ਕੈਨੇਡਾ ‘ਚ ਵਿਦੇਸ਼ੀ ਨਹੀਂ ਖ਼ਰੀਦ ਸਕਣਗੇ ਘਰ

1095

ਕੈਨੇਡਾ ਭਰ ‘ਚ ਬੀਤੇ ਕੁਝ ਸਮੇਂ ਤੋਂ ਜ਼ਮੀਨਾਂ, ਘਰਾਂ ਤੇ ਵਪਾਰਕ ਇਮਾਰਤਾਂ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਰਹੀਆਂ ਹਨ, ਜਿਸ ‘ਚ ਘੱਟ ਵਿਆਜ ਦਰ ਨਾਲ ਮਿਲਦੇ ਕਰਜ਼ੇ ਅਤੇ ਖੁੱਲ੍ਹੀ ਮਾਰਕਿਟ ਦਾ ਖਾਸ ਯੋਗਦਾਨ ਰਿਹਾ ਹੈ | ਤਾਜਾ ਜਾਣਕਾਰੀ ਅਨੁਸਾਰ ਕੈਨੇਡਾ ‘ਚ ਸਰਕਾਰ ਚਲਾ ਰਹੀ ਲਿਬਰਲ ਪਾਰਟੀ ਆਪਣੇ ਚੋਣ ਵਾਅਦੇ ਮੁਤਾਬਿਕ ਰਿਹਾਇਸ਼ੀ ਮਕਾਨਾਂ ਦੀ ਕੀਮਤ ਘਟਾਉਣ ਅਤੇ ਆਮ ਵਿਅਕਤੀ ਦੀ ਪਹੁੰਚ ‘ਚ ਰੱਖਣ ਲਈ ਮਾਰਕਿਟ ਸਥਿਰ ਕਰਨ ਲਈ ਯਤਨਸ਼ੀਲ ਹੈ | ਨਵੇਂ ਬਜਟ ‘ਚ ਵਿਦੇਸ਼ੀ ਨਾਗਰਿਕਾਂ ਦੇ ਮਕਾਨ ਖਰੀਦਣ ਉਪਰ ਪਾਬੰਦੀ ਲਗਾਈ ਜਾ ਰਹੀ ਹੈ | ਕੈਨੇਡਾ ‘ਚ ਪੱਕੇ ਅਤੇ ਸਥਾਈ ਅਤੇ ਅਸਥਾਈ (ਵਿਦਿਆਰਥੀ ਅਤੇ ਵਰਕ ਪਰਮਿਟ ਧਾਰਕ) ਤੌਰ ‘ਤੇ ਰਹਿੰਦੇ ਵਿਦੇਸ਼ੀ ਨਾਗਰਿਕਾਂ ਉਪਰ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ | ਪਤਾ ਲੱਗਾ ਹੈ ਕਿ ਮਕਾਨ ਖਰੀਦ ਕੇ ਅਗਾਂਹ ਵੇਚਣ ਉਪਰ ਵੀ ਸਰਕਾਰ ਨੇ ਰੋਕ ਲਗਾਈ ਹੈ ਜਿਸ ਨਾਲ ਨਵੇਂ ਬਣਦੇ ਘਰਾਂ ਨੂੰ ਕੁਝ ਲੋਕਾਂ ਵਲੋਂ ਖਰੀਦ ਕੇ ਅੱਗੇ ਵੱਧ ਕੀਮਤ ਉਪਰ ਵੇਚਣ ਦੇ ਬੇਲਗਾਮ ਹੋ ਚੁੱਕੇ ਰੁਝਾਨ ਨੂੰ ਠੱਲ੍ਹ ਪੈਣ ਦੀ ਸੰਭਾਵਨਾ ਹੈ | ਹੁਣ ਖਰੀਦਦਾਰ ਨੂੰ ਮਕਾਨ ਖਰੀਦ ਕੇ ਇਕ ਸਾਲ ਆਪਣੇ ਕੋਲ਼ ਰੱਖਣਾ ਜ਼ਰੂਰੀ ਹੋਵੇਗਾ ਅਤੇ ਇਸ ਤੋਂ ਪਹਿਲਾਂ ਸਰਕਾਰ ਨੂੰ ਭਾਰੀ ਟੈਕਸ ਅਦਾ ਕੀਤੇ ਬਿਨਾ ਅੱਗੇ ਵੇਚਣਾ ਸੰਭਵ ਨਹੀਂ ਹੋਵੇਗਾ | ਵਿੱਤ ਮੰਤਰੀ ਕਿ੍ਸਟੀਆ ਫਰੀਲੈਂਡ ਨੇ ਕਿਹਾ ਹੈ ਕਿ ਮਕਾਨ ਉਸਾਰੀ ‘ਚ ਨਿਵੇਸ਼ ਵਧਾਇਆ ਜਾ ਰਿਹਾ ਹੈ ਅਤੇ ਅਜਿਹੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਮਦਦ ਨਾਲ ਘਰਾਂ ਦੀ ਕੀਮਤ ਘੱਟ ਆਮਦਨੀ ਵਾਲੇ ਪਰਿਵਾਰਾਂ ਦੀ ਪਹੁੰਚ ‘ਚ ਰਹੇ |

ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘਰ ਖਰੀਦਣ ਵਾਲੇ ਕੁਝ ਵਿਦੇਸ਼ੀਆਂ ‘ਤੇ ਦੋ ਸਾਲ ਦੀ ਪਾਬੰਦੀ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਹਾਲਾਂਕਿ, ਵਿਦੇਸ਼ੀ ਖਰੀਦਦਾਰਾਂ ਉੁੱਪਰ ਅਸਥਾਈ ਪਾਬੰਦੀ ਦੌਰਾਨ ਕੁਝ ਲੋਕਾਂ ਨੂੰ ਇਸ ਤੋਂ ਛੋਟ ਵੀ ਮਿਲੇਗੀ।

ਇਨ੍ਹਾਂ ਵਿੱਚ ਪੱਕੇ ਨਾਗਰਿਕ (ਪਰਮਾਨੈਂਟ ਰੈਜ਼ੀਡੇਂਟਸ), ਵਿਦੇਸ਼ੀ ਵਿਦਿਆਰਥੀ ਅਤੇ ਕਰਮਚਾਰੀਆਂ ਦੇ ਨਾਲ-ਨਾਲ ਉਹ ਲੋਕ ਵੀ ਸ਼ਾਮਿਲ ਹੋਣਗੇ ਜੋ ਪਹਿਲੀ ਵਾਰ ਜਾਂ ਪਹਿਲਾ ਘਰ ਖਰੀਦ ਰਹੇ ਹਨ..ਇਹ ਪ੍ਰਸਤਾਵ ਉਸ ਸਮੇਂ ਲਿਆਂਦਾ ਗਿਆ ਹੈ ਜਦੋਂ ਕੈਨੇਡਾ ਰਿਹਾਇਸ਼ੀ ਸਮਰੱਥਾ ਦੇ ਮੁੱਦਿਆਂ ਸਬੰਧੀ ਦੁਨੀਆ ਵਿੱਚ ਸਭ ਤੋਂ ਭੈੜੀ ਸਥਿਤੀ ਨਾਲ ਜੂਝ ਰਿਹਾ ਹੈ।ਘਰਾਂ ਦੀਆਂ ਕੀਮਤਾਂ 20 ਫੀਸਦੀ ਤੋਂ ਵੀ ਵੱਧ ਗਈਆਂ ਹਨ, ਜਿਸ ਨਾਲ ਘਰ ਦੀ ਔਸਤਨ ਕੀਮਤ ਲਗਭਗ 817,000 ਕੈਨੇਡੀਅਨ ਡਾਲਰ (650,000 ਅਮਰੀਕੀ ਡਾਲਰ) ਤੱਕ ਪਹੁੰਚ ਗਈ ਹੈ, ਜੋ ਕਿ ਘਰੇਲੂ ਆਮਦਨ ਤੋਂ 9 ਗੁਣਾ ਵੱਧ ਗਈ ਹੈ।

ਪਰ ਉਦਯੋਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਪਸ਼ਟ ਨਹੀਂ ਹੈ ਕਿ ਵਿਦੇਸ਼ੀ ਖਰੀਦਦਾਰਾਂ ਉੁੱਪਰ ਪਾਬੰਦੀ ਲਗਾ ਕੇ ਇਸ ਸਮੱਸਿਆ ਦਾ ਹੱਲ ਹੋਵੇਗਾ।ਕੈਨੇਡਾ ਵਿੱਚ ਵਿਦੇਸ਼ੀ ਖਰੀਦਦਾਰਾਂ ਦੁਆਰਾ ਖਰੀਦਦਾਰੀ ਦੇ ਅੰਕੜੇ ਸੀਮਤ ਹਨ, ਪਰ ਅਧਿਐਨ ਮੁਤਾਬਕ, ਉਹ ਖਰੀਦਦਾਰਾਂ ਦਾ ਇੱਕ ਬਹੁਤ ਛੋਟਾ ਹਿੱਸਾ ਹਨ।

ਸਲਾਹਕਾਰ ਫਰਮ, ਬੁਲਪੇਨ ਰਿਸਰਚ ਐਂਡ ਕੰਸਲਟਿੰਗ ਟੋਰਾਂਟੋ ਦੇ ਪ੍ਰਧਾਨ ਬੈਨ ਮਾਇਰਸ ਨੇ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਇਸਦਾ ਬਹੁਤ ਜ਼ਿਆਦਾ ਪ੍ਰਭਾਵ ਹੋਵੇਗਾ”। ਇਸ ਫਰਮ ਨੇ ਪਾਇਆ ਹੈ ਕਿ ਵਿਦੇਸ਼ੀ ਲੋਕਾਂ ਨੇ 2020 ਵਿੱਚ ਸਿਰਫ 1% ਖਰੀਦਦਾਰੀ ਕੀਤੀ, ਜੋ ਕਿ 2015 ਅਤੇ 2016 ਵਿੱਚ 9% ਸੀ।ਉਹ ਕਹਿੰਦੇ ਹਨ, “ਇਹ ਬਹੁਤ ਛੋਟਾ ਅੰਕੜਾ ਹੈ, ਆਓ ਇਸਦਾ ਸਾਹਮਣਾ ਕਰੀਏ, ਪਰ ਜੋ ਲੋਕ ਅਸਲ ਵਿੱਚ ਖਰੀਦਣਾ ਚਾਹੁੰਦੇ ਹਨ, ਉਹ ਹੋਰ ਤਰੀਕੇ ਲੱਭ ਲੈਣਗੇ”।ਮਾਇਰਸ ਦਾ ਕਹਿਣਾ ਹੈ ਕਿ 2020 ਵਿੱਚ ਮਹਾਂਮਾਰੀ ਦੇ ਪ੍ਰਭਾਵ ਤੋਂ ਬਾਅਦ ਇਹ ਮੁੱਦੇ ਹੋਰ ਗੰਭੀਰ ਹੋ ਗਏ ਹਨ। ਹਾਲਾਂਕਿ ਕੈਨੇਡਾ ਅਤੇ ਹੋਰ ਥਾਵਾਂ ‘ਤੇ ਨੀਤੀਘਾੜਿਆਂ ਨੇ ਆਰਥਿਕਤਾ ਨੂੰ ਸਥਿਰ ਕਰਨ ਲਈ ਵਿਆਜ ਦਰਾਂ ਵਿੱਚ ਕਟੌਤੀ ਕੀਤੀ, ਲਾਗਤਾਂ ਨੂੰ ਘਟਾਇਆ ਅਤੇ ਇਸ ਤਰ੍ਹਾਂ ਮੰਗ ਨੂੰ ਹੋਰ ਵਧਾ ਦਿੱਤਾ ਹੈ।ਇਨ੍ਹਾਂ ਕਦਮਾਂ ਨੇ ਸੰਸਾਰ ਦੇ ਬਹੁਤ ਸਾਰੇ ਬਾਜ਼ਾਰਾਂ ਵਿੱਚ ਘਰਾਂ ਦੀਆਂ ਵਧਦੀਆਂ ਕੀਮਤਾਂ ਹੋਰ ਵਧਾ ਦਿੱਤੀਆਂ ਹਨ। ਓਈਸੀਡੀ (OECD) ਦੇ ਅੰਕੜਿਆਂ ਦੇ ਅਨੁਸਾਰ, ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਅਤੇ ਆਮਦਨੀ ਵਿਚਕਾਰ ਆਇਆ ਅੰਤਰ ਬੜਾ ਹੀ ਨਾਟਕੀ ਹੈ।