ਹਿਮਾਚਲ ਰੋਡ ਸ਼ੋਅ: ਪੰਜਾਬ ਫੋਨ ਕਰਕੇ ਪੁੱਛ ਲਿਓ, 20 ਦਿਨਾਂ ‘ਚ ਭ੍ਰਿਸ਼ਟਾਚਾਰ ਖਤਮ ਕਰ ਦਿੱਤੈ: ਭਗਵੰਤ ਮਾਨ

385

ਹਿਮਾਚਲ ਪ੍ਰਦੇਸ਼ ਦੇ ਮੰਡੀ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੋਅ ਕੱਢਿਆ ਜਾ ਰਿਹਾ ਹੈ।

ਇਸ ਦੌਰਾਨ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਦਾਅਵਾ ਕੀਤਾ ਹੈ ਕਿ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਬਿਲਕੁਲ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਤੁਹਾਡੀਆਂ ਰਿਸ਼ਤੇਦਾਰੀਆਂ ਹੋਣਗੀਆਂ, ਫੋਨ ਕਰਕੇ ਪੁੱਛ ਲੈਣਾ ਕਿਵੇਂ 20 ਦਿਨਾਂ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਨੀਅਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਨੀਅਤ ਨਹੀਂ ਹੈ। ਇਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਅੱਗੇ ਕਰਨਾ ਹੈ। ਉਨ੍ਹਾਂ ਕਿਹਾ ਕਿ ਇਕ ਮੌਕਾ ਸਾਨੂੰ ਦਿਓ। ਇਥੇ ਵੀ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਜਾਵੇਗਾ।

ਉਧਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਜੇਕਰ ਅਸੀਂ 20 ਦਿਨਾਂ ‘ਚ ਭ੍ਰਿਸ਼ਟਾਚਾਰ ਖ਼ਤਮ ਦਿੱਤਾ ਤਾਂ ਇਨ੍ਹਾਂ ਨੇ 75 ਸਾਲਾਂ ‘ਚ ਕਿਉਂ ਨਹੀਂ ਕੀਤਾ? ਕਿਉਂਕਿ ਸਾਡੀ ਨੀਅਤ ਸਾਫ਼ ਹੈ। ਅਸੀਂ ਇਮਾਨਦਾਰ ਹਾਂ। ਪਹਿਲਾਂ ਦਿੱਲੀ ‘ਚ ਭ੍ਰਿਸ਼ਟਾਚਾਰ ਖ਼ਤਮ ਕੀਤਾ ਤੇ ਫ਼ਿਰ ਪੰਜਾਬ ‘ਚ ਹੁਣ ਇੱਥੇ ਖ਼ਤਮ ਕਰਨਾ ਹੈ।

ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਤੁਸੀਂ 30 ਸਾਲ ਕਾਂਗਰਸ ਤੇ 17 ਸਾਲ ਭਾਜਪਾ ਨੂੰ ਮੌਕਾ ਦਿੱਤਾ ਹੈ। ਹੁਣ ਇਕ ਮੌਕਾ ਸਾਨੂੰ ਦੇ ਦਿਓ, ਜੇਕਰ ਪਸੰਦ ਨਾ ਆਇਆ ਤਾਂ ਅਗਲੀ ਵਾਰ ਬਦਲ ਦੇਣਾ। ਇਕ ਮੌਕਾ ਦੇ ਦੇਵੋ, ਸਾਰੀਆਂ ਪਾਰਟੀਆਂ ਨੂੰ ਭੁੱਲ ਜਾਵੋਗੇ।

ਉਨ੍ਹਾਂ ਕਿਹਾ ਕਿ ਦਿੱਲੀ ਵਿਚੋਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਹੈ। ਹੁਣ ਪੰਜਾਬ ਵਿਚ ਵੀ ਇਸ ਦਾ ਸਫਾਇਆ ਕਰ ਦਿੱਤਾ ਹੈ। ਸਾਨੂੰ ਰਾਜਨੀਤੀ ਨਹੀਂ ਕਰਨੀ ਆਉਂਦੀ ਪਰ ਸਕੂਲ ਬਣਵਾਉਣੇ ਆਉਂਦੇ ਹਨ।

ਸਿਹਤ ਸਹੂਲਤਾਂ ਦੇਣੀਆਂ ਆਉਂਦੀਆਂ ਹਨ, ਭ੍ਰਿਸ਼ਟਾਚਾਰ ਖਤਮ ਕਰਨਾ ਆਉਂਦਾ ਹੈ।