੂੰ ਹੀ ਪਰਵਾਸ ਨਹੀ ਕਰਨਾ ਪਿਆ ਜਾਂ ਆਪਣੀ ਜਾਨ ਗਵਾਉਣੀ ਪਈ। ਉਹਨਾਂ ਤੋਂ ਇਲਾਵਾ ਮੁਸਲਮਾਨ ਅਤੇ ਸਿੱਖ ਵੀ ਇਸ ਸਮੇਂ ਦੌਰਾਨ ਵੱਡੀ ਗਿਣਤੀ ਵਿਚ ਕਸ਼ਮੀਰ ਤੋਂ ਪਰਵਾਸ ਕਰ ਗਏ ਸਨ ਅਤੇ ਆਪਣੀਆਂ ਜਾਨਾਂ ਗੁਆ ਚੁੱਕੇ ਸਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ ਨੇ ਕਸ਼ਮੀਰੀ ਪੰਡਿਤਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਆਪਣੀ ਅਹਿਮ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਕੋਸ਼ਿਸ਼ ਅਜੇ ਵੀ ਜਾਰੀ ਹੈ।

ਉਹਨਾਂ ਕਿਹਾ ਕਿ ਫਿਲਮ ਨਿਰਮਾਤਾਵਾਂ ਨੇ ਅਤਿਵਾਦ ਦਾ ਸ਼ਿਕਾਰ ਹੋਏ ਮੁਸਲਮਾਨਾਂ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਅੱਖੋਂ ਪਰੋਖੇ ਕੀਤਾ ਹੈ। ਉਮਰ ਅਬਦੁੱਲਾ ਨੇ ਕਿਹਾ ਕਿ ਜੇਕਰ ‘ਦਿ ਕਸ਼ਮੀਰ ਫਾਈਲਜ਼’ ਕਮਰਸ਼ੀਅਲ ਫਿਲਮ ਸੀ ਤਾਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਪਰ ਜੇਕਰ ਫਿਲਮ ਨਿਰਮਾਤਾ ਦਾਅਵਾ ਕਰਦੇ ਹਨ ਕਿ ਇਹ ਅਸਲੀਅਤ ‘ਤੇ ਆਧਾਰਿਤ ਹੈ ਤਾਂ ਤੱਥ ਗਲਤ ਹਨ।

ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘ਅੱਜ ਅਜਿਹਾ ਮਾਹੌਲ ਬਣਾਉਣ ਦੀ ਲੋੜ ਹੈ ਜਿੱਥੇ ਅਸੀਂ ਉਹਨਾਂ ਸਾਰੇ ਲੋਕਾਂ ਨੂੰ ਵਾਪਸ ਲਿਆ ਸਕੀਏ ਜੋ ਆਪਣਾ ਘਰ ਛੱਡ ਗਏ ਹਨ। ਫਿਰਕੂ ਵੰਡ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਇਹ ਫਿਲਮ ਬਣਾਉਣ ਵਾਲੇ ਲੋਕ ਨਹੀਂ ਚਾਹੁੰਦੇ ਕਿ ਕਸ਼ਮੀਰੀ ਪੰਡਿਤ ਵਾਪਸ ਆਉਣ। ਇਸ ਤਸਵੀਰ ਰਾਹੀਂ ਉਹ ਚਾਹੁੰਦੇ ਹਨ ਕਿ ਕਸ਼ਮੀਰੀ ਪੰਡਿਤ ਹਮੇਸ਼ਾ ਲਈ ਬਾਹਰ ਰਹਿਣ।