ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਨੂੰ ਦੁਬਾਰਾ ਲਗਾਇਆ ਜਾਵੇ: ਦਲਜੀਤ ਸਿੰਘ ਚੀਮਾ

246

ਚੰਡੀਗੜ੍ਹ- ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਨਿਊਜ਼ 18 ਨਾਲ ਖਾਸ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਸਰਕਾਰੀ ਦਫਤਰਾਂ ਵਿੱਚੋਂ ਸ਼ਹੀਦ-ਏ-ਆਜਮ ਭਗਤ ਸਿੰਘ ਅਤੇ ਭੀਮਰਾਓ ਅੰਬੇਦਕਰ ਦੀ ਤਸਵੀਰ ਲਗਾਉਣ ਬਾਰੇ ਸਿਫਤ ਕੀਤੀ ਪਰ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਹਟਾਉਣ ਦੀ ਨਿਖੇਧੀ ਕੀਤੀ। ਸ. ਚੀਮਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਮਿਸਾਲ ਦੇਸ਼ ਅਤੇ ਪੂਰੀ ਦੁਨੀਆ ਵਿੱਚ ਦਿੱਤੀ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਨਾਲ ਪੂਰੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਅਸੀਂ ਮੁੱਖ ਮੰਤਰੀ ਤੋਂ ਮੰਗ ਕਰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਨੂੰ ਬਹਾਲ ਕੀਤਾ ਜਾਵੇ।

ਸਾਬਕਾ ਮੰਤਰੀ ਚੀਮਾ ਨੇ ਅੱਗੇ ਕਿਹਾ ਕਿ ਅਸੀਂ ਲਿਖਤੀ ਤੌਰ ‘ਤੇ ਦਿੱਤਾ ਹੈ ਕਿ ਚੰਡੀਗੜ੍ਹ ਏਅਰਪੋਰਟ ਦਾ ਨਾਂ ਵੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇ, ਆਮ ਆਦਮੀ ਪਾਰਟੀ ਦੀ ਸਰਕਾਰ ਇਹਨੂੰ ਲਾਗੂ ਕਰੇ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੈਨਸ਼ਨ ਬਾਰੇ ਦਿੱਤੇ ਬਿਆਨ ਬਾਰੇ ਬੋਲਦਿਆਂ ਚੀਮਾ ਨੇ ਕਿਹਾ ਕਿ ਸ.ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਵਿਧਾਇਕ ਰਹੇ ਹਨ ਅਤੇ ਹੁਣ ਜਦੋਂ ਉਹ ਸਾਬਕਾ ਵਿਧਾਇਕ ਬਣ ਗਏ ਹਨ ਤਾਂ ਉਨ੍ਹਾਂ ਨੇ ਆਪਣੀ ਪੈਨਸ਼ਨ ਨੂੰ ਲੋਕ ਹਿੱਤਾਂ ਲਈ ਵਰਤਣ ਦਾ ਐਲਾਨ ਕੀਤਾ ਹੈ। ਬਾਦਲ ਸਾਹਿਬ ਬਹੁਤ ਸੀਨੀਅਰ ਆਗੂ ਹਨ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਹੈ, ਇਹ ਉਹਨਾਂ ਦਾ ਚੰਗਾ ਫੈਸਲਾ ਹੈ।

ਇਸ ਮੌਕੇ ਸ. ਚੀਮਾ ਨੇ ਕਾਂਗਰਸ ਉਤੇ ਵੀ ਸ਼ਬਦੀ ਵਾਰ ਕੀਤੇ। ਪੰਜਾਬ ਕਾਂਗਰਸ ‘ਚ ਅਠਾਰਾਂ ਵਿਧਾਇਕ ਚੁਣੇ ਜਾਣ ‘ਤੇ ਵੀ ਲੜਾਈ ਜਾਰੀ ਰੱਖਣ ‘ਤੇ ਕਿਹਾ ਕਿ ਜਦੋਂ ਕਾਂਗਰਸ ਸੱਤਾ ‘ਚ ਸੀ ਤਾਂ ਵੀ ਲੋਕਾਂ ਦਾ ਨੁਕਸਾਨ ਕਰਦੇ ਰਹੇ ਅਤੇ ਆਪਸ ‘ਚ ਲੜਦੇ ਰਹੇ, ਹੁਣ ਜਦੋਂ ਵਿਰੋਧੀ ਧਿਰ ਆ ਗਈ ਹੈ ਤਾਂ ਵੀ ਇਹੀ ਹਾਲ ਹੈ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਰਲੇ ਹੋਏ ਹਨ, ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਆਮ ਆਦਮੀ ਪਾਰਟੀ ਨੇ ਕਿਸੇ ਵਿਰੋਧੀ ਦੀ ਭੂਮਿਕਾ ਨਹੀਂ ਨਿਭਾਈ ਅਤੇ ਹੁਣ ਜਦੋਂ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਹੈ ਤਾਂ ਕਾਂਗਰਸ ਵੀ ਕੋਈ ਵੀ ਭੂਮਿਕਾ ਨਿਭਾਉਣਾ ਨਹੀਂ ਚਾਹੁੰਦੀ। ਇਹ ਦੋਵੇਂ ਆਪਸ ਵਿੱਚ ਫਰੈਂਡਲੀ ਮੈਚ ਖੇਡ ਰਹੇ ਹਨ। ਸ. ਚੀਮਾ ਨੇ ਕਿਹਾ ਕਿ ਪੂਰੇ ਦੇਸ਼ ‘ਚੋਂ ਕਾਂਗਰਸ ਖਤਮ ਹੋ ਚੁੱਕੀ ਹੈ ਅਤੇ ਕਾਂਗਰਸ ਦੇ ਨੇਤਾਵਾਂ ਨੂੰ ਲੀਡਰਸ਼ਿਪ ‘ਤੇ ਭਰੋਸਾ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨਾਲ ਅਜਿਹਾ ਹੋਇਆ ਹੈ। ਇਕ-ਇਕ ਕਰਕੇ ਕਾਂਗਰਸ ਹਰ ਸੂਬੇ ਵਿਚੋਂ ਤਬਾਹ ਹੋ ਰਹੀ ਹੈ ਅਤੇ ਭਵਿੱਖ ਵਿਚ ਵੀ ਅਜਿਹਾ ਹੀ ਹੋਵੇਗਾ।

ਕੇਂਦਰੀ ਗ੍ਰਹਿ ਮੰਤਰੀ ਅਮਿਤਸ਼ਾਹ ਵੱਲੋਂ ਕਰਤਾਰਪੁਰ ਕੋਰੀਡੋਕ ਬਾਰੇ ਦਿੱਤੇ ਬਿਆਨ ਉਤੇ ਚੀਮਾ ਨੇ ਕਿਹਾ ਕਿ ਉਹ ਇਤਿਹਾਸ ਨੂੰ ਵਾਰ-ਵਾਰ ਦੁਹਰਾ ਰਹੇ ਹਨ ਪਰ ਕਰਤਾਰਪੁਰ ਲਾਂਘਾ ਜੋ ਇਕ ਵਾਰ ਖੁੱਲ੍ਹਿਆ ਹੈ, ਉਸ ਨੂੰ ਖੁੱਲ੍ਹਾ ਰਹਿਣਾ ਚਾਹੀਦਾ ਹੈ ਅਤੇ ਇਸ ਨੂੰ ਵਾਰ-ਵਾਰ ਬੰਦ ਨਹੀਂ ਕਰਨਾ ਚਾਹੀਦਾ ਅਤੇ ਹੁਣ ਭਾਜਪਾ ਸਰਕਾਰ ਨੂੰ ਵੀ ਪਾਸਪੋਰਟ ਦੀ ਸ਼ਰਤ ਖਤਮ ਕਰਨੀ ਚਾਹੀਦੀ ਹੈ ਅਤੇ ਸੰਗਤਾਂ ਜਦੋਂ ਚਾਹੇ ਉਥੇ ਜਾ ਸਕਦੀਆਂ ਹਨ।

ਸ. ਚੀਮਾ ਨੇ ਹਰਮੀਤ ਸਿੰਘ ਕਾਲਕਾ ਨੂੰ ਪਾਰਟੀ ਵਿਚੋਂ ਕੱਢਣ ਉਤੇ ਕਿਹਾ ਕਿ ਪਹਿਲਾਂ ਉਨ੍ਹਾਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਹੁਣ ਅਸੀਂ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਹੈ। ਹਰਮੀਤ ਸਿੰਘ ਕਾਲਕਾ ਨੇ ਦੂਜੀ ਪਾਰਟੀ ਬਣਾ ਲਈ, ਪਰ ਪਹਿਲਾਂ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ, ਇਸ ਨੂੰ ਬੰਦ ਕਰੋ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿਓ ਅਤੇ ਸੰਗਤ ਵਿੱਚ ਵਾਪਸ ਜਾਓ ਅਤੇ ਉਨ੍ਹਾਂ ਦਾ ਭਰੋਸਾ ਜਿੱਤੋ।