ਨਾਭਾ ਹਲਕੇ ਤੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਗੁਰਦੇਵ ਸਿੰਘ ਮਾਨ ਵੱਲੋਂ ਵਿਧਾਇਕੀ ਦੀ ਤਨਖਾਹ ਨਾ ਲੈਣ ਕਾਰਨ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਹੁਣ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਚਰਚਾ ਦਾ ਵਿਸ਼ਾ ਬਣ ਰਹੇ ਹਨ। ਐਮਐਲਏ ਹਰਜੋਤ ਸਿੰਘ ਦੇ ਵਾਇਰਲ ਹੋਣ ਦਾ ਕਾਰਨ ਉਨ੍ਹਾਂ ਦੇ ਘਰ ਦੇ ਬਾਹਰ ਲੱਗਿਆ ਬੋਰਡ ਹੈ। ਜੀ ਹਾਂ ਇਸ ਬੋਰਡ ਉੱਤੇ ਪੰਜਾਬੀ ਵਿੱਚ ਲਿਖਿਆ ਗਿਆ ਹੈ ਕਿ ਕਿ ਇਹ ਤੁਹਾਡਾ ਆਪਣਾ ਘਰ ਹੈ ਮੈਨੂੰ ਮਿਲਣ ਆਉਣ ਲਈ ਕਿਸੇ ਨੂੰ ਵੀ ਨਾਲ ਲਿਆਉਣ ਦੀ ਜ਼ਰੂਰਤ ਨਹੀਂ ਹੈ ਤੁਸੀ ਮੈਨੂੰ ਸਿੱਧਾ ਮਿਲ ਸਕਦੇ ਹੋ ।

ਬੀਤੇ ਦਿਨ ਸ੍ਰੀ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਸਥਾਨਕ ਪਾਵਰਕਾਮ ਗੈਸਟ ਹਾਊਸ ਵਿਚ ਮੀਡੀਆ ਨਾਲ ਵਿਸ਼ੇਸ ਗੱਲਬਾਤ ਦੌਰਾਨ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਮੁੜ ਬਣਾਉਣ ਲਈ ਵੱਡੇ ਸੁਧਾਰ ਕੀਤੇ ਜਾਣਗੇ। ਹਲਕੇ ਵਿਚ ਗੈਰ ਕਾਨੂੰਨੀ ਖਨਨ ਤੁਰੰਤ ਪ੍ਰਭਾਵ ਤੋਂ ਬੰਦ ਕਰਵਾ ਦਿੱਤਾ ਹੈ। ਮਗਨਰੇਗਾ ਦੇ ਕਾਮੇ ਕਿਸੇ ਵੀ ਰਸੂਖਦਾਰ ਜਾਂ ਅਧਿਕਾਰੀ ਦੇ ਨਿੱਜੀ ਕੰਮ ਨਹੀਂ ਕਰਨਗੇ।ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲੋਕਾਂ ਦੀਆਂ ਆਸਾਂ ਉਤੇ ਪੂਰਾ ਉਤਰਨ ਲਈ 20 ਘੰਟੇ ਕੰਮ ਕਰਾਂਗੇ ਤੇ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਦੇਵਾਂਗੇ। ਸਰਕਾਰੀ ਦਫਤਰਾਂ ਵਿਚ ਸ਼ਹੀਦ ਏ ਆਜਮ ਸ.ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਪਹਿਲੇ ਨੰਬਰ ਦਾ ਹਲਕਾ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ ਜਾਵੇਗੀ, ਇਲਾਕੇ ਦੀਆ ਚਿਰਾ ਤੋਂ ਲਟਕਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ, ਲੋਕਾਂ ਨੂੰ ਬਿਹਤਰ ਪ੍ਰਸਾਸ਼ਕੀ ਢਾਂਚਾ ਉਪਲੱਬਧ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਪ੍ਰੈਸ/ਮੀਡੀਆਂ ਲੋਕਾਂ ਦੀਆਂ ਮੁਸ਼ਕਿਲਾਂ ਸਾਡੇ ਤੱਕ ਪਹੁੰਚਾਉਣ ਦਾ ਇੱਕ ਢੁਕਵਾ ਤੇ ਬਿਹਤਰੀਨ ਜਰੀਆ ਹੈ, ਇਸ ਲਈ ਪ੍ਰੈਸ ਦਾ ਸਹਿਯੋਗ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕਹਿੱਤ ਵਿਚ ਚੰਗੇ ਫੈਸਲੇ ਲਏ ਜਾਣਗੇ ਤੇ ਮੁਸ਼ਕਿਲਾਂ ਦੂਰ ਕੀਤੀਆਂ ਜਾਣਗੀਆਂ।ਜਿਕਰਯੋ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੋਤ ਸਿੰਘ ਬੈਂਸ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਮਾਤ ਦਿੱਤੀ ਹੈ। ਹਰਜੋਤ ਬੈਂਸ ਨੇ 81,730 ਵੋਟਾਂ ਪ੍ਰਾਪਤ ਕੀਤੀਆਂ ਜਦੋਂ ਕਿ ਦੂਜੇ ਨੰਬਰ ‘ਤੇ ਰਹਿਣ ਵਾਲੇ ਕਾਂਗਰਸ ਦੇ ਰਾਣਾ ਕੇਪੀ ਸਿੰਘ ਨੂੰ 36,195 ਵੋਟਾਂ ਹਾਸਲ ਹੋਈਆਂ। ਦੱਸਣਯੋਗ ਹੈ ਕਿ ਰਾਣਾ ਕੇਪੀ ਸਿੰਘ ਇੱਥੋਂ ਪੰਜਵੀਂ ਵਾਰ ਚੋਣ ਲੜੇ ਸਨ ਤੇ ਹਰਜੋਤ ਸਿੰਘ ਬੈਂਸ ਨੇ ਇੱਥੋਂ ਪਹਿਲੀ ਵਾਰ ਹੀ ਆਪਣੀ ਕਿਸਮਤ ਅਜ਼ਮਾਈ ਤੇ ਉਹ ਸਫ਼ਲ ਰਹੇ।

ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਤੀਜੇ ਬਦਲ ਵੱਜੋਂ ਪੂਰਨ ਬਹੁਮਤ ਨਾਲ ਸ਼ਾਨਦਾਰ ਜਿੱਤ ਦਵਾਈ ਹੈ। ਜਿਸਤੋਂ ਬਾਅਦ ਨਵੇਂ ਚੁਣੇ ਗਏ ਵਿਧਾਇਕ ਪੂਰੇ ਐਕਸ਼ਨ ਮੋਡ ਦੇ ਵਿਚ ਨਜ਼ਰ ਆ ਰਹੇ ਹਨ। ਜਿਸ ਕਾਰਨ ਹੀ ਆਪ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਨੇ ਕਿਹਾ ਸੀ ਕਿ ਵਿਧਾਇਕ ਵਜੋਂ ਮਿਲਣ ਵਾਲੀ ਤਨਖਾਹ ’ਚੋਂ ਸਿਰਫ਼ ਇਕ ਰੁਪਿਆ ਲਏਗਾ। ਉਨ੍ਹਾਂ ਨੇ ਸੁਰੱਖਿਆ ਅਮਲਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਦੀ ਸ਼ੁਰੂਆਤ ਹੋ ਚੁੱਕੀ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਵੀ ਸਾਈਕਲ ’ਤੇ ਹੀ ਕੀਤਾ ਸੀ ਤੇ ਹੁਣ ਵੀ ਉਹ ਸਾਈਕਲ ’ਤੇ ਨਾਭਾ ਹਲਕੇ ਦੀ ਗੇੜੀ ਲਾ ਕੇ ਵਿਕਾਸ ਕੰਮਾਂ ਦੇ ਜਾਇਜ਼ੇ ਤੋਂ ਇਲਾਵਾ ਲੋਕਾਂ ਦੀ ਸਾਰ ਲੈਂਦੇ ਰਹਿਣਗੇ।