ਤੌਖਲਾ ਤਾਂ ਪਹਿਲਾਂ ਹੀ ਸੀ ਕਿ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਠਪੁਤਲੀ ਵਾਂਗ ਨਚਾਉਣਾ, ਜਿਵੇਂ ਇੰਦਰਾ ਗਾਂਧੀ ਦਰਬਾਰਾ ਸੂੰਹ ਤੇ ਜ਼ੈਲ ਸੂੰਹ ਨੂੰ ਪੰਜਾਬ ਦੇ ਹਿਤਾਂ ਉਲਟ ਨਚਾਉਂਦੀ ਹੁੰਦੀ ਸੀ। ਪਰ ਫਿਰ ਵੀ ਭਗਵੰਤ ਮਾਨ ਦੇ ਸਮਰਥਕ ਅੜੀ ਕਰਦੇ ਸਨ ਕਿ ਉਡੀਕ ਕਰੋ, ਭਗਵੰਤ ਨੇ ਕੇਜਰੀਵਾਲ ਦੀ ਲੱਤ ਹੇਠੋਂ ਨਹੀਂ ਲੰਘਣਾ। ਪਰ ਕੇਜਰੀਵਾਲ ਨੇ ਮਹੀਨੇ ਨੀ ਪੈਣ ਦਿੱਤੇ, ਹਫ਼ਤਿਆਂ ‘ਚ ਹੀ “ਦਬਦਾ ਕਿੱਥੇ ਐ” ਵਾਲਾ ਦਬਾ ਲਿਆ।

ਹੱਦ ਹੋ ਗਈ, ਹੁਣ ਤਾਂ ਕੇਜਰੀਵਾਲ ਪੰਜਾਬ ਦੇ ਆਹਲਾ ਅਫਸਰਾਂ ਨਾਲ ਭਗਵੰਤ ਮਾਨ ਦੀ ਗੈਰਹਾਜ਼ਰੀ ‘ਚ ਮੁਲਾਕਾਤਾਂ ਵੀ ਕਰਨ ਲੱਗ ਪਿਆ। ਕੋਈ ਆਪ ਸਮਰਥਕ ਪੁੱਛ ਨਹੀਂ ਰਿਹਾ ਕਿ ਕਿਹੜੀ ਹੈਸੀਅਤ ‘ਚ ਕੇਜਰੀਵਾਲ ਇਹ ਕਰ ਰਿਹਾ।

ਉੱਧਰੋਂ ਪੰਜਾਬ ਦੇ ਮੰਤਰੀ ਤਾਂ ਮੁੱਖ ਮੰਤਰੀ ਹੀ ਕੇਜਰੀਵਾਲ ਨੂੰ ਦੱਸਣ ਲੱਗ ਪਏ ਹਨ। ਲੋਕਾਂ ਵਲੋੰ ਹਾਲ ਹੀ ਵਿੱਚ ਨਕਾਰੇ ਇੱਕ ਡੰਗਰ ਗਾਉਣ ਵਾਲੇ ਬਾਰੇ ਆਪ ਦੇ ਵਿਧਾਇਕ, ਸਮਰਥਕ ਤੇ ਆਈਟੀ ਵਿੰਗ ਵਾਲੇ ਅੱਜ ਇੱਦਾਂ ਸਵਾਲ ਕਰ ਰਹੇ ਹਨ, ਇੰਝ ਪ੍ਰੈਸ ਕਾਨਫਰੰਸ ਕੀਤੀ ਗਈ ਜਿਵੇਂ ਗੀਤ ਕੋਈ ਵੱਡਾ ਮੁੱਦਾ ਹੋਵੇ ਤੇ ਕੇਜਰੀਵਾਲ ਵੱਲੋਂ ਪਾਈ ਜਾ ਰਹੀ ਕਾਠੀ ਛੋਟਾ ਮੁੱਦਾ। ਗੀਤ ਦਾ ਜਵਾਬ ਤਾਂ ਬਥੇਰਿਆਂ ਨੇ ਦੇਣਾ, ਤੁਹਾਡੇ “ਦਬਣ” ਬਾਰੇ ਜਵਾਬ ਕੌਣ ਦੇਊ?

ਭਗਵੰਤ ਮਾਨ ਸਮਾਂ ਮੰਗ ਰਿਹਾ। ਮਾਨਾ ਸਮਾਂ ਲੈ ਕੇ ਲਸ਼ਮਣ ਸਿੰਘ ਗਿੱਲ ਬਣ, ਦਰਬਾਰਾ ਸੂੰਹ ਜਾਂ ਜ਼ੈਲ ਸੂੰਹ ਨਾ ਬਣ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ