ਬਿਹਾਰ ਦੇ CM ਨਿਤੀਸ਼ ਕੁਮਾਰ ’ਤੇ ਨੌਜਵਾਨ ਨੇ ਕੀਤਾ ਹਮਲਾ, ਕੈਮਰੇ ਵਿਚ ਕੈਦ ਹੋਈ ਘਟਨਾ

331

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ।

ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਪਟਨਾ ਦੇ ਬਖਤਿਆਰਪੁਰ ਵਿਚ ਇਕ ਪ੍ਰੋਗਰਾਮ ਦੌਰਾਨ ਇਕ ਨੌਜਵਾਨ ਨੇ ਪਿੱਛੋਂ ਆ ਕੇ ਸੀਐਮ ਨੂੰ ਮੁੱਕਾ ਮਾਰ ਦਿੱਤਾ। ਮੁੱਖ ਮੰਤਰੀ ਦੀ ਸੁਰੱਖਿਆ ‘ਚ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ ਹੈ। ਨੌਜਵਾਨ ਦੀ ਪਛਾਣ ਸ਼ੰਕਰ ਵਾਸੀ ਬਖਤਿਆਰਪੁਰ ਵਜੋਂ ਹੋਈ ਹੈ।

ਦਰਅਸਲ ਨਿਤੀਸ਼ ਕੁਮਾਰ ਅਪਣੇ ਪੁਰਾਣੇ ਲੋਕ ਸਭਾ ਹਲਕੇ ਦੇ 2 ਦਿਨਾਂ ਨਿੱਜੀ ਦੌਰੇ ‘ਤੇ ਹਨ। ਇੱਥੇ ਉਹ ਆਪਣੇ ਪੁਰਾਣੇ ਸਾਥੀਆਂ ਨੂੰ ਮਿਲ ਰਹੇ ਹਨ। ਐਤਵਾਰ ਸ਼ਾਮ ਨੂੰ ਮੁੱਖ ਮੰਤਰੀ ਬਖਤਿਆਰਪੁਰ ‘ਚ ਸ਼ੀਲਭੱਦਰ ਦੀ ਮੂਰਤੀ ‘ਤੇ ਫੁੱਲ ਮਾਲਾਵਾਂ ਚੜ੍ਹਾ ਰਹੇ ਸਨ। ਇਸ ਦੌਰਾਨ ਨੌਜਵਾਨ ਭੀੜ ‘ਚੋਂ ਨਿਕਲ ਕੇ ਸੁਰੱਖਿਆ ਗਾਰਡ ਦੇ ਸਾਹਮਣੇ ਸਟੇਜ ‘ਤੇ ਪਹੁੰਚਿਆ ਅਤੇ ਉਸ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਹਮਲਾ ਕਰ ਦਿੱਤਾ।

ਉਹਨਾਂ ਦੀ ਸੁਰੱਖਿਆ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਨੌਜਵਾਨ ਦੀ ਕੁੱਟਮਾਰ ਕਰਨੀ ਚਾਹੀ ਤਾਂ ਮੁੱਖ ਮੰਤਰੀ ਨੇ ਉਹਨਾਂ ਨੂੰ ਰੋਕ ਦਿੱਤਾ। ਫਿਲਹਾਲ ਪੁਲਿਸ ਥਾਣਾ ਬਖਤਿਆਰਪੁਰ ‘ਚ ਨੌਜਵਾਨ ਕੋਲੋਂ ਪੁੱਛਗਿੱਛ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਸੋਨੇ-ਚਾਂਦੀ ਦੀ ਦੁਕਾਨ ਹੈ। ਪਤਨੀ ਨੇ ਉ ਸਨੂੰ ਛੱਡ ਦਿੱਤਾ ਹੈ। ਇਸ ਕਾਰਨ ਵੀ ਉਹ ਪਰੇਸ਼ਾਨ ਰਹਿੰਦਾ ਹੈ।