ਭਗਤ ਸਿੰਘ ਦੇ ਜਨਮ ਦਿਨ ਬਾਰੇ ਰਾਜਾ ਵੜਿੰਗ ਦਾ ਮਾਨ ਨੂੰ ਮੋੜਵਾਂ ਜਵਾਬ-ਕੇਜਰੀਵਾਲ ਦਾ ਪੁਰਾਣਾ ਟਵੀਟ ਕੀਤਾ ਸਾਂਝਾ…

556

ਭਗਤ ਸਿੰਘ ਦੇ ਜਨਮ ਦਿਨ ਬਾਰੇ ਕਾਂਗਰਸ ਵਿਧਾਇਕ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋੜਵਾਂ ਜਵਾਬ ਦਿੱਤਾ ਹੈ। ਰਾਜਾ ਵੜਿੰਗ ਨੇ ਅਰਵਿੰਦ ਕੇਜਰੀਵਾਲ ਦਾ ਇਕ ਪੁਰਾਣਾ ਟਵੀਟ ਸਾਂਝਾ ਕਰਕੇ ਮਾਨ ਨੂੰ ਪੁੱਛਿਆ ਹੈ ਕਿ ਤੁਹਾਡੇ ਦੋਵਾਂ ਵਿਚ ਸਹੀ ਕੌਣ ਹੈ।

ਇਸ ਟਵੀਟ ਵਿਚ ਕੇਜਰੀਵਾਲ ਭਗਤ ਸਿੰਘ ਦਾ ਜਨਮ ਦਿਨ 27 ਸਤੰਬਰ ਦੱਸ ਰਹੇ ਹਨ ਜਦੋਂ ਮਾਨ ਨੇ ਅੱਜ ਵਿਧਾਨ ਸਭਾ ਵਿਚ ਸ਼ਹੀਦੇ-ਏ-ਆਜ਼ਮ ਦਾ ਜਨਮ ਦਿਨ 28 ਸਤੰਬਰ ਦੱਸਿਆ ਹੈ।

ਦੱਸ ਦਈਏ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਖੜ੍ਹੇ ਹੋ ਕੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੂੰ ਪੁੱਛ ਲਿਆ ਕਿ ਭਗਤ ਸਿੰਘ ਦਾ ਜਨਮ ਦਿਨ ਕਦੋਂ ਆਉਂਦਾ ਹੈ। ਇਸ ਉਤੇ ਰਾਜਾ ਵਡਿੰਗ ਨੇ ‘ਨਾ’ ਵਿਚ ਆਪਣਾ ਸਿਰ ਹਿਲਾਇਆ, ਉਸ ਨੂੰ ਪਤਾ ਨਹੀਂ ਸੀ।


ਮੁੱਖ ਮੰਤਰੀ ਨੇ ਤੁਰੰਤ ਕਿਹਾ ਕਿ 28 ਸਤੰਬਰ ਨੂੰ ਹੋਇਆ ਸੀ ਤੇ ਅੱਗੇ ਤੋਂ ਯਾਦ ਰੱਖਣਾ। ਅਸਲ ਵਿਚ ਰਾਜਾ ਵੜਿੰਗ ਨੇ CM ਨੂੰ ਕਿਹਾ ਸੀ ਕਿ 23 ਮਾਰਚ ਦੀ ਛੁੱਟੀ ਨਾਲ ਕੁਝ ਨਹੀਂ ਹੋਣਾ, ਸਕੂਲਾਂ ਵਿਚ ਵਿਦਿਆਰਥੀਆਂ ਨੂੰ ਭਗਤ ਸਿੰਘ ਦੇ ਜੀਵਨ ਤੋਂ ਜਾਣੂ ਕਰਵਾਇਆ ਜਾਏ।


ਹੁਣ ਰਾਜਾ ਵੜਿੰਗ ਨੇ ਕੇਜਰੀਵਾਲ ਦਾ ਪੁਰਾਣਾ ਟਵੀਟ ਸਾਂਝੇ ਕਰਦੇ ਹੋਏ ਲਿਖਿਆ ਹੈ-ਪਿਆਰੇ ਭਗਵੰਤ ਮਾਨ ਜੀ, ਅੱਧਾ ਗਿਆਨ ਬਿਨਾਂ ਗਿਆਨ ਨਾਲੋਂ ਵੱਧ ਖਤਰਨਾਕ ਹੈ… ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਨ 27 ਸਤੰਬਰ ਨੂੰ ਹੈ ਜਾਂ 28 ਨੂੰ ਹੈ, ਜਿਵੇਂ ਤੁਸੀਂ ਕਿਹਾ ਸੀ? ਕੌਣ ਸਹੀ ਹੈ? ਤੁਸੀਂ ਜਾਂ ਅਰਵਿੰਦ ਕੇਜਰੀਵਾਲ ਜੀ?