ਕਾਂਗਰਸ ਪ੍ਰਧਾਨ ਰਾਜਾ ਵੜਿੰਗ ਖ਼ਿਲਾਫ਼ ਬੋਲਣ ਵਾਲੇ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਨੂੰ ਪਾਰਟੀ ‘ਚੋਂ ਕੱਢਿਆ ਬਾਹਰ

905

ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਨੇ ਸਾਬਕਾ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਦਸ ਦੇਈਏ ਕਿ ਉਨ੍ਹਾਂ ਵਲੋਂ ਨਵ-ਨਿਯੁਕਤ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਨਿਯੁਕਤੀ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਬਿਆਨਬਾਜ਼ੀ ਕੀਤੀ ਗਈ ਸੀ।

ਕਾਂਗਰਸ ਪ੍ਰਦੇਸ਼ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਖਿਲਾਫ ਬੋਲਣ ਵਾਲੇ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸ਼ਨੀਵਾਰ ਰਾਤ ਨੂੰ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ।

ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਸਨ।ਜਿਨ੍ਹਾਂ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ‘ਚ ਕਰਾਰੀ ਹਾਰ ਮਿਲਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ।ਜਿਸ ਤੋਂ ਬਾਅਦ ਬੀਤੀ ਰਾਤ ਹਾਈਕਮਾਨ ਵਲੋਂ ਰਾਜਾ ਵੜਿੰਗ ਨੂੰ ਪਾਰਟੀ ਪ੍ਰਧਾਨ ਬਣਾਇਆ ਗਿਆ ਹੈ।

ਜਿਸ ‘ਤੇ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਨੇ ਸਵਾਲ ਚੁੱਕੇ ਸਨ।ਸੁਰਜੀਤ ਧੀਮਾਨ ਦਾ ਕਹਿਣਾ ਸੀ ਕਿ ਪੰਜਾਬ ਕਾਂਗਰਸ ਮੁਕਤ ਹੋਣ ਜਾ ਰਿਹਾ ਹੈ।ਸੁਰਜੀਤ ਧੀਮਾਨ ਨੇ ਕਿਹਾ ਸੀ ਕਿ ਰਾਜਾ ਵੜਿੰਗ ਨੂੰ ਪੰਜਾਬ ਪ੍ਰਦੇਸ਼ ਪ੍ਰਧਾਨ ਬਣਾਉਣਾ ਕਾਂਗਰਸ ਦੇ ਰਾਸ ਨਹੀਂ ਆਵੇਗਾ।ਉਹ ਅਨਾੜੀ ਬੰਦਾ ਹੈ।ਰਾਜਾ ਵੜਿੰਗ ‘ਚ ਕਾਬਲੀਅਤ ਨਹੀਂ ਕਿ ਉਹ ਪੰਜਾਬ ਕਾਂਗਰਸ ਨੂੰ ਇਕੱਠੀ ਕਰ ਕੇ ਚਲਾ ਸਕੇ।ਇਸ ਲਈ ਪਾਰਟੀ ਵਲੋਂ ਉਨ੍ਹਾਂ ‘ਤੇ ਇਹ ਐਕਸ਼ਨ ਲਿਆ ਗਿਆ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਵਿੱਚ ਲਗਾਤਾਰ ਚੱਲ ਰਹੀ ਸਿਆਸੀ ਖਿੱਚੋਤਾਣ ਨੂੰ ਦਰਕਿਨਾਰ ਕਰਦਿਆਂ ਕਾਂਗਰਸ ਹਾਈਕਮਾਨ ਨੇ ਦੇਰ ਰਾਤ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨ ਦਿੱਤਾ ਹੈ ਜਦਕਿ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਪੰਜਾਬ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਹੈ। ਇਸ ਗੱਲ ਦਾ ਐਲਾਨ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਦੇਰ ਰਾਤ ਪੱਤਰ ਜਾਰੀ ਕਰਕੇ ਕੀਤਾ ਹੈ। ਕਾਂਗਰਸ ਹਾਈਕਮਾਨ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਪੰਜਾਬ ਵਿਧਾਨ ਸਭਾ ’ਚ ਕਾਂਗਰਸ ਦਲ ਦੇ ਨੇਤਾ ਵਜੋਂ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਨਾਮ ’ਤੇ ਮੋਹਰ ਲਗਾ ਦਿੱਤੀ ਹੈ।ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੂੰ ਉੱਪ ਨੇਤਾ ਬਣਾਇਆ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਬਜ਼ ਕਾਂਗਰਸ ਪਾਰਟੀ ਦੀ ਹਾਰ ਤੋਂ ਬਾਅਦ ਪਾਰਟੀ ਅੰਦਰ ਕਸ਼ਮਕਸ਼ ਚੱਲ ਰਹੀ ਸੀ। ਇੰਨਾ ਹੀ ਨਹੀਂ 7 ਅਪਰੈਲ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਮਹਿੰਗਾਈ ਖ਼ਿਲਾਫ਼ ਚੰਡੀਗੜ੍ਹ ਵਿੱਚ ਦਿੱਤੇ ਜਾ ਰਹੇ ਧਰਨੇ ਵਿੱਚ ਵੀ ਇਹ ਫੁੱਟ ਜਗ-ਜ਼ਾਹਿਰ ਹੋ ਗਈ ਸੀ ਜਦੋਂ ਪਾਰਟੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਬਰਿੰਦਰ ਸਿੰਘ ਢਿੱਲੋਂ ਆਪਸ ਵਿੱਚ ਭਿੜ ਗਏ ਸਨ। ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾਂ ਯੂਥ ਕਾਂਗਰਸ ਲਈ ਵੀ ਲੰਬਾ ਸਮਾਂ ਕੰਮ ਕਰ ਚੁੱਕੇ ਹਨ। ਉਹ ਤਿੰਨ ਵਾਰ ਵਿਧਾਇਕ ਤੇ ਪਿਛਲੀ ਸਰਕਾਰ ’ਚ ਟਰਾਂਸਪੋਰਟ ਮੰਤਰੀ ਰਹੇ ਹਨ।