ਸੱਤਾ ‘ਚ ਆਈ ਆਮ ਆਦਮੀ ਪਾਰਟੀ ਅੰਦਰ ਮੰਤਰੀ ਮੰਡਲ ਦੇ ਗਠਨ, ਸਪੀਕਰ ਦੀ ਚੋਣ ਅਤੇ ਦੂਜੀਆਂ ਮਹੱਤਵਪੂਰਨ ਨਿਯੁਕਤੀਆਂ ਲਈ ਚੱਲ ਰਹੀ ਖਿੱਚੋਤਾਣ ਕਾਰਨ ਪਾਰਟੀ ਪੱਧਰ ‘ਤੇ ਹਰ ਮਸਲੇ ‘ਤੇ ਪੂਰਨ ਚੁੱਪੀ ਰੱਖੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੀਡੀਆ ਦਾ ਸਾਹਮਣਾ ਨਹੀਂ ਕਰ ਰਹੇ | ਕਿਸੇ ਨੂੰ ਇਹ ਸਪਸ਼ਟ ਨਹੀਂ ਕਿ 19 ਮਾਰਚ ਦਾ ਸਹੁੰ ਚੁੱਕ ਸਮਾਗਮ ਕਿੰਨੇ ਵਜੇ ਹੋਵੇਗਾ ਅਤੇ ਕੌਣ ਮੰਤਰੀ ਵਜੋਂ ਸਹੁੰ ਚੁੱਕੇਗਾ, ਨਾ ਹੀ ਕਿਸੇ ਨੂੰ ਇਹ ਪਤਾ ਹੈ ਕਿ ਸਪੀਕਰ ਕਿਸ ਨੂੰ ਬਣਾਇਆ ਜਾ ਰਿਹਾ ਹੈ, ਜਦੋਂਕਿ 2-3 ਦੂਜੀ ਵਾਰ ਚੁਣੇ ਜਾਣ ਵਾਲੇ ‘ਆਪ’ ਦੇ ਵਿਧਾਇਕਾਂ ਵਲੋਂ ਸਪੀਕਰੀ ਲੈਣ ਤੋਂ ਨਾਂਹ ਕਰਨ ਦੇ ਚਰਚੇ ਜ਼ਰੂਰ ਹਨ |

ਆਮ ਆਦਮੀ ਪਾਰਟੀ ਦੇ ਕੋਈ 80 ਤੋਂ ਵੱਧ ਵਿਧਾਇਕ ਜੋ ਪਹਿਲੀ ਵਾਰ ਚੋਣ ਜਿੱਤ ਕੇ ਆਏ ਹਨ ਅਤੇ ਜਿਨ੍ਹਾਂ ਦਾ ਸੂਬਾ ਪੱਧਰ ‘ਤੇ ਕੋਈ ਬਹੁਤਾ ਸਿਆਸੀ ਪਿਛੋਕੜ ਜਾਂ ਪਹਿਚਾਣ ਵੀ ਨਹੀਂ ਸੀ, ਦੀ ਪਹਿਚਾਣ ਕਰ ਪਾਉਣਾ ਅਤੇ ਉਨ੍ਹਾਂ ਨੂੰ ਵਿਧਾਇਕ ਵਾਲਾ ਆਦਰ ਮਾਣ ਦੇਣਾ ਵੀ ਇਕ ਮਸਲਾ ਬਣਿਆ ਹੋਇਆ ਹੈ | ਪੰਜਾਬ ਵਿਧਾਨ ਸਭਾ ਦੇ ਸਟਾਫ਼ ਅਤੇ ਪੰਜਾਬ ਸਿਵਲ ਸਕੱਤਰੇਤ ਦੇ ਸੁਰੱਖਿਆ ਅਮਲੇ ਤੇ ਸਟਾਫ਼ ਆਦਿ ਦਾ ਕਹਿਣਾ ਸੀ ਕਿ ਉਹ ਨਵੇਂ ਚੁਣੇ ਵਿਧਾਇਕਾਂ ਦੀ ਪਹਿਚਾਣ ਦਸਤਾਵੇਜ਼ਾਂ ਦੇ ਆਧਾਰ ‘ਤੇ ਹੀ ਕਰ ਪਾ ਰਹੇ ਹਨ, ਜਿਸ ਦਾ ਕਿ ਕਈ ਮੈਂਬਰ ਬੁਰਾ ਵੀ ਮਨਾਉਂਦੇ ਹਨ ਪ੍ਰੰਤੂ ਉਨ੍ਹਾਂ ਦੀ ਮਜਬੂਰੀ ਹੈ | ਇਹੋ ਸਮੱਸਿਆ ਕਈ ਸੀਨੀਅਰ ਅਧਿਕਾਰੀਆਂ ਨੇ ਵੀ ਦੱਸੀ |

ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੀ ਵਜ਼ਾਰਤ ਦੇ 10 ਮੰਤਰੀਆਂ ਨੇ ਸਹੁੰ ਚੁੱਕ ਲਈ ਹੈ, ਜਿਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਹੁੰ ਚੁਕਵਾਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਰਹੇ, ਜਦੋਂ ਕਿ ਹਰਿਆਣਾ ਦੇ ਰਾਜਪਾਲ ਬੰਗਾਰੂ ਦੱਤਾਤ੍ਰੇਅ ਪਹਿਲੀ ਵਾਰ ਪੰਜਾਬ ਕੈਬਨਿਟ ਦੇ ਸਹੁੰ ਚੁੱਕ ਸਮਾਗਮ ਵਿੱਚ ਹਾਜ਼ਰ ਹੋਏ। ਅੱਜ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਸਮੇਂ ਸਭ ਤੋਂ ਪਹਿਲਾਂ ਹਰਪਾਲ ਸਿੰਘ ਚੀਮਾ ਨੇ ਸਹੁੰ ਚੁੱਕੀ। ਉਨ੍ਹਾਂ ਤੋਂ ਬਾਅਦ ਡਾ. ਬਲਜੀਤ ਕੌਰ, ਹਰਭਜਨ ਸਿੰਘ, ਡਾ. ਵਿਜੈ ਸਿੰਗਲਾ, ਲਾਲ ਚੰਦ ਕਟਾਰੂਚੱਕ, ਗੁਰਮੀਤ ਸਿੰਘ ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ, ਬਰਹਮ ਸ਼ੰਕਰਸ਼ੰਕਰ ਅਤੇ ਆਖੀਰ ਵਿੱਚ ਹਰਜੋਤ ਸਿੰਘ ਬੈਂਸ ਨੇ ਸਹੁੰ ਚੁੱਕੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਨੇ ਰਾਜ ਭਵਨ ਵਿਖੇ ਬਣੇ ਨਵੇਂ ਆਡੀਟੋਰੀਅਮ ਵਿੱਚ ਸਹੁੰ ਚੁੱਕੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਸੀਰਤ ਕੌਰ ਅਤੇ ਪੁੱਤ ਦਿਲਸ਼ਾਨ ਸਿੰਘ ਅਤੇ ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਕੌਰ ਵੀ ਪਹੁੰਚੇ। ਇਸ ਤੋਂ ਇਲਾਵਾ ਵੀ ਨਵੀਂ ਬਣੀ ਵਜ਼ਾਰਤ ਦੇ ਨਵੇਂ ਚਿਹਰੇ ਵੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਹੁੰਚੇ ਸਨ।