ਆਮ ਆਦਮੀ ਪਾਰਟੀ ਦੇ ਸਮਰਥਕਾਂ ਨਾਲ ਸਾਰਥਿਕ ਬਹਿਸ ਕੀਤੀ ਜਾ ਸਕਦੀ ਹੈ, ਪੁਰਾਣੇ ਵਾਅਦੇ ਤੇ ਕਹੀਆਂ ਗੱਲਾਂ ਦਿਖਾ ਕੇ ਸਵਾਲ ਕੀਤੇ ਜਾ ਸਕਦੇ ਹਨ, ਸਿਆਣੇ ਸਮਰਥਕਾਂ ਨੂੰ ਕਿਹਾ ਜਾ ਸਕਦਾ ਕਿ ਉਹ ਆਪਣੇ ਆਗੂਆਂ ਨੂੰ ਜਵਾਬਦੇਹ ਬਣਾਉਣ ਪਰ ਉਨ੍ਹਾਂ ਨੂੰ ਜ਼ਲੀਲ ਜਾਂ ਬੇਇੱਜ਼ਤ ਕਰਨਾ ਕਿਸੇ ਵੀ ਤਰਾਂ ਜਾਇਜ਼ ਨਹੀਂ। ਇਹ ਸਵਾਲ ਚੋਣਾਂ ਤੋਂ ਪਹਿਲਾਂ ਵੀ ਕੀਤੇ, ਅਪੀਲਾਂ ਵੀ ਕੀਤੀਆਂ ਤੇ ਚੋਣਾਂ ਤੋਂ ਬਾਅਦ ਵੀ। ਅਗਾਂਹ ਵੀ ਇਹ ਸਿਲਸਿਲਾ ਜਾਰੀ ਰਹਿਣਾ। ਅਸੀਂ ਪੰਜਾਬੀ ਪੰਜਾਬ ਦੀ ਮਜ਼ਬੂਤੀ ਲਈ ਕੰਮ ਕਰੀਏ ਤੇ ਪੰਜਾਬ ‘ਚ ਸੱਤਾਧਾਰੀ ਪੰਜਾਬੀਆਂ ਨੂੰ ਪੰਜਾਬ ਵਾਲੀ ਲਾਈਨ ‘ਤੇ ਖੜ੍ਹ ਕੇ ਪੰਜਾਬ ਹਿਤੂ ਫੈਸਲੇ ਲਈ ਮਜਬੂਰ ਕਰਦੇ ਰਹੀਏ। ਪੱਕੇ ਪਾੜ ਪਾਉਣ ਤੋਂ ਗੁਰੇਜ਼ ਕਰੀਏ। ਅਸੀਂ ਪਹਿਲਾਂ ਹੀ ਬਹੁਤ ਬੁਰੀ ਤਰਾਂ ਵੰਡੇ ਹੋਏ ਹਾਂ।ਲੜਾਈ ਦਿੱਲੀ ਨਾਲ ਹੈ, ਦਿੱਲੀ ਦੀ ਬਦਨੀਅਤੀ ਨਾਲ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਫ਼ੈਸਲੇ ਲੈਣ ਦੇ ਸਾਰੇ ਹੱਕ ਬਾਦਲਾਂ ਜਾਂ ਸੋਨੀਆ ਨੂੰ ਦੇਣ ਤੋਂ ਦੁਖੀ ਜਨਤਾ ਨੂੰ ਸੀ ਕਿ ਕੋਈ ਬਦਲਾਅ ਆਊ ਪਰ ਬਾਦਲਾਂ ਦੇ ਸ਼ਰੋਮਣੀ ਕਮੇਟੀ ਪ੍ਰਧਾਨ ਵਾਂਗ “ਆਪ” ਨੇ ਰਾਜ ਸਭਾ ਮੈਂਬਰ ਵੀ ਲਿਫ਼ਾਫ਼ੇ ‘ਚੋਂ ਕੱਢ ਦਿੱਤੇ। ਹੁਣ ਪੰਜਾਬੀਆਂ ਨੂੰ ਕਿਸੇ ਨੇ ਨੰਬਰ ਦੇ ਕੇ ਰਿੰਗ ਮਾਰਨ ਨੂੰ ਨੀ ਕਿਹਾ ਬਈ ਦੱਸੋ ਕੌਣ ਕੌਣ ਭੇਜੀਏ?

ਆਪ ਦੇ 92 ਵਿਧਾਇਕ ਦਿੱਲੀਓਂ ਐਲਾਨੇ ਪੰਜ ਰਾਜ ਸਭਾ ਉਮੀਦਵਾਰਾਂ ਨੂੰ ਵੋਟਾਂ ਪਾਉਣਗੇ ਤਾਂ ਹੀ ਉਹ ਜਿੱਤ ਸਕਣਗੇ। ਜੇ ਇਹ ਅੜ ਜਾਣ ਤਾਂ ਕੇਜਰੀਵਾਲ ਇਨ੍ਹਾਂ ਵਿਧਾਇਕਾਂ ਸਿਰ ‘ਤੇ ਆਪਣਾ ਫੈਸਲਾ ਥੋਪ ਨਹੀਂ ਸਕਦਾ। ਤੇ ਜੇ ਇਹ ਪੰਜੇ ਰਾਜ ਸਭਾ ‘ਚ ਭੇਜੇ ਜਾਂਦੇ ਹਨ ਤਾਂ 92 ਵਿਧਾਇਕ ਵੀ ਨਾਲ ਹੀ ਕਸੂਰਵਾਰ ਹੋਣਗੇ।

ਵੋਟ ਪਾਉਣ ਤੋਂ ਪਹਿਲਾਂ ਆਪ ਦੇ 92 ਵਿਧਾਇਕ ਇਹ ਜ਼ਰੂਰ ਸੋਚਣ ਕਿ ਜਿਹੜੇ ਪੰਜ ਚਿਹਰੇ ਐਲਾਨੇ ਗਏ ਹਨ, ਇਨ੍ਹਾਂ ‘ਚੋਂ ਕਿਹੜਾ ਪੰਜਾਬ ਦੇ ਪਾਣੀਆਂ, ਹੱਕਾਂ, ਕੇਂਦਰ ਦੇ ਕਰਜੇ, ਪਰਾਲ਼ੀ ਆਦਿ ਤੋਂ ਇਲਾਵਾ ਹੋਰ ਢੁਕਵੇਂ ਮੁੱਦੇ ਚੁੱਕ ਸਕਦਾ?

ਭਗਵੰਤ ਮਾਨ ਨੂੰ ਵੀ ਸਵਾਲ ਹੈ ਕਿ ਇਨ੍ਹਾਂ ਪੰਜਾਂ ‘ਚੋਂ ਕਿਹੜਾ ਸ਼ਹੀਦ ਭਗਤ ਸਿੰਘ ਜਾਂ ਡਾ ਅੰਬੇਦਕਰ ਦੀ ਸੋਚ ਦਾ ਵਾਰਸ ਹੈ, ਜਿਨ੍ਹਾਂ ਦੀਆਂ ਉਹ ਤਸਵੀਰਾਂ ਲਵਾ ਰਿਹਾ? ਕੀ ਇਹ ਰਾਘਵ ਚੱਢਾ ਪੰਜਾਬ ਦੇ ਮਸਲੇ ਚੱਕੂ, ਜੋ ਪੰਜਾਬ ਬਾਰੇ ਅਜਿਹੇ ਵਿਚਾਰ ਰੱਖਦਾ?

ਇਸ ਫ਼ੈਸਲੇ ‘ਤੇ ਉਨ੍ਹਾਂ ਮੀਡੀਆਕਾਰਾਂ ਤੇ ਤਬਸਰਾਕਾਰਾਂ ਦੀਆਂ ਟਿੱਪਣੀਆਂ ਦੀ ਵੀ ਉਡੀਕ ਰਹੇਗੀ, ਜਿਹੜੇ ਪਹਿਲਿਆਂ ਸੱਤਾਧਾਰੀਆਂ ਨੂੰ ਅਜਿਹੇ ਲਿਫ਼ਾਫ਼ਾ ਕਲਚਰ ਤੇ ਅਯੋਗ ਨਿਯੁਕਤੀਆਂ ਦੇ ਮੁੱਦਿਆਂ ‘ਤੇ ਟੋਕਦੇ ਰਹੇ ਹਨ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ