ਚੰਡੀਗੜ੍ਹ, 20 ਮਾਰਚ, 2022:ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੱਲੋਂ ਦਰਜ ਕੀਤੇ ਗਏ ‘ਡਰੱਗ ਕੇਸ’ ਦੀ ਜਾਂਚ ਕਰ ਰਹੀ ਏ.ਆਈ.ਜੀ. ਬਲਰਾਜ ਸਿੰਘ ਦੀ ਅਗਵਾਈ ਵਾਲੀ ਐਸ.ਆਈ.ਟੀ. ਦੀ ਜਗ੍ਹਾ ਹੁਣ ਨਵੀਂ ਐਸ.ਆਈ.ਟੀ.ਗਠਿਤ ਕਰ ਦਿੱਤੀ ਗਈ ਹੈ।

ਪਤਾ ਲੱਗਾ ਹੈ ਕਿ ਨਵੀਂ ਟੀਮ ਦਾ ਗਠਨ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਪ੍ਰਵਾਨਗੀ ਨਾਲ ਕੀਤਾ ਗਿਆ ਹੈ।

ਮਜੀਠੀਆ ਕੇਸ ਵਿੱਚ ਜਾਂਚ ਹੁਣ ਏ.ਆਈ.ਜੀ. ਸ: ਗੁਰਸ਼ਰਨ ਸਿੰਘ ਸੰਧੂ ਦੀ ਅਗਵਾਈ ਵਾਲੀ ਐਸ.ਆਈ.ਟੀ. ਕਰੇਗੀ। ਇਸ ਟੀਮ ਵਿੱਚ ਏ.ਆਈ.ਜੀ. ਸ੍ਰੀ ਐਸ. ਰਾਹੁਲ, ਏ.ਐਸ.ਆਈ. ਸ: ਰਣਜੀਤ ਸਿੰਘ ਢਿੱਲੋਂ ਤੋਂ ਇਲਾਵਾ ਡੀ.ਐਸ.ਪੀ. ਸ:ਰਘਬੀਰ ਸਿੰਘ ਅਤੇ ਡੀ.ਐਸ.ਪੀ. ਸ: ਅਮਰਪ੍ਰੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸ: ਬਲਰਾਜ ਸਿੰਘ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਐਸ.ਆਈ.ਟੀ. ’ਤੇ ਸ: ਚੰਨੀ ਦੀ ਸਰਕਾਰ ਦੌਰਾਨ ਕਈ ਤਰ੍ਹਾਂ ਦੇ ਸਵਾਲ ਉੱਠੇ ਸਨ। ਇਕ ਤਾਂ ਸੀ ਏ.ਆਈ.ਜੀ. ਸ: ਬਲਰਾਜ ਸਿੰਘ ਦੇ ਬੇਟੇ ਪ੍ਰਿੰਸਪ੍ਰੀਤ ਸਿੰਘ ਦੀ ਸਬ-ਇੰਸਪੈਕਟਰ ਤੋਂ ਇੰਸਪੈਕਟਰ ਵਜੋਂ ਤਰੱਕੀ।

ਦੂਜੇ ਇਹ ਵੀ ਚਰਚਾ ਰਹੀ ਕਿ ਸ: ਬਲਰਾਜ ਸਿੰਘ ਦੀ ਅਗਵਾਈ ਵਾਲੀ ਐਸ.ਆਈ.ਟੀ. ਨੇ ਰਾਜਸੀ ਦ੍ਰਿਸ਼ ਨੂੰ ਵੇਖ਼ਦਿਆਂ ਅਤੇ ਅਕਾਲੀ ਦਲ ਦੇ ਮੁੜ ਸੱਤਾ ਵਿੱਚ ਆਉਣ ਦੀਆਂ ‘ਸੰਭਾਵਨਾਵਾਂ’ ਦੇ ਚੱਲਦਿਆਂ ਸ: ਮਜੀਠੀਆ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਚੋਣਾਂ ਤੋਂ ਬਾਅਦ 23 ਫ਼ਰਵਰੀ ਨੂੰ ਅਦਾਲਤ ਵਿੱਚ ‘ਸਰੰਡਰ’ ਕੀਤੇ ਜਾਣ ਮੌਕੇ ਉਨ੍ਹਾਂ ਦੇ ਪੁਲਿਸ ਰਿਮਾਂਡ ਦੀ ਮੰਗ ਨਹੀਂ ਕੀਤੀ ਸੀ।

ਯਾਦ ਰਹੇ ਕਿ ਸ:ਮਜੀਠੀਆ 23 ਫ਼ਰਵਰੀ ਨੂੰ ਅਦਾਲਤ ਵਿੱਚ ਆਤਮ ਸਮਰਪਣ ਕੀਤੇ ਜਾਣ ਤੋਂ ਬਾਅਦ ਅਜੇ ਤਾਂਈਂ ਪਟਿਆਲਾ ਜੇਲ੍ਹ ਵਿੱਚ ਹਨ।