ਫਿਨਲੈਂਡ ਲਗਾਤਾਰ 5ਵੀਂ ਵਾਰ ਬਣਿਆ ਦੁਨੀਆਂ ਦਾ ਸਭ ਤੋਂ ਖੁਸ਼ਹਾਲ ਦੇਸ਼

209

ਨਿਊਯਾਰਕ: ਸੰਯੁਕਤ ਰਾਸ਼ਟਰ ਦੀ ਹੈਪੀਨੇਸ ਇੰਡੈਕਸ ਰਿਪੋਰਟ ਮੁਤਾਬਕ ਫਿਨਲੈਂਡ ਲਗਾਤਾਰ ਪੰਜਵੀਂ ਵਾਰ ਦੁਨੀਆਂ ਦਾ ਸਭ ਤੋਂ ਵੱਧ ਖੁਸ਼ਹਾਲ ਦੇਸ਼ ਚੁਣਿਆ ਗਿਆ ਹੈ। ਜਦਕਿ ਤਾਲੀਬਾਨ ਹਕੂਮਤ ਨਾਲ ਜੂਝ ਰਹੇ ਅਫ਼ਗਾਨਿਸਤਾਨ ਨੂੰ ਆਖਰੀ ਸਥਾਨ ਪ੍ਰਾਪਤ ਹੋਇਆ ਹੈ। ਸੂਚੀ ਦੇ ਪਹਿਲੇ ਪੰਜ ਸਥਾਨਾਂ ’ਤੇ ਡੈਨਮਾਰਕ, ਆਈਸਲੈਂਡ, ਸਵਿਟਜ਼ਰਲੈਂਡ ਅਤੇ ਨੀਦਰਲੈਡ ਕਾਬਜ ਰਹੇ ਹਨ।

ਭਾਰਤ ਦੇ ਨੰਬਰ ਵਿਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਾਫ਼ੀ ਸੁਧਾਰ ਆਇਆ ਹੈ। ਭਾਰਤ ਨੇ ਪਿਛਲੇ ਸਾਲ 139ਵਾਂ ਅਤੇ ਇਸ ਸਾਲ 136ਵਾਂ ਸਥਾਨ ਪ੍ਰਾਪਤ ਕੀਤਾ ਹੈ। ਉਥੇ ਹੀ ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ 121ਵੇਂ ਦਰਜੇ ਨਾਲ ਭਾਰਤ ਨਾਲੋਂ ਬਿਹਤਰ ਸਥਿਤੀ ਵਿਚ ਹੈ।ਜਦਕਿ ਅਮੀਰਕਾ 16ਵੇਂ ਅਤੇ ਬ੍ਰਿਟੇਨ 17ਵੇਂ ਸਥਾਨ ’ਤੇ ਰਿਹਾ।

ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਇਸ ਸੂਚੀ ਵਿਚ ਸਰਬੀਆ,ਬੁਲਗਾਰੀਆ ਅਤੇ ਰੋਮਾਨੀਆ ਦੇਸ਼ਾਂ ਵਿਚ ਜੀਵਨ ਪੱਧਰ ਵਿਚ ਸਭ ਤੋਂ ਵੱਧ ਸੁਧਾਰ ਆਇਆ ਹੈ। ਉਥੇ ਹੀ ਵਰਡ ਹੈਪੀਨਸ ਟੇਬਲ ਵਿਚ ਸਭ ਤੋਂ ਵੱਧ ਗਿਰਾਵਟ ਲਿਬਨਾਨ, ਵੇਨੇਜੂਏਲਾ ਅਤੇ ਅਫ਼ਗਾਨਿਸਤਾਨ ਵਿਚ ਆਈ ਹੈ।ਆਰਥਿਕ ਮੰਦੀ ਨਾਲ ਜੂਝ ਰਹੇ ਲਿਬਨਾਨ ਦਾ 144ਵਾਂ ਅਤੇ ਜ਼ਿਬਾਬਵੇ ਨੂੰ 143ਵਾਂ ਦਰਜਾ ਪ੍ਰਾਪਤ ਹੋਇਆ ਹੈ।

ਪਿਛਲੇ ਸਾਲ ਤਾਲੀਬਾਨ ਦੇ ਸੱਤਾ ਵਿਚ ਮੁੜ ਪਰਤਣ ਕਾਰਨ ਅਫ਼ਗਾਨਿਸਤਾਨ ਦੀ ਆਰਥਿਕ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਯੂਨੀਸੈਫ ਦੇ ਅਨੁਮਾਨ ਅਨੁਸਾਰ ਜੇਕਰ ਅਫ਼ਗਾਨਸਤਾਨ ਦੀ ਮਦਦ ਨਾ ਕੀਤੀ ਗਈ ਤਾਂ ਅਗਲੇ ਪੰਜਾਂ ਸਾਲ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ 10 ਲੱਖ ਬੱਚਿਆਂ ਦੀ ਭੁੱਖ ਕਾਰਨ ਮੌਤ ਹੋ ਸਕਦੀ ਹੈ।

ਵਰਲਡ ਹੈਪੀਨਸ ਰਿਪੋਰਟ ਪਿਛਲੇ 10 ਸਾਲ ਤੋਂ ਤਿਆਰ ਕੀਤੀ ਜਾ ਰਹੀ ਹੈ। ਰਿਪੋਰਟ ’ਚ ਲੋਕਾਂ ਦੀ ਖੁਸ਼ੀ ਨੂੰ ਮੁਲਾਂਕਣ ਕਰਨ ਲਈ ਆਰਥਿਕ ਅਤੇ ਸਮਾਜਿਕ ਅੰਕੜੇ ਧਿਆਨ ’ਚ ਰੱਖੇ ਜਾਂਦੇ ਹਨ। ਰਿਪੋਰਟ ਵਿਚ 0 ਤੋਂ 10 ਤੱਕ ਦਾ ਮਾਪਦੰਡ ਹੁੰਦਾ ਹੈ। ਕਿਸੇ ਵੀ ਦੇਸ਼ ਦੇ ਪਿਛਲੇ ਤਿੰਨ ਸਾਲਾਂ ਦੇ ਅੰਕੜਿਆਂ ਦੀ ਔਸਤ ਦੇ ਆਧਾਰ ’ਤੇ ਨੰਬਰ ਨਿਰਧਾਰਿਤ ਕੀਤੇ ਜਾਂਦੇ ਹਨ। ਹਾਲਾਂਕਿ ਸੰਯੁਕਤ ਰਾਸ਼ਟਰ ਦੀ ਇਹ ਰਿਪੋਰਟ ਯੂਕਰੇਨ ਅਤੇ ਰੂਸ ਜੰਗ ਤੋਂ ਪਹਿਲਾਂ ਤਿਆਰ ਕੀਤੀ ਗਈ ਸੀ ਜਿਸ ਕਾਰਨ ਜੰਗ ਨਾਲ ਜੂਝ ਰਹੇ ਯੂਕਰੇਨ ਦਾ 98ਵਾਂ ਅਤੇ ਰੂਸ ਨੇ 80ਵਾਂ ਸਥਾਨ ਹਾਸਲ ਕੀਤਾ ਹੈ।

ਰਿਪੋਰਟ ਦੇ ਸਹਿ-ਲੇਖਕ ਜੈਫਰੀ ਸਾਕਸ ਨੇ ਲਿਖਿਆ- ਵਰਲਡ ਹੈਪੀਨੈਸ ਰਿਪੋਰਟ ਬਣਾਉਣ ਕਾਰਨ ਇਹ ਪਤਾ ਲੱਗਿਆ ਹੈ ਕਿ ਖੁਸ਼ਹਾਲੀ ਲਈ ਸਮਾਜਿਕ ਸਹਾਇਤਾ, ਉਦਾਰਤਾ, ਸਰਕਾਰ ਦੀ ਇਮਾਨਦਾਰੀ ਬਹੁਤ ਜ਼ਰੂਰੀ ਹੈ।ਰਿਪੋਰਟ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਅਤੇ ਬਾਅਦ ਦੇ ਸਮੇਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਹੈ। ਲੋਕਾਂ ਦੀਆਂ ਭਾਵਨਾਵਾਂ ਦੀ ਤੁਲਨਾ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਗਿਆ। 18 ਦੇਸ਼ਾਂ ਵਿਚ ਚਿੰਤਾ ਅਤੇ ਉਦਾਸੀ ਦੀਆਂ ਭਾਵਨਾਵਾਂ ਵਿਚ ਭਾਰੀ ਉਛਾਲ ਆਇਆ ਹੈ। ਜਦਕਿ ਗੁੱਸੇ ਦੀਆਂ ਭਾਵਨਾਵਾਂ ਵਿਚ ਗਿਰਾਵਟ ਆਈ ਹੈ।