ਜੇਲ੍ਹ ਤੋਂ ਆਈ ਰਾਮ ਰਹੀਮ ਦੀ ਚਿੱਠੀ, ਜਾਣੋ ਆਪਣੇ ਪ੍ਰੇਮੀਆਂ ਪ੍ਰੇਮਣਾਂ ਨੂੰ ਕੀ ਦਿੱਤਾ ਸੁਨੇਹਾ…

380

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਸੁਨਾਰੀਆ ਜੇਲ੍ਹ ਤੋਂ ਡੇਰਾ ਪ੍ਰੇਮੀਆਂ ਪ੍ਰੇਮਣਾਂ ਨੂੰ ਚਿੱਠੀ ਭੇਜੀ ਹੈ। ਇਹ ਪੱਤਰ ਡੇਰਾ ਸੱਚਾ ਸੌਦਾ ਹੈੱਡਕੁਆਰਟਰ ‘ਚ ਆਯੋਜਿਤ ਨਾਮ ਚਰਚਾ ‘ਚ ਪੜ੍ਹ ਕੇ ਸੁਣਾਇਆ ਗਿਆ। ਇਸ ਦੇ ਨਾਲ ਹੀ ਇਹ ਪੱਤਰ ਡੇਰਾ ਸੱਚਾ ਸੌਦਾ ਨਾਲ ਸਬੰਧਤ ਇੰਟਰਨੈੱਟ ਸਾਈਟਾਂ ‘ਤੇ ਵੀ ਵਾਇਰਲ ਕੀਤਾ ਗਿਆ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਡੇਰਾ ਮੁਖੀ ਵੱਲੋਂ ਭੇਜੇ ਇਸ ਪੱਤਰ ਵਿੱਚ ਡੇਰਾ ਮੁਖੀ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਕਦੇ ਕਿਸੇ ਧਰਮ ਦੀ ਨਿੰਦਾ, ਬੇਅਦਬੀ ਜਾਂ ਬੁਰਾਈ ਕਰਨ ਦੀ ਕਲਪਨਾ ਵੀ ਨਹੀਂ ਕੀਤੀ। ਸਗੋਂ ਉਹ ਆਪ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਸਾਰਿਆਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੰਦੇ ਹਨ।

ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੇ ਗੁਰੂਗ੍ਰਾਮ ਆਸ਼ਰਮ ਵਿੱਚ 21 ਦਿਨ ਦੀ ਫਰਲੋ ਜ਼ਰੂਰ ਬਤੀਤ ਕੀਤੀ ਪਰ ਉਨ੍ਹਾਂ ਦਾ ਧਿਆਨ ਹਮੇਸ਼ਾ ਡੇਰਾ ਪੈਰੋਕਾਰਾਂ ’ਤੇ ਰਿਹਾ। ਉਨ੍ਹਾਂ ਨੇ ਗੁਰੂਗ੍ਰਾਮ ਵਿੱਚ ਡੇਰਾ ਪੈਰੋਕਾਰਾਂ ਵੱਲੋਂ ਚਲਾਈ ਗਈ ਸਫ਼ਾਈ ਮੁਹਿੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਲਿਖਿਆ ਕਿ ਰੂਸ ਅਤੇ ਯੂਕਰੇਨ ਵਿਚਕਾਰ ਜੋ ਜੰਗ ਚੱਲ ਰਹੀ ਹੈ, ਪ੍ਰਮਾਤਮਾ ਉਸਨੂੰ ਖਤਮ ਕਰਕੇ ਉੱਥੇ ਸ਼ਾਂਤੀ ਕਾਇਮ ਕਰੇ। ਡੇਰਾ ਮੁਖੀ ਨੇ ਪੈਰੋਕਾਰਾਂ ਨੂੰ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਸਤਿਗੁਰੂ ਅੱਗੇ ਅਰਦਾਸ ਕਰਨ ਦਾ ਸੁਨੇਹਾ ਦਿੱਤਾ।

ਡੇਰਾ ਮੁਖੀ ਨੇ ਲਿਖਿਆ ਕਿ ਸਾਡੇ ਸਾਰੇ ਸੇਵਾਦਾਰ, ਐਡਮਿਨ ਬਲਾਕ, ਜਸਮੀਤ, ਚਰਨਪ੍ਰੀਤ, ਹਨੀਪ੍ਰੀਤ, ਅਮਰਪ੍ਰੀਤ ਸਾਰੇ ਇੱਕ ਹਨ ਅਤੇ ਸਾਡੇ ਕਹਿਣ ‘ਤੇ ਚੱਲਦੇ ਹਨ। ਜਸਮੀਤ, ਚਰਨਪ੍ਰੀਤ, ਹਨੀਪ੍ਰੀਤ ਅਤੇ ਅਮਰਪ੍ਰੀਤ ਤਿੰਨੋਂ ਸਾਨੂੰ ਇਕੱਠੇ ਰੋਹਤਕ ਛੱਡਣ ਆਏ ਅਤੇ ਚਾਰੇ ਇਕੱਠੇ ਵਾਪਸ ਚਲੇ ਗਏ। ਡੇਰਾ ਮੁਖੀ ਨੇ ਲਿਖਿਆ ਹੈ ਕਿ ਉਸ ਦੇ ਪੁੱਤਰ ਜਸਮੀਤ, ਧੀਆਂ ਚਰਨਪੀਤ ਅਤੇ ਅਮਰਪ੍ਰੀਤ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਉੱਚ ਸਿੱਖਿਆ ਹਾਸਲ ਕਰਨ ਲਈ ਜਾਣਗੇ।

ਡੇਰਾ ਮੁਖੀ ਨੇ ਲਿਖਿਆ ਹੈ ਕਿ ਅਪ੍ਰੈਲ ਡੇਰੇ ਦੀ ਸਥਾਪਨਾ ਦਾ ਮਹੀਨਾ ਹੈ। ਵਕੀਲਾਂ ਨੇ ਦੱਸਿਆ ਕਿ ਸਾਧ ਸੰਗਤ ਅਪ੍ਰੈਲ ਮਹੀਨੇ ਰੋਹਤਕ ਵਿੱਚ ਸਫ਼ਾਈ ਮੁਹਿੰਮ ਚਲਾਉਣਾ ਚਾਹੁੰਦੀ ਹੈ ਤਾਂ ਡੇਰੇ ਦੇ ਪ੍ਰਧਾਨ ਅਤੇ ਜ਼ਿੰਮੇਵਾਰ ਵਿਅਕਤੀ ਤੋਂ ਇਜਾਜ਼ਤ ਲੈ ਕੇ ਇਹ ਸੇਵਾ ਕਰ ਸਕਦੇ ਹਨ।