ਦਿੜ੍ਹਬਾ : 17 ਫਰਵਰੀ ਨੂੰ ਦਿੜ੍ਹਬਾ ਵਿਖੇ ਪਾਰਟੀ ਉਮੀਦਵਾਰ ਹਰਪਾਲ ਸਿੰਘ ਚੀਮਾ ਦੇ ਚੋਣ ਪ੍ਰਚਾਰ ਲਈ ਆ ਰਹੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਨੂੰ ਰੋਕਣਾ ਅਤੇ ਪੁਲਿਸ ਦੀ ਵੀਆਈਪੀ ਡਿਊਟੀ ਸਮੇਂ ਰੁਕਾਵਟ ਪਾਉਣ ਅਤੇ ਹੁੱਲੜਬਾਜ਼ੀ ਕਰਨ ਖ਼ਿਲਾਫ਼ ਦਿੜ੍ਹਬਾ ਪੁਲਿਸ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਕਰਨ ਘੁਮਾਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਦਿੜ੍ਹਬਾ ਪੁਲਿਸ ਨੇ ਪੁਲਿਸ ਚੌਂਕੀ ਇੰਚਾਰਜ ਕੌਹਰੀਆਂ ਹਰਿੰਦਰ ਸਿੰਘ ਦੇ ਬਿਆਨਾਂ ’ਤੇ 17 ਫਰਵਰੀ ਨੂੰ ਮਾਮਲਾ ਦਰਜ ਕਰ ਲਿਆ ਸੀ। ਜ਼ਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਨੇ ਕਰਨ ਘੁਮਾਣ ਦੀ ਗਿ੍ਫਤਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਰਨ ਘੁਮਾਣ ਨੂੰ ਗਿ੍ਫਤਾਰ ਕਰ ਲਿਆ ਹੈ। ਓਧਰ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੀਏਸੀ ਮੈਂਬਰ ਤੇਜਾ ਸਿੰਘ ਕਮਾਲਪੁਰ ਨੇ ਕਿਹਾ ਕਿ ਇਹ ਗ੍ਰਿਫਤਾਰੀ ਰਾਜਨੀਤੀ ਤੋਂ ਪੇ੍ਰਿਤ ਹੈ ਜਿਸ ਦੀ ਅਸੀਂ ਪੂਰਨ ਰੂਪ ਵਿੱਚ ਨਿੰਦਿਆ ਕਰਦੇ ਹਾਂ ਕਿਉਂਕਿ ਕਰਨ ਘੁਮਾਣ ਦਾ ਉਸ ਘਟਨਾ ਨਾਲ ਕੋਈ ਸਬੰਧ ਨਹੀਂ ਸੀ ਅਤੇ ਨਾ ਹੀ ਮੁਕੱਦਮੇ ਵਿਚ ਨਾਮ ਦਰਜ ਸੀ।