ਸੰਦੀਪ ਕਤਲਕਾਂਡ : ਸੰਗਰੂਰ, ਹੁਸ਼ਿਆਰਪੁਰ ਤੇ ਤਿਹਾੜ ਜੇਲ੍ਹਾਂ ’ਚੋਂ ਲਿਆਂਦੇ 3 ਗੈਂਗਸਟਰ 5 ਦਿਨਾ ਰਿਮਾਂਡ ’ਤੇ ਭੇਜੇ

141

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲਕਾਂਡ ’ਚ ਦਿਹਾਤੀ ਪੁਲਸ ਸੰਗਰੂਰ, ਹੁਸ਼ਿਆਰਪੁਰ ਤੇ ਤਿਹਾੜ ਜੇਲ੍ਹਾਂ ’ਚ ਬੰਦ 3 ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਨਕੋਦਰ ਲੈ ਕੇ ਆਈ। ਇਨ੍ਹਾਂ ਤਿੰਨਾਂ ਗੈਂਗਸਟਰਾਂ ਦਾ ਰਿਮਾਂਡ ਹਾਸਲ ਕਰਨ ਲਈ ਨਕੋਦਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ । ਇਸ ਦੌਰਾਨ ਇਨ੍ਹਾਂ ਤਿੰਨਾਂ ਗੈਂਗਸਟਰਾਂ ਨੂੰ ਅਦਾਲਤ ਨੇ ਪੁੱਛਗਿੱਛ ਲਈ 5 ਦਿਨਾ ਰਿਮਾਂਡ ’ਤੇ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਜੇਲ੍ਹ ’ਚ ਬੰਦ ਗੈਂਗਸਟਰ ਅਮਿਤ ਡਾਗਰ, ਹੁਸ਼ਿਆਰਪੁਰ ਜੇਲ੍ਹ ’ਚ ਬੰਦ ਗੈਂਗਸਟਰ ਜੁਝਾਰ ਉਰਫ ਸੰਨੀ ਤੇ ਤਿਹਾੜ ਜੇਲ੍ਹ ਵਿਚ ਬੰਦ ਕੌਸ਼ਿਰ ਚੌਧਰੀ ਨੂੰ ਨਕੋਦਰ ਲਿਆਂਦਾ ਗਿਆ ਤੇ ਉਨ੍ਹਾਂ ਤੋਂ ਕਤਲਕਾਂਡ ਨੂੰ ਲੈ ਕੇ ਪੁੱਛਗਿੱਛ ਕਰਨ ਲਈ ਨਕੋਦਰ ਦੀ ਅਦਾਲਤ ਨੇ ਪੰਜ ਦਿਨਾ ਪੁਲਸ ਰਿਮਾਂਡ ’ਤੇ ਭੇਜਿਆ।

ਇਨ੍ਹਾਂ ਤਿੰਨਾਂ ਗੈਂਗਸਟਰਾਂ ਤੋਂ 5 ਦਿਨਾ ਰਿਮਾਂਡ ਦੌਰਾਨ ਐੱਸ. ਐੱਸ. ਪੀ. ਦਿਹਾਤੀ ਸਤਿੰਦਰ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਡੂੰਘਾਈ ਨਾਲ ਪੁੱਛਗਿੱਛ ਕਰੇਗੀ ਤਾਂ ਕਿ ਇਸ ਕਤਲਕਾਂਡ ਨੂੰ ਸੁਲਝਾਇਆ ਜਾ ਸਕੇ। ਬੀਤੇ ਦਿਨ ਵੀ ਸੰਗਰੂਰ ਜੇਲ੍ਹ ’ਚ ਗੈਂਗਸਟਰ ਫਤਿਹ ਦਾ ਵੀ 5 ਦਿਨਾ ਰਿਮਾਂਡ ਹਾਸਲ ਕੀਤਾ ਗਿਆ ਸੀ। ਉਸ ਤੋਂ ਵੀ ਐੱਸ. ਐੱਸ. ਪੀ. ਦਿਹਾਤੀ ਸਤਿੰਦਰ ਸਿੰਘ ਨੇ ਤਕਰੀਬਨ 4 ਘੰਟੇ ਪੁੱਛਗਿੱਛ ਕੀਤੀ ਸੀ। ਜ਼ਿਕਰਯੋਗ ਹੈ ਕਿ ਸੰਦੀਪ ਨੰਗਲ ਅੰਬੀਆਂ ਦਾ ਨਕੋਦਰ ਦੇ ਪਿੰਡ ਮੱਲੀਆਂ ’ਚ ਚਲਦੇ ਟੂਰਨਾਮੈਂਟ ’ਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਸੰਦੀਪ ਦੇ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ’ਤੇ ਦਵਿੰਦਰ ਬੰਬੀਹਾ ਗਰੁੱਪ ਨੇ ਲੈ ਕੇ ਵਿਰੋਧੀ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਨੂੰ ਧਮਕੀ ਦਿੱਤੀ ਹੈ। ਉਧਰ ਦੂਜੇ ਪਾਸੇ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਤੇ ਦੋਸਤਾਂ-ਮਿੱਤਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤਕ ਉਸ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤਕ ਉਹ ਉਸਦਾ ਪੋਸਟਮਾਰਟਮ ਤੇ ਸਸਕਾਰ ਨਹੀਂ ਹੋਣ ਦੇਣਗੇ।

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ 19 ਮਾਰਚ ਸ਼ਨੀਵਾਰ ਨੂੰ ਨਕੋਦਰ ਸਿਵਲ ਹਸਪਤਾਲ ’ਚ ਸਵੇਰੇ ਪੋਸਟਮਾਰਟਮ ਕੀਤਾ ਜਾਵੇਗਾ। ਜਿਸ ਤੋਂ ਉਪਰੰਤ ਸੰਦੀਪ ਨੰਗਲ ਅੰਬੀਆਂ ਦਾ ਉਸ ਦੇ ਪਿੰਡ ਨੰਗਲ ਅੰਬੀਆਂ ਦੀ ਕਬੱਡੀ ਗਰਾਊਂਡ ’ਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸੰਦੀਪ ਦੇ ਪਰਿਵਾਰ ਨੇ ਉਸ ਦੇ ਕਤਲ ਕੇਸ ’ਚ ਦਿਹਾਤੀ ਪੁਲਸ ਵੱਲੋਂ ਕੀਤੀ ਜਾ ਰਹੀ ਕਾਰਵਾਈ ’ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ। ਇਸ ਦੌਰਾਨ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੰਦੀਪ ਦੇ ਕਤਲ ਕੇਸ ਦੀ ਜਾਂਚ ਪੂਰੀ ਹੋਣ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤਕ ਕਿਸੇ ਵੀ ਪੁਲਸ ਅਧਿਕਾਰੀ ਨੂੰ ਨਾ ਬਦਲਿਆ ਜਾਵੇ।

ਜ਼ਿਕਰਯੋਗ ਹੈ ਕਿ ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਨਕੋਦਰ ਦੇ ਪਿੰਡ ਮੱਲੀਆਂ ਖੁਰਦ ’ਚ ਚੱਲਦੇ ਕਬੱਡੀ ਟੂਰਨਾਮੈਂਟ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਨੇ ਇਸ ਮਾਮਲੇ ’ਚ ਕੋਈ ਕਾਰਵਾਈ ਨਾ ਕਰਨ ਦੇ ਰੋਸ ’ਚ ਸੰਦੀਪ ਦਾ ਪੋਸਟਮਾਰਟਮ ਤੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਦਿਹਾਤੀ ਪੁਲਸ ਲਈ ਇਹ ਕਤਲਕਾਂਡ ਗਲੇ ਦੀ ਹੱਡੀ ਬਣਿਆ ਹੋਇਆ ਹੈ।

ਇਸ ਮਾਮਲੇ ’ਚ ਪੁਲਸ ਨੇ ਬੀਤੇ ਦਿਨ ਵੱਡੀ ਕਾਰਵਾਈ ਕਰਦਿਆਂ ਸੰਗਰੂਰ ਜੇਲ੍ਹ ’ਚ ਬੰਦ ਗੈਂਗਸਟਰ ਫਤਿਹ ਨੂੰ ਨਕੋਦਰ ਅਦਾਲਤ ’ਚ ਪੇਸ਼ ਕੀਤਾ। ਗੈਂਗਸਟਰ ਫਤਿਹ ਦਾ 5 ਦਿਨਾ ਰਿਮਾਂਡ ਹਾਸਲ ਕਰਕੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਖੁਦ 4 ਘੰਟੇ ਪੁੱਛਗਿੱਛ ਕੀਤੀ। ਅੱਜ ਵੀ ਦਿਹਾਤੀ ਪੁਲਸ ਨੇ ਸੰਗਰੂਰ ਜੇਲ੍ਹ ’ਚੋਂ ਗੈਂਗਸਟਰ ਅਮਿਤ ਡਾਗਰ, ਤਿਹਾੜ ਜੇਲ੍ਹ ’ਚੋਂ ਕੌਸ਼ਿਰ ਚੌਧਰੀ ਤੇ ਹੁਸ਼ਿਆਰਪੁਰ ਜੇਲ੍ਹ ’ਚੋਂ ਜੁਝਾਰ ਉਰਫ ਸੰਨੀ ਨੂੰ ਨਕੋਦਰ ਅਦਾਲਤ ’ਚ ਪੇਸ਼ ਕਰ ਕੇ ਪੰਜ ਦਿਨਾ ਰਿਮਾਂਡ ਲਿਆ।